ਵੱਧ ਮੁਆਵਜ਼ਾ ਦਿਵਾਉਣ ਦਾ ਲਾਰਾ ਲਾਉਣ ਵਾਲਿਆਂ ਖ਼ਿਲਾਫ਼ ਕੇਸ
ਮਨੋਜ ਸ਼ਰਮਾ
ਬਠਿੰਡਾ, 30 ਮਈ
ਭਾਰਤਮਾਲਾ ਪ੍ਰਾਜੈਕਟ ਦੇ ਜ਼ਮੀਨ ਮੁਆਵਜ਼ੇ ਨਾਲ ਜੁੜੇ ਠੱਗੀ ਮਾਮਲੇ ’ਚ ਮੁੱਖ ਮੰਤਰੀ ਭਗਵੰਤ ਮਾਨ ਦੇ ਦਖ਼ਲ ਤੋਂ ਬਾਅਦ ਪੰਜ ਜਣਿਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਨਗਰ ਪੰਚਾਇਤ ਮਹਿਰਾਜ ਦੇ ਕੌਂਸਲਰ ਰਣਜੋਧ ਸਿੰਘ ਜੋਧਾ ਨੇ ਮੁੱਖ ਮੰਤਰੀ ਦੀ ਬਠਿੰਡਾ ਯਾਤਰਾ ਦੌਰਾਨ ਚੁੱਕਿਆ ਸੀ।
ਕੌਂਸਲਰ ਜੋਧਾ ਅਨੁਸਾਰ ਭਾਰਤਮਾਲਾ ਯੋਜਨਾ ਤਹਿਤ ਮਹਿਰਾਜ ਪਿੰਡ ਦੀ ਜ਼ਮੀਨ ਐਕੁਆਇਰ ਕੀਤੀ ਗਈ ਸੀ। ਪਿੰਡ ਦੇ ਕੁਲਵਿੰਦਰ ਸਿੰਘ, ਪਰਵਿੰਦਰ ਸਿੰਘ, ਮਲਕੀਤ ਸਿੰਘ, ਜਗਮੋਹਨ ਸਿੰਘ ਤੇ ਹਰਪਾਲ ਸਿੰਘ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਕਿ ਉਹ ਕੇਂਦਰੀ ਮੁਆਵਜ਼ੇ 50 ਲੱਖ ਪ੍ਰਤੀ ਏਕੜ ਤੋਂ ਇਲਾਵਾ 20 ਲੱਖ ਵਾਧੂ ਰਕਮ ਦਿਵਾ ਸਕਦੇ ਹਨ। ਇਸ ਦੇ ਬਦਲੇ ਉਨ੍ਹਾਂ ਨੇ 20,000 ਪ੍ਰਤੀ ਏਕੜ ਮੰਗੇ। ਕੌਂਸਲਰ ਨੇ ਦੱਸਿਆ ਕਿ ਉਨ੍ਹਾਂ ਨੇ 2.25 ਏਕੜ ਲਈ 42,000 ਦਿੱਤੇ। ਕਈ ਹੋਰ ਕਿਸਾਨਾਂ ਨੇ ਵੀ ਮੁਲਜ਼ਮਾਂ ਨੂੰ ਰਕਮ ਦਿੱਤੀ ਪਰ ਜਦੋਂ ਕਿਸੇ ਕਿਸਾਨ ਨੂੰ ਵਾਧੂ ਮੁਆਵਜ਼ਾ ਨਾ ਮਿਲਿਆ ਤਾਂ ਉਨ੍ਹਾਂ ਨੇ ਪੈਸੇ ਵਾਪਸ ਮੰਗੇ ਜਿਸ ਤੋਂ ਮੁਲਜ਼ਮ ਮੁੱਕਰ ਗਏ। 28 ਮਈ ਨੂੰ ਦਾਣਾ ਮੰਡੀ ਵਿੱਚ ਹੋਈ ਮੀਟਿੰਗ ਦੌਰਾਨ ਕੁਲਵਿੰਦਰ ਸਿੰਘ ਨੇ ਲਿਖਤੀ ਸਹਿਮਤੀ ਦਿੱਤੀ ਸੀ ਕਿ ਉਹ ਪੈਸੇ ਵਾਪਸ ਕਰੇਗਾ। ਇਹ ਵਾਅਦਾ ਕਰ ਕੇ ਉਹ ਉਥੋਂ ਚਲਾ ਗਿਆ ਸੀ ਪਰ ਮੁੜ ਨਹੀਂ ਪਰਤਿਆ। ਕੌਂਸਲਰ ਦੇ ਬਿਆਨ ’ਤੇ ਰਾਮਪੁਰਾ ਸਿਟੀ ਪੁਲੀਸ ਨੇ 29 ਮਈ ਨੂੰ ਕੇਸ ਦਰਜ ਕੀਤਾ ਸੀ। ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਹੋਰਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।