ਵੱਖ-ਵੱਖ ਥਾਵਾਂ ’ਤੇ ਪੀਂਘਾਂ ਝੂਟ ਕੇ ਮਨਾਈਆਂ ਤੀਆਂ
ਪੱਤਰ ਪ੍ਰੇਰਕ
ਕੁਰਾਲੀ, 12 ਅਗਸਤ
ਇੱਥੋਂ ਨੇੜਲੇ ਪਿੰਡ ਮੁੰਧੋ ਸੰਗਤੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਅੱਜ ਤੀਆਂ ਮਨਾਈਆਂ ਗਈਆਂ। ਇਸ ਮੌਕੇ ਵਿਦਿਆਰਥਣਾਂ ਨੇ ਪੀਂਘਾਂ ਝੂਟੀਆਂ ਅਤੇ ਗਿੱਧਾ ਪਾ ਕੇ ਰੌਣਕਾਂ ਲਾਈਆਂ। ਪ੍ਰਿੰਸੀਪਲ ਬੰਦਨਾ ਪੁਰੀ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਦੌਰਾਨ ਲੈਕਚਰਾਰ ਪਰਮਜੀਤ ਕੌਰ ਨੇ ਵਿਦਿਆਥੀਆਂ ਨੂੰ ਤੀਆਂ ਦੀ ਮਹੱਤਤਾ ਸਬੰਧੀ ਜਾਣੂ ਕਰਵਾਇਆ ਜਦਕਿ ਅਧਿਆਪਕਾ ਸੋਨੀਆ ਰਾਣੀ ਨੇ ਸਾਰਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੁੜਨ ਅਤੇ ਵਿਰਸੇ ਨੂੰ ਸੰਭਾਲਣ ਦਾ ਸੱਦਾ ਦਿੱਤਾ। ਇਸੇ ਦੌਰਾਨ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਰਹੇ ਚਰਖੇ, ਚੱਕੀ ਅਤੇ ਪੀਂਘ ਆਦਿ ਨੂੰ ਸਜ਼ਾ ਕੇ ਵਿਦਿਆਰਥੀਆਂ ਲਈ ਪ੍ਰਦਰਸ਼ਿਤ ਕੀਤਾ ਗਿਆ।
ਖਰੜ (ਪੱਤਰ ਪ੍ਰੇਰਕ): ਇੱਥੇ ਅੱਜ ‘ਤੀਆਂ ਤੀਜ ਦੀਆਂ’ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਗੁਰਮੁੱਖ, ਪੱਪੀ, ਪੂਜਾ ਢਿੱਲੋਂ, ਪੂਨਮ ਢਿੱਲੋਂ, ਨੂਰਾ ਖਾਨ ਅਤੇ ਵਿਸ਼ਵਜੀਤ ਨੇ ਗੀਤ ਗਾ ਕੇ ਖੂਬ ਰੌਣਕ ਲਾਈ। ਇਸ ਮੌਕੇ ਬੱਚਿਆਂ ਵੱਲੋਂ ਵੀ ਬੋਲੀਆਂ ਪਾਈਆਂ ਗਈਆਂ। ਮੁੱਖ ਮਹਿਮਾਨ ਤੇਜੀ ਸੰਧੂ, ਜਸਪ੍ਰੀਤ ਕੌਰ ਲੌਂਗੀਆ, ਮਿਹਰ ਕੌਰ ਐੱਮਸੀ, ਪਰਮਜੀਤ ਕੌਰ ਐੱਮਸੀ ਅਤੇ ਪਰਮਿੰਦਰ ਕੌਰ ਸੀਨਾ ਵੀ ਹਾਜ਼ਰ ਸਨ।
ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਸਰਹਿੰਦ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਵਿਦਿਆਰਥਣਾਂ ਵੱਲੋਂ ਗਿੱਧਾ ਪਾਇਆ ਗਿਆ। ਇਸ ਤੋਂ ਇਲਾਵਾ ਵਿਦਿਆਰਥਣਂ ਨੇ ਤੀਜ ਦੇ ਤਿਉਹਾਰ ਨਾਲ ਮੇਲ ਖਾਂਦੇ ਪਕਵਾਨ ਦੀ ਥਾਲੀ ਤਿਆਰ ਕੀਤੀ ਤੇ ਨਾਲ ਹੀ ਮਹਿੰਦੀ ਲਗਾਉਣ ਦੇ ਮੁਕਾਬਲੇ ਵੀ ਕਰਵਾਏ ਗਏ। ਮੁੱਖ ਅਧਿਆਪਕਾ ਮਨਜੀਤ ਕੌਰ ਨੇ ਵਿਦਿਆਰਥਣ ਸਿਮਰ ਵਾਲੀਆ ਨੂੰ ‘ਮਿਸ ਤੀਜ’ ਐਲਾਨਿਆ। ਇਸੇ ਤਰ੍ਹਾਂ ਰੋਟਰੀ ਕਲੱਬ ਸਰਹਿੰਦ ਸ਼ਾਖਾ ਦੀਆਂ ਮਹਿਲਾ ਮੈਂਬਰਾਂ ਵੱਲੋਂ ਇੱਥੇ ਅੱਜ ਤੀਆਂ ਮਨਾਈਆਂ ਗਈਆਂ। ਪ੍ਰਾਜੈਕਟ ਇੰਚਾਰਜ ਡਾ. ਦਿਵਿਆ ਢਿੱਲੋਂ ਅਤੇ ਡਾ. ਨੇਹਾ ਢੰਡ ਨੇ ਸਟੇਜ ਦਾ ਸੰਚਾਲਨ ਸੁਚੱਜੇ ਢੰਗ ਨਾਲ ਕੀਤਾ। ਇਸ ਮੋਕੇ ਸ਼ਿਖਾ ਸ਼ਰਮਾ ਨੂੰ ‘ਤੀਜ ਰਾਣੀ’ ਦਾ ਖਿਤਾਬ ਦਿੱਤਾ ਗਿਆ ਅਤੇ ਆਏ ਮੈਬਰਾਂ ਨੂੰ ਤੋਹਫ਼ੇ ਦਿੱਤੇ ਗਏ।
ਘਨੌਲੀ (ਪੱਤਰ ਪ੍ਰੇਰਕ): ਇੱਥੋਂ ਨੇੜਲੇ ਪਿੰਡ ਚੱਕ ਕਰਮਾ ਵਿੱਚ ਅੱਜ ਪਿੰਡ ਦੀਆਂ ਔਰਤਾਂ ਵੱਲੋਂ ਰਲ ਮਿਲ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਪਿੰਡ ਦੀ ਸਰਪੰਚ ਕੁਲਦੀਪ ਕੌਰ ਅਤੇ ਕਿਸਾਨ ਆਗੂ ਕਾਮਰੇਡ ਪਵਨ ਕੁਮਾਰ ਚੱਕ ਕਰਮਾ ਦੀ ਦੇਖ ਰੇਖ ਹੇਠ ਕਰਵਾਏ ਸਮਾਗਮ ਦੌਰਾਨ ਔਰਤਾਂ ਨੇ ਗਿੱਧਾ ਤੇ ਬੋਲੀਆਂ ਪਾ ਕੇ ਖੁਸ਼ੀ ਮਨਾਉਣ ਤੋਂ ਇਲਾਵਾ ਪੀਂਘਾਂ ਝੂਟ ਕੇ ਮਨ ਪਰਚਾਵਾ ਕੀਤਾ।
ਡੇਰਾਬੱਸੀ ਵਿੱਚ ਬੋਲੀਆਂ ਪਾ ਕੇ ਮਨਾਈਆਂ ਤੀਆਂ
ਡੇਰਾਬੱਸੀ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਸਾਧੂ ਨਗਰ ਦੀਆਂ ਔਰਤਾਂ ਵੱਲੋਂ ਅੱਜ ਇੱਥੇ ਤੀਆਂ ਮਨਾਈਆਂ ਗਈਆਂ। ਇਸ ਦੌਰਾਨ ਔਰਤਾਂ ਨੇ ਤੀਆਂ ਨਾਲ ਸਬੰਧਤ ਗੀਤ ਗਾਏ ਅਤੇ ਬੋਲੀਆਂ ਪਾ ਕੇ ਖ਼ੁਸ਼ੀ ਮਨਾਈ। ਇਸ ਮੌਕੇ ਜਯੋਤੀ ਗਾਂਧੀ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਆਪਸੀ ਰਿਸ਼ਤਿਆਂ ਨੂੰ ਮਜ਼ਬੂਤ ਕਰਦਾ ਹੈ। ਇਹ ਸਾਨੂੰ ਆਪਣੇ ਰਿਸ਼ਤੇਦਾਰਾਂ ਹਮੇਸ਼ਾ ਮਿਲ ਕੇ ਰਹਿਣ ਦਾ ਤਰੀਕਾ ਦੱਸਦਾ ਹੈ। ਇਸ ਮੌਕੇ ਸ਼ੰਕੁਤਲਾ ਦੇਵੀ, ਵੀਨਾ ਦੇਵੀ, ਉਰਮੀਲਾ ਗੁਪਤਾ, ਮੰਜੂ ਅੱਤਰੀ, ਨਿਧੀ ਵਰਮਾ, ਰੀਆ ਜੈਨ, ਸ਼ਰੂਤੀ ਜੈਨ, ਪ੍ਰੀਤੀ ਸ਼ਰਮਾ, ਗੁੜੀਆ, ਆਂਚਲ, ਮੀਨੂੰ ਜੈਨ ਤੇ ਹੋਰ ਹਾਜ਼ਰ ਸਨ।
ਲੜਕੀਆਂ ਦੇ ਚਰਖਾ ਕੱਤਣ ਤੇ ਫੁਲਕਾਰੀ ਕੱਢਣ ਦੇ ਮੁਕਾਬਲੇ
ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਪਿੰਡ ਧੂੰਮੇਵਾਲ ਦੇ ਯੁਵਕ ਸੇਵਾਵਾਂ ਕਲੱਬ ਵੱਲੋਂ ਇੱਥੇ ਅੱਜ ਤੀਆਂ ਮਨਾਈਆਂ ਗਈਆਂ। ਸਮਾਗਮ ਦਾ ਉਦਘਾਟਨ ਅਮਨਦੀਪ ਸਿੰਘ ਵੱਲੋਂ ਜਾਗੋ ਜਗਾ ਕੇ ਕੀਤਾ ਗਿਆ। ਮਗਰੋਂ ਪਿੰਡ ’ਚੋਂ ਜਾਗੋ ਘੁੰਮਾ ਕੇ ਨਜ਼ਦੀਕੀ ਪੈਲੇਸ ਪਹੁੰਚੀ। ਇੱਥੇ ਬੱਚਿਆਂ ਨੇ ਵੱਖੋ-ਵੱਖ ਪ੍ਰੋਗਰਾਮ ਪੇਸ਼ ਕੀਤੇ ਅਤੇ ਚਰਖਾ ਕੱਤਣ, ਫੁਲਕਾਰੀ ਕੱਢਣ ਅਤੇ ਦੁੱਧ ਰਿੜਕਨ ਆਦਿ ਦੇ ਮੁਕਾਬਲੇ ਕਰਵਾਏ ਗਏ। ਸਮਾਗਮ ਦੌਰਾਨ ਚੰਡੀਗੜ੍ਹ ਸਕੂਲ ਆਫ ਡਰਾਮਾ ਦੇ ਕਲਾਕਾਰਾਂ ਵੱਲੋਂ ਭਰੁਣ ਹੱਤਿਆ ਅਤੇ ਨਸ਼ਿਆਂ ਖ਼ਿਲਾਫ਼ ਨਾਟਕ ਖੇਡਿਆ ਗਿਆ। ਸੰਧਾਰੇ ਦੇ ਰੂਪ ਵਿੱਚ 250 ਕਿਲੋ ਬਿਸਕੁਟ ਦਿੱਤੇ ਗਏ ਅਤੇ 15 ਕਿਲੋ ਦਾ ਕੇਕ ਕੱਟਿਆ ਗਿਆ। ਇਸੇ ਤਰ੍ਹਾਂ ਪੰਜਾਬ ਰੈੱਡ ਕਰਾਸ ਡਰੱਗ ਕਾਊਂਸਲਿੰਗ ਤੇ ਪੁਨਰਵਾਸ ਕੇਂਦਰ ਕੁਰਾਲੀ ਅਤੇ ਨੌਜਵਾਨ ਸਭਾ ਪੰਜਾਬ ਵੱਲੋਂ ਮੁਫਤ ਮੈਡੀਕਲ ਕੈਂਪ ਲਾਇਆ ਗਿਆ।