ਸਕੂਲਾਂ ’ਚ ਵਿਕਾਸ ਕਾਰਜਾਂ ਦੇ ਉਦਘਾਟਨ
ਪੱਤਰ ਪ੍ਰੇਰਕ
ਚੇਤਨਪੁਰਾ, 21 ਮਈ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਦੇ ਹੁੱਣ ਤੱਕ ਦੇ ਇਤਿਹਾਸ ’ਚ ਪਹਿਲੀ ਵਾਰ ਸਿੱਖਿਆ ਬਜਟ ਵਿੱਚ 12 ਫ਼ੀਸਦੀ ਵਾਧਾ ਕਰ ਕੇ ਸਿੱਖਿਆ ਕ੍ਰਾਂਤੀ ਨਾਲ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਇਨਕਲਾਬ ਲਿਆ ਕੇ ਨਵਾਂ ਇਤਿਹਾਸ ਸਿਰਜਿਆ ਹੈ। ਸ੍ਰੀ ਧਾਲੀਵਾਲ ਵੱਲੋਂ ਸਰਕਾਰੀ ਸਕੂਲ ਕਿਆਮਪੁਰ ਦੇ ਸੀਨੀਅਰ ਸੈਕੰਡਰੀ ਤੇ ਪ੍ਰਾਇਮਰੀ ਸਕੂਲ ਵਿੱਚ 57 ਲੱਖ ਰੁਪਏ, ਸਕੂਲ ਗੁਰੂ ਕਾ ਬਾਗ਼ ਵਿੱਚ 21.26 ਲੱਖ ਰੁਪਏ, ਪਿੰਡ ਭੋਏਵਾਲੀ ਦੇ ਮਿਡਲ ਸਕੂਲ ਵਿੱਚ 4.15 ਲੱਖ ਰੁਪਏ ਤੇ ਪਿੰਡ ਤੇੜੀ ਦੇ ਪ੍ਰਾਇਮਰੀ ਸਕੂਲ ਵਿੱਚ 4 ਲੱਖ ਰੁਪਏ ਤੇ ਆਪਣੇ ਜੱਦੀ ਪਿੰਡ ਜਗਦੇਵ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 31 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਅਧਿਆਪਕਾਂ ਦੀ ਮਿਹਨਤ ਸਦਕਾ ਵਿਦਿਆਰਥੀਆਂ ਵੱਲੋਂ ਪੜ੍ਹਾਈ ’ਚੋਂ ਸ਼ਾਨਦਾਰ ਨਤੀਜੇ ਹਾਸਲ ਕਰਨ ਦੀ ਪ੍ਰਸ਼ੰਸਾ ਕੀਤੀ।
ਕੈਬਨਿਟ ਮੰਤਰੀ ਸ੍ਰੀ ਧਾਲੀਵਾਲ ਨੇ ਸਕੂਲਾਂ ਦੇ ਨਵ-ਨਿਰਮਾਣ ਕਾਰਜਾਂ ਸਣੇ ਵਿਦਿਆਰਥੀਆਂ ਵੱਲੋਂ ਤਿਆਰ ਗਣਿਤ ਤੇ ਵਿਗਿਆਨ ਪ੍ਰਦਰਸ਼ਨੀਆਂ ਦਾ ਨਿਰੀਖਣ ਕੀਤਾ। ਇਸ ਮੌਕੇ ਸਰਪੰਚ ਸੁਬੇਗ ਸਿੰਘ ਗਿੱਲ, ਪ੍ਰਿੰਸੀਪਲ ਰਜਿੰਦਰ ਕੌਰ, ਬਲਤੇਜ ਸਿੰਘ, ਪਰਮਜੀਤ ਕੌਰ, ਚੰਦਰ ਮੋਹਨ ਗੁਪਤਾ ਤੇ ਗੁਰਵਿੰਦਰ ਸਿੰਘ ਮੌਜੂਦ ਸਨ।
ਚੇਅਰਮੈਨ ਵੱਲੋਂ ਵਿਕਾਸ ਕਾਰਜਾਂ ਦਾ ਉਦਘਾਟਨ
ਧਾਰੀਵਾਲ: ‘ਪੰਜਾਬ ਸਿੱਖਿਆ ਕ੍ਰਾਂਤੀ’ ਮੁਹਿੰਮ ਤਹਿਤ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਤੇ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਪਸਨਾਵਾਲ ਵਿੱਚ 17 ਲੱਖ 50 ਹਜ਼ਾਰ ਰੁਪਏ ਨਾਲ ਕਰਵਾਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਬੀਪੀਈਓ ਬਲਵਿੰਦਰ ਸਿੰਘ ਗਿੱਲ ਦੀ ਅਗਵਾਈ ਵਿੱਚ ਸੀਐੱਚਟੀ ਅਸ਼ਵਨੀ ਫੱਜੂਪੁਰ ਦੇ ਪ੍ਰਬੰਧਾਂ ਹੇਠ ਕਰਵਾਏ ਸਮਾਗਮ ਦੌਰਾਨ ਸ੍ਰੀ ਸੇਖਵਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ‘ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਸਰਕਾਰੀ ਸਕੂਲਾਂ ਵਿੱਚ ਮਿਸਾਲੀ ਕਾਰਜ ਕਰਵਾਏ ਗਏ ਹਨ। ਇਸ ਮੌਕੇ ਬੀਪੀਈਓ ਬਲਵਿੰਦਰ ਸਿੰਘ ਗਿੱਲ, ਮੁੱਖ ਅਧਿਆਪਕ ਗੁਰਮਿੰਦਰ ਸਿੰਘ ਧਾਲੀਵਾਲ, ਸੁਭਾਸ਼ ਚੰਦਰ, ਰਜਿੰਦਰਜੀਤ ਸਿੰਘ, ਗੁਰਵਿੰਦਰ ਸਿੰਘ ਸੈਣੀ (ਸਾਰੇ ਸੀਐੱਚਟੀ) ਸਮੇਤ ਸਟਾਫ਼ ਤੇ ਸਾਬਕਾ ਸਰਪੰਚ ਗੁਰਨਾਮ ਸਿੰਘ ਰੰਧਾਵਾ, ਸਰਪੰਚ ਸਤਿੰਦਰ ਕੌਰ ਪਸਨਾਵਾਲ ਹਾਜ਼ਰ ਸਨ। -ਪੱਤਰ ਪ੍ਰੇਰਕAdvertisementਕਟਾਰੂਚੱਕ ਵੱਲੋਂ ਵਿਕਾਸ ਕਾਰਜ ਸਮਰਪਿਤ
ਪਠਾਨਕੋਟ (ਐੱਨ ਪੀ ਧਵਨ): ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਭੋਆ ਹਲਕੇ ਦੇ 3 ਸਰਕਾਰੀ ਸਕੂਲਾਂ ਵਿੱਚ 17.66 ਲੱਖ ਰੁਪਏ ਦੇ ਵਿਕਾਸ ਦੇ ਕੰਮਾਂ ਦੇ ਉਦਘਾਟਨ ਕੀਤੇ ਅਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਸਿੱਧੀ ਗੱਲ ਕਰਕੇ ਬੁਨਿਆਦੀ ਸਹੂਲਤਾਂ ਬਾਰੇ ਫੀਡਬੈਕ ਲਈ। ਇਨ੍ਹਾਂ ਸਕੂਲਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਸੈਦੀਪੁਰ, ਸਰਕਾਰੀ ਪ੍ਰਾਇਮਰੀ ਸਕੂਲ (ਕੰਨਿਆ) ਬੇਗੋਵਾਲ ਅਤੇ ਸ਼ਹੀਦ ਸਿਪਾਹੀ ਸੁਨੀਲ ਕੁਮਾਰ ਮੈਮੋਰੀਅਲ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਬੇਗੋਵਾਲ ਸ਼ਾਮਲ ਸਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ ਨਰੇਸ਼ ਕੁਮਾਰ ਸੈਣੀ, ਬਲਾਕ ਪ੍ਰਧਾਨ ਸੰਦੀਪ ਕੁਮਾਰ, ਡੀਈਓ ਪ੍ਰਾਇਮਰੀ ਕਮਲਜੀਤ ਕੌਰ, ਡੀਈਓ ਸੈਕੰਡਰੀ ਰਾਜੇਸ਼ ਮਹਾਜਨ, ਪਿਆਰੀ ਦੇਵੀ, ਪ੍ਰਿੰਸੀਪਲ ਰਾਜ ਕੁਮਾਰ ਗੁਪਤਾ ਤੇ ਮੀਡੀਆ ਕੋ-ਆਰਡੀਨੇਟਰ ਬਲਕਾਰ ਅੱਤਰੀ ਹਾਜ਼ਰ ਸਨ।