ਵੜੈਚ ਵੱਲੋਂ ਕੈਂਪ ਵਾਲੰਟੀਅਰਾਂ ਨੂੰ ਸਾਹਿਤ ਨਾਲ ਜੁੜਨ ਦਾ ਸੱਦਾ
ਸਥਾਨਕ ਸਕੂਲ ਆਫ਼ ਐਮੀਨੈਂਸ ਵੱਲੋਂ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਲਾਏ ਜਾ ਰਹੇ ਕੌਮੀ ਸੇਵਾ ਯੋਜਨਾ ਦੇ ਕੈਂਪ ਦੌਰਾਨ ਅੱਜ ਮੁੱਖ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਆਕਾਸ਼ਬਾਣੀ ਰੇਡੀਓ ਪਟਿਆਲਾ ਦੇ ਸਾਬਕਾ ਡਾਇਰੈਕਟਰ ਅਮਰਜੀਤ ਸਿੰਘ ਵੜੈਚ ਸ਼ਾਮਲ ਹੋਏ| ਉਨ੍ਹਾਂ ਵਾਲੰਟੀਅਰਾਂ ਦੇ ਰੁਬਰੂ ਦੌਰਾਨ ਐੱਨਐੱਸਐੱਸ ਕੈਂਪ ਦੀ ਮਹੱਤਤਾ ਤੋਂ ਜਿੱਥੇ ਜਾਣੂ ਕਰਵਾਇਆ, ਉੱਥੇ ਵਾਲੰਟੀਅਰਾਂ ਨੂੰ ਬਹੁਪੱਖੀ ਕਲਾਵਾਂ ਨਾਲ ਜੁੜਨ ਦਾ ਸੱਦਾ ਦਿੱਤਾ| ਉਨ੍ਹਾਂ ਆਖਿਆ ਕਿ ਸ਼ਖ਼ਸੀਅਤ ਉਸਾਰੀ ਵਿੱਚ ਅਜਿਹੇ ਕੈਂਪਾਂ ਦਾ ਵੱਡਾ ਰੋਲ ਰਿਹਾ ਹੈ| ਉਨ੍ਹਾਂ ਸਾਹਿਤ ਤੇ ਕਿਤਾਬਾਂ ਪੜ੍ਹਨ ਉੱਤੇ ਵੀ ਜ਼ੋਰ ਦਿੱਤਾ| ਅਜਿਹੇ ਦੌਰਾਨ ਵਾਲੰਟੀਅਰਾਂ ਵੱਲੋਂ ਸਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ’ਚ ਹਿੱਸਾ ਲੈਂਦਿਆਂ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ ਗਿਆ| ਮੰਚ ਸੰਚਾਲਨ ਪ੍ਰੋਗਰਾਮ ਅਫਸਰ ਲੈਕਚਰਾਰ ਕਿਰਨ ਬਾਲਾ ਨੇ ਨਿਭਾਉਂਦਿਆਂ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ ਜਦੋਂਕਿ ਪ੍ਰਿੰਸੀਪਲ ਸੁਖਜਿੰਦਰ ਕੌਰ ਨੇ ਧੰਨਵਾਦੀ ਸ਼ਬਦ ਕਹੇ| ਸਮਾਗਮ ਵਿੱਚ ਸਾਹਿਤਕਾਰ ਕੁਲਵੰਤ ਰਿਖੀ, ਮਧੂ ਬਾਲਾ, ਅਮਰਜੋਤ ਕੌਰ, ਲਖਵਿੰਦਰ ਸਿੰਘ, ਦੀਦਾਰ ਸਿੰਘ, ਭੁਪਿੰਦਰ ਕੁਮਾਰ, ਨਵਦੀਪ ਸਿੰਘ ਤੇ ਅਜੈ ਕੁਮਾਰ ਨੇ ਸ਼ਿਰਕਤ ਕੀਤੀ|