ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਨਹੀਂ: ਜੌੜਾਮਾਜਰਾ
ਸਮਾਣਾ, 30 ਮਈ
ਇੱਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਜੂਮਾਜਰਾ ਵਿੱਚ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ ਨੇ ਚਾਰਦੀਵਾਰੀ ਅਤੇ ਕਿਚਨ ਸ਼ੈੱਡ ਦਾ ਉਦਘਾਟਨ ਕੀਤਾ। ਪ੍ਰਿੰਸੀਪਲ ਦਿਆਲ ਸਿੰਘ, ਗੁਰਪਿੰਦਰ ਕੌਰ, ਸੰਜੀਵ ਕੁਮਾਰ ਗੁਪਤਾ, ਸੁਖਰਾਜ ਕੁਮਾਰ ਲੱਕੀ, ਹਰਵਿੰਦਰ ਸਿੰਘ, ਜਸਵਿੰਦਰ ਕੌਰ ਤੇ ਜਸਵਿੰਦਰ ਸਿੰਘ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਦੇ ਸਰਕਾਰੀ ਸਕੂਲਾਂ ਅੰਦਰ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਹੈ। ਸਕੂਲਾਂ ਅੰਦਰ ਬੁਨਿਆਦੀ ਢਾਂਚੇ ਸਮੇਤ ਪੂਰੀ ਗਿਣਤੀ ਵਿੱਚ ਅਧਿਆਪਕ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਵਿੱਚ ਸੁਧਾਰ ਕਰਨ ਨੂੰ ਵਿਸ਼ੇਸ਼ ਤਰਜੀਹ ਦੇ ਰਹੀ ਹੈ, ਇਸ ਦੇ ਤਹਿਤ ਸੂਬੇ ਭਰ ਚ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਆਰੰਭੀ ਗਈ ਹੈ। ਇਸ ਮੌਕੇ ਬਲਾਕ ਨੋਡਲ ਅਫ਼ਸਰ ਭੁਪਿੰਦਰ ਸਿੰਘ, ਸੁਖਵਿੰਦਰ ਸਿੰਘ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ, ਵਾਈਸ ਚੇਅਰਮੈਨ ਗੁਰਮੀਤ ਸਿੰਘ, ਗੱਜੂਮਾਜਰਾ ਦੇ ਸਰਪੰਚ ਸਤਨਾਮ ਸਿੰਘ, ਸਦਰਪੁਰ ਦੇ ਸਰਪੰਚ ਗੁਰ ਧਿਆਨ ਸਿੰਘ ਤੇ ਰਾਜਗੜ੍ਹ ਦੇ ਸਰਪੰਚ ਬਲਕਾਰ ਸਿੰਘ ਆਦਿ ਹਾਜ਼ਰ ਸਨ।