ਵੱੱਖ-ਵੱਖ ਸੜਕ ਹਾਦਸਿਆਂ ’ਚ ਤਿੰਨ ਹਲਾਕ
ਖੇਤਰੀ ਪ੍ਰਤੀਨਿਧ
ਘਨੌਰ, 15 ਮਈ
ਪਟਿਆਲਾ ਜ਼ਿਲ੍ਹੇ ਦੇ ਥਾਣਾ ਘਨੌਰ ਦੇ ਖੇਤਰ ’ਚ ਵਾਪਰੇ ਤਿੰਨ ਵੱਖ ਵੱਖ ਸੜਕ ਹਾਦਸਿਆਂ ’ਚ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚੋਂ ਇੱਕ ਹਾਦਸਾ ਘਨੌਰ ਦੇ ਕੋਲ ਹੀ ਵਾਪਰਿਆ ਜਿਸ ਦੌਰਾਨ ਬਿਨਾਂ ਪਾਰਕਿੰਗ ਲਾਈਟਾਂ ਤੋਂ ਖੜ੍ਹੇ ਇੱਕ ਟਰਾਲੇ ’ਚ ਵੱਜਣ ਕਾਰਨ ਮੋਟਰਸਾਈਕਲ ਸਵਾਰ ਦਵਿੰਦਰ ਸਿੰਘ ਵਾਸੀ ਘਨੌਰ ਦੀ ਮੌਤ ਹੋ ਗਈ ਜਿਸ ਨੂੰ ਲੈ ਕੇ ਸੁਰੇਸ਼ ਕੁਮਾਰ ਦੀ ਸ਼ਿਕਾਇਤ ’ਤੇ ਥਾਣਾ ਘਨੌਰ ਵਿੱਚ ਅਣਪਛਾਤੇ ਟਰਾਲਾ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇੱਕ ਹੋਰ ਹਾਦਸੇ ਨੇ ਘਨੌਰ ਇਲਾਕੇ ਦੇ ਹੀ ਮੋਹਨ ਲਾਲ ਦੀ ਜਾਨ ਲੈ ਲਈ। ਉਹ ਜਦੋਂ ਮੋਟਰਸਾਈਕਲ ਰਾਹੀਂ ਜਾ ਰਿਹਾ ਸੀ ਤਾਂ ਘਨੌਰ-ਸ਼ੰਭੂ ਰੋਡ ’ਤੇ ਸਥਿਤ ਪਿੰਡ ਕਾਮੀ ਕਲਾਂ ਪਾਸ ਟਰਾਲੇ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਅਜਿਹੀ ਸ਼ਿਕਾਇਤ ਮ੍ਰਿਤਕ ਦੇ ਭਰਾ ਮਨੀਸ਼ ਕੁਮਾਰ ਪੁੱਤਰ ਰਾਮ ਕੁਮਾਰ ਵਾਸੀ ਉਲਾਣਾ ਵੱਲੋਂ ਦਰਜ ਕਰਵਾਈ ਗਈ ਹੈ। ਟਰਾਲਾ ਚਾਲਕ ਗੁਰਦੀਪ ਸਿੰਘ ਵਾਸੀ ਰਾਜਸਥਾਨ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਦੂਜੇ ਪਾਸੇ, ਇੱਕ ਮੋਟਰਸਾਈਕਲ ਦੀ ਟੱਕਰ ਵੱਜਣ ਕਾਰਨ ਸਕੂਟਰੀ ਪਰ ਸਵਾਰ ਵਿਅਕਤੀ ਦੀ ਮੌਤ ਹੋ ਗਈ ਜਿਸ ਦੀ ਪਹਿਚਾਣ ਅਸ਼ੋਕ ਕੁਮਾਰ ਵਜੋਂ ਹੋਈ ਹੈ। ਮ੍ਰਿਤਕ ਦੇ ਲੜਕੇ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ’ਚ ਦੱਸਿਆ ਗਿਆ ਕਿ ਇਹ ਹਾਦਸਾ ਘਨੌਰ ਦੇ ਇੱਕ ਬਾਜ਼ਾਰ ’ਚ ਵਾਪਰਿਆ। ਸੰਪਰਕ ਕਰਨ ’ਤੇ ਥਾਣਾ ਘਨੌਰ ਦੇ ਐੱਸਐੱਚਓ ਸਾਹਿਬ ਸਿੰਘ ਵਿਰਕ ਨੇ ਦੱਸਿਆ ਕਿ ਇਸ ਸਬੰਧੀ ਮ੍ਰਿਤਕ ਦੇ ਲੜਕੇ ਦੀ ਸ਼ਿਕਾਇਤ ਦੇ ਤਹਿਤ ਮੋਟਰਸਾਈਕਲ ਚਾਲਕ ਬੰਟੀ ਵਾਸੀ ਸੀਲ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ਰੂ ਕਰ ਦਿੱਤੀ ਗਈ ਹੈ।
ਸੜਕ ਹਾਦਸੇ ’ਚ ਦੋ ਸਕੇ ਭਰਾ ਗੰਭੀਰ ਜ਼ਖ਼ਮੀ
ਸਮਾਣਾ (ਸੁਭਾਸ਼ ਚੰਦਰ): ਇੱਥੇ ਸਮਾਣਾ-ਪਾਤੜਾਂ ਸੜਕ ’ਤੇ ਕੋਰਟ ਕੰਪਲੈਕਸ ਨੇੜੇ ਇੱਕ ਟਰੈਕਟਰ-ਟਰਾਲੀ ਵੱਲੋਂ ਕਾਰ ਨੂੰ ਮਾਰੀ ਟੱਕਰ ’ਚ ਕਾਰ ਸਵਾਰ ਦੋਵੇਂ ਭਰਾ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਪਟਿਆਲਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਸ ਹਾਦਸੇ ’ਚ ਕਾਰ ਦੇ ਪਰਖਚੇ ਉਡ ਗਏ ਜਦੋਂਕਿ ਟਰੈਕਟਰ ਚਾਲਕ ਵਾਹਨ ਛੱਡ ਕੇ ਫ਼ਰਾਰ ਹੋ ਗਿਆ। ਜਾਂਚ ਅਧਿਕਾਰੀ ਸਿਟੀ ਪੁਲੀਸ ਦੀ ਏ.ਐੱਸ.ਆਈ. ਧਰਮਿੰਦਰ ਸਿੰਘ ਨੇ ਦੱਸਿਆ ਕਿ ਨਵੀਨ ਗਰਗ ਨਿਵਾਸੀ ਨਰਵਾਣਾ ਰੋਡ ਪਾਤੜਾਂ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ 12 ਮਈ ਦੁਪਹਿਰ ਬਾਅਦ ਉਹ ਆਪਣੇ ਭਰਾ ਦਿਨੇਸ਼ ਕੁਮਾਰ ਦੇ ਨਾਲ ਕਾਰ ਰਾਹੀਂ ਪਾਤੜਾਂ ਤੋਂ ਪਟਿਆਲਾ ਵੱਲ ਜਾ ਰਹੇ ਸਨ ਕਿ ਕੋਰਟ ਕੰਪਲੈਕਸ ਨੇੜੇ ਇੱਕ ਟਰੈਕਟਰ ਨਾਲ ਜੋੜੀ ਗਈ ਡਬਲ ਟਰਾਲੀ ਦੇ ਚਾਲਕ ਨੇ ਲਾਪ੍ਰਵਾਹੀ ਨਾਲ ਆਪਣਾ ਵਾਹਨ ਉਨ੍ਹਾਂ ਦੀ ਕਾਰ ਵਿੱਚ ਮਾਰ ਦਿੱਤਾ। ਇਸ ਹਾਦਸੇ ’ਚ ਦੋਵੇਂ ਭਰਾ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਲੋਕਾਂ ਵੱਲੋਂ ਨੇੜਲੇ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਪਟਿਆਲਾ ਭੇਜ ਦਿੱਤਾ ਗਿਆ। ਅਧਿਕਾਰੀ ਅਨੁਸਾਰ ਪੁਲੀਸ ਨੇ ਹਾਦਸਾ ਗ੍ਰਸਤ ਟਰੈਕਟਰ-ਡਬਲ ਟਰਾਲੀ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਣਪਛਾਤੇ ਚਾਲਕ ਦੀ ਭਾਲ ਸੁਰੂ ਕਰ ਦਿੱਤੀ।Advertisement