ਵੱਖ-ਵੱਖ ਥਾਈਂ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ
ਖੇਤਰੀ ਪ੍ਰਤੀਨਿਧ/ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 31 ਜੁਲਾਈ
ਸੀਟੀਯੂ ਪੰਜਾਬ ਦੇ ਬੈਨਰ ਹੇਠ ਲਾਲ ਝੰਡਾ ਬਜਾਜ ਸੰਨਜ਼ ਮਜ਼ਦੂਰ ਯੂਨੀਅਨ ਵੱਲੋਂ ਕਾਮਰੇਡ ਜਗਦੀਸ਼ ਚੰਦ ਦੀ ਅਗਵਾਈ ਹੇਠ ਫੋਕਲ ਪੁਆਇੰਟ ਵਿੱਖੇ ਮਹਾਨ ਕ੍ਰਾਂਤੀਕਾਰੀ ਰਾਮ ਮੁਹੰਮਦ ਸਿੰਘ ਆਜ਼ਾਦ ‘ਸ਼ਹੀਦ ਊਧਮ ਸਿੰਘ ਸੁਨਾਮ’ ਦਾ 84ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਕਾ. ਜਗਦੀਸ਼ ਚੰਦ ਨੇ ਕਿਹਾ ਕਿ ਉਸ ਕ੍ਰਾਂਤੀਕਾਰੀ ਮਹਾਨ ਯੋਧੇ ਰਾਮ ਮੁਹੰਮਦ ਸਿੰਘ ਆਜ਼ਾਦ ਦੀ ਜੀਵਨ ਜਾਚ, ਵਿਚਾਰਧਾਰਾ, ਸੰਘਰਸ਼ ਤੇ ਸੋਚ ਤੇ ਪਹਿਰਾ ਦੇਣ ਦੀ ਲੋੜ ਹੈ।
ਸਮਾਜ ਸੇਵੀ ਸੰਸਥਾ ਮਹਾਂ ਸਭਾ ਲੁਧਿਆਣਾ ਦੇ ਪ੍ਰਧਾਨ ਕਰਨਲ ਜੇਐਸ ਬਰਾੜ ਦੇ ਪਰਿਵਾਰ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਅੱਖਾਂ ਦਾ ਫਰੀ ਕੈਂਪ ਲਗਾਇਆ ਗਿਆ। ਡਾ. ਰਮੇਸ਼ ਦੀ ਟੀਮ ਵੱਲੋਂ ਕੈਂਪ ਵਿੱਚ 152 ਲੋਕਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਲੋੜਵੰਦਾਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ।
ਗੁਰੂਸਰ ਸੁਧਾਰ/ਮੁੱਲਾਂਪੁਰ (ਪੱਤਰ ਪ੍ਰੇਰਕ): ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਦੇ ਭਲਾਈ ਮੰਚ ਵੱਲੋਂ ਸ਼ਹੀਦ ਊਧਮ ਸਿੰਘ ਦੇ 84ਵੇਂ ਸ਼ਹੀਦੀ ਦਿਹਾੜੇ ਮੌਕੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਗੁਰਦੁਆਰਾ ਮੇਲਸਰ ਸਾਹਿਬ ਪਮਾਲ ਵਿੱਚ ਲਾਇਆ ਗਿਆ। ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਕੈਂਪ ਦਾ ਉਦਘਾਟਨ ਭਾਈ ਘਨੱਈਆ ਜੀ ਚੈਰੀਟੇਬਲ ਹਸਪਤਾਲ ਦੇ ਮੁਖੀ ਬਾਬਾ ਜਸਪਾਲ ਸਿੰਘ ਨੇ ਕੀਤਾ। ਉਨ੍ਹਾਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ। ਕੈਂਪ ਦੌਰਾਨ ਡਾ. ਰਮੇਸ਼ ਮਨਸੂਰਾਂ ਵਾਲਿਆਂ ਦੀ ਟੀਮ ਨੇ ਸਾਬਕਾ ਸਿਵਲ ਸਰਜਨ ਡਾਕਟਰ ਐੱਸ. ਕੇ ਗੁਪਤਾ ਦੀ ਅਗਵਾਈ ਵਿੱਚ ਕਰੀਬ 150 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਅਤੇ ਐਨਕਾਂ ਵੀ ਦਿੱਤੀਆਂ ਗਈਆਂ। ਕੈਂਪ ਦੇ ਪ੍ਰਬੰਧਕਾਂ ਅਨੁਸਾਰ ਚਿੱਟੇ ਮੋਤੀਏ ਵਾਲੇ ਮਰੀਜ਼ਾਂ ਦੇ ਅਪਰੇਸ਼ਨ ਹਸਪਤਾਲ ਵਿੱਚ ਕੀਤੇ ਜਾਣਗੇ।
ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੈਡੀਕਲ ਕੈੈਂਪ
ਪਾਇਲ (ਪੱਤਰ ਪ੍ਰੇਰਕ): ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਈਸੜੂ ਵਿਖੇ ਲੱਖੀ ਮੋਟਰਜ਼ ਅਤੇ ਚੀਮਾ ਹੌਂਡਾ ਏਜੰਸੀ ਈਸੜੂ ਵੱਲੋਂ ਵਿਸ਼ੇਸ਼ ਉਪਰਾਲਾ ਕਰਦੇ ਹੋਏ ਸ਼ਹੀਦ ਊਧਮ ਸਿੰਘ ਨੂੰ ਯਾਦ ਕੀਤਾ ਗਿਆ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ । ਇਸ ਸਮਾਗਮ ਵਿੱਚ ਇਲਾਕੇ ਦੀਆਂ ਵੱਖ ਵੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਇਕੱਤਰ ਹੋਈਆਂ ਸੰਗਤਾਂ ਲਈ ਪ੍ਰਬੰਧਕਾਂ ਵੱਲੋਂ ਚਾਹ, ਬਰੈੱਡ ਦੇ ਲੰਗਰ ਲਗਾਏ ਗਏ। ਇਸ ਮੌਕੇ ਜੈਨ ਮਲਟੀਸਪੈਸ਼ਲਿਟੀ ਹਸਪਤਾਲ ਖੰਨਾ ਵੱਲੋਂ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿੱਚ 64 ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ । ਇਸ ਮੌਕੇ ਵਾਤਾਵਰਣ ਦੀ ਸ਼ੁੱਧਤਾਂ ਲਈ ਪ੍ਰਬੰਧਕਾਂ ਵੱਲੋਂ ਬੂਟਿਆਂ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਪ੍ਰਧਾਨ ਗੁਰਜੀਤ ਸਿੰਘ ਕਰੌਦੀਆਂ, ਜਸਵੰਤ ਸਿੰਘ ਨਸਰਾਲੀ, ਨੰਬਰਦਾਰ ਹਾਕਮ ਸਿੰਘ, ਬੇਅੰਤ ਸਿੰਘ ਬੈਨੀਪਾਲ, ਗੁਰਮੇਲ ਸਿੰਘ ਸੋਹੀ, ਗੁਰਜੀਤ ਸਿੰਘ ਗਰੇਵਾਲ, ਨੰਬਰਦਾਰ ਜਗਪਾਲ ਸਿੰਘ, ਗੁਰਦੀਪ ਸਿੰਘ ਸੋਹਲ, ਸਰਪੰਚ ਗੁਰਜੰਟ ਸਿੰਘ, ਲਖਵੀਰ ਸਿੰਘ ਲੱਖੀ ਮੋਟਰਜ਼, ਹਰਵਿੰਦਰ ਸਿੰਘ ਚੀਮਾ ਅਤੇ ਡਾਕਟਰ ਹਰਲਵਲੀਨ ਸਿੰਘ ਸੇਖੋ ਆਦਿ ਹਾਜ਼ਰ ਸਨ।