For the best experience, open
https://m.punjabitribuneonline.com
on your mobile browser.
Advertisement

ਵੋਟਾਂ ਬਣਾਉਣ ਦਾ ਅੱਜ ਆਖਰੀ ਦਿਨ

08:33 AM Nov 15, 2023 IST
ਵੋਟਾਂ ਬਣਾਉਣ ਦਾ ਅੱਜ ਆਖਰੀ ਦਿਨ
ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਲਈ ਸਮਾਂ-ਸੀਮਾ ਵਧਾਉਣ ਸਬੰਧੀ ਜਲੰਧਰ ਵਿੱਚ ਮੰਗਲਵਾਰ ਨੂੰ ਡੀਸੀ ਨੂੰ ਮੰਗ ਪੱਤਰ ਦਿੰਦੇ ਹੋਏ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ। -ਫੋਟੋ: ਸਰਬਜੀਤ ਸਿੰਘ
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 14 ਨਵੰਬਰ
ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਅਗਾਮੀ ਚੋਣਾਂ ਲਈ ਵੋਟਰ ਬਣਾਉਣ ਖਾਤਰ ਨਿਰਧਾਰਿਤ ਸਮਾਂ-ਸੀਮਾ ਵਿੱਚ ਸਿਰਫ਼ ਇੱਕ ਦਿਨ ਬਾਕੀ ਰਹਿ ਗਿਆ ਹੈ ਪਰ ਹੁਣ ਤਕ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਲਈ ਵੋਟਰ ਫਾਰਮ ਭਰਨ ਨੂੰ ਮੱਠਾ ਹੁੰਗਾਰਾ ਮਿਲਿਆ ਹੈ।
ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਯੋਗ ਉਮੀਦਵਾਰ 21 ਅਕਤੂਬਰ ਤੋਂ 15 ਨਵੰਬਰ ਤੱਕ ਵੋਟਰ ਬਣਨ ਖਾਤਰ ਅਰਜ਼ੀਆਂ ਦੇ ਸਕਦੇ ਹਨ। ਵੋਟਰ ਬਣਨ ਦੀ ਪ੍ਰਕਿਰਿਆ ਨੂੰ ਮੱਠੇ ਹੁੰਗਾਰੇ ਦਾ ਇੱਕ ਕਾਰਨ ਇਹ ਸ਼ਰਤ ਵੀ ਦੱਸੀ ਗਈ ਕਿ ਬਿਨੈਕਾਰ ਨੂੰ ਫਾਰਮ ਜਮ੍ਹਾਂ ਕਰਵਾਉਣ ਲਈ ਖੁਦ ਹਾਜ਼ਰ ਹੋਣਾ ਪੈਂਦਾ ਹੈ।
ਮਿਲੇ ਵੇਰਵਿਆ ਮੁਤਾਬਿਕ ਅੰਮ੍ਰਿਤਸਰ ਵਿੱਚ 13 ਨਵੰਬਰ ਤੱਕ ਸਿਰਫ਼ 12,852 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚ 10,317 ਜਨਰਲ ਸ਼੍ਰੇਣੀ ਅਤੇ 2,535 ਅਨੁਸੂਚਿਤ ਜਾਤੀ (ਐੱਸਸੀ) ਸ਼੍ਰੇਣੀ ਅਧੀਨ ਹਨ। ਇਸੇ ਤਰ੍ਹਾਂ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਕਾਫ਼ੀ ਘੱਟ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਅੰਕੜਿਆਂ ਅਨੁਸਾਰ 10 ਨਵੰਬਰ ਤੱਕ ਲੁਧਿਆਣਾ ਵਿੱਚ ਸਭ ਤੋਂ ਵੱਧ 18,928 ਅਰਜ਼ੀਆਂ ਪ੍ਰਾਪਤ ਹੋਈਆਂ ਜਦੋਂਕਿ ਸਭ ਤੋਂ ਘੱਟ ਦਰਖਾਸਤਾਂ ਸ਼ਹੀਦ ਭਗਤ ਸਿੰਘ ਨਗਰ ਵਿੱਚ ਪ੍ਰਾਪਤ ਹੋਈਆਂ, ਜਿੱਥੇ ਸਿਰਫ਼ 585 ਵੋਟਰ ਫਾਰਮ ਭਰੇ ਗਏ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਿਰਫ਼ 6994 ਵੋਟਰ ਹੀ ਫਾਰਮ ਜਮ੍ਹਾਂ ਕਰਵਾ ਸਕੇ ਹਨ। ਬਠਿੰਡਾ ਤੋਂ 14,317 ਅਤੇ ਸੰਗਰੂਰ ਤੋਂ 11,586 ਫਾਰਮ ਪ੍ਰਾਪਤ ਹੋਏ। ਮੋਗਾ 9,514, ਤਰਨ ਤਾਰਨ 7,019, ਹੁਸ਼ਿਆਰਪੁਰ 6,994, ਬਰਨਾਲਾ 5,327, ਗੁਰਦਾਸਪੁਰ 4,759, ਫਰੀਦਕੋਟ 4,714, ਮਾਨਸਾ 3,381, ਸ੍ਰੀ ਮੁਕਤਸਰ ਸਾਹਿਬ 3,214, ਪਠਾਨਕੋਟ 2,808 , ਰੂਪਨਗਰ 2,758, ਕਪੂਰਥਲਾ 1,993, ਮੁਹਾਲੀ 1,937, ਫਾਜ਼ਿਲਕਾ 1,911 ਅਤੇ ਜਲੰਧਰ 648 ਵੋਟਰ ਫਾਰਮ ਭਰੇ ਗਏ ਹਨ, ਜੋ ਕਿ ਬਹੁਤ ਘੱਟ ਹਨ ।
ਸ਼੍ਰੋਮਣੀ ਕਮੇਟੀ ਮੈਂਬਰ ਕਿਰਨਜੋਤ ਕੌਰ ਨੇ ਕਿਹਾ ਕਿ ਵੋਟਰਾਂ ਨੂੰ ਦਰਪੇਸ਼ ਇਕ ਹੋਰ ਸਮੱਸਿਆ ਇਹ ਹੈ ਕਿ ਉਨ੍ਹਾਂ ਨੂੰ ਵਾਰਡਾਂ ਦੀ ਨਵੀਂ ਕੀਤੀ ਹੱਦਬੰਦੀ ਤੋਂ ਬਾਅਦ ਉਹ ਕਿਸ ਵਾਰਡ ਨਾਲ ਸਬੰਧਤ ਹਨ, ਬਾਰੇ ਸਪੱਸ਼ਟਤਾ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ 2011 ਦੇ ਅੰਕੜਿਆਂ ਦੇ ਮੁਕਾਬਲੇ ਅੰਮ੍ਰਿਤਸਰ (ਪੱਛਮੀ) ਵਿੱਚ ਹੁਣ ਸਿਰਫ਼ 2.5 ਫੀਸਦੀ ਵੋਟਾਂ ਬਣਾਉਣ ਲਈ ਫਾਰਮ ਭਰੇ ਗਏ ਹਨ। ਉਨ੍ਹਾਂ ਕਿਹਾ ਕਿ 2011 ਵਿੱਚ ਅੰਮ੍ਰਿਤਸਰ (ਪੱਛਮੀ) ਹਲਕੇ ਵਿੱਚ 50,000-55,000 ਦੇ ਵਿਚਾਲੇ ਵੋਟਾਂ ਸਨ। ਹੁਣ ਇਹ ਗਿਣਤੀ (10 ਨਵੰਬਰ ਤੱਕ) ਸਿਰਫ਼ 1248 ਹੈ। ਉਨ੍ਹਾਂ ਕਿਹਾ ਕਿ ਵੋਟਰ ਰਜਿਸਟ੍ਰੇਸ਼ਨ ਦੀ ਮਿਆਦ ਵਧਾਉਣ ਦੇ ਨਾਲ-ਨਾਲ ਸਾਰੇ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੂੰ ਅਧਿਕਾਰੀਆਂ ਨੂੰ ਸਿਖਲਾਈ ਦੇਣ ਦੇ ਨਿਰਦੇਸ਼ ਦਿੱਤੇ ਜਾਣੇ ਚਾਹੀਦੇ ਹਨ।
ਇਸ ਦੌਰਾਨ ਸ਼ੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਣੇ ਸਿੱਖ ਵਫ਼ਦ ਬੀਤੇ ਦਿਨ ਗੁਰਦੁਆਰਾ ਚੋਣ ਕਮਿਸ਼ਨਰ ਜਸਟਿਸ (ਸੇਵਾਮੁਕਤ) ਐੱਸਐੱਸ ਸਾਰੋਂ ਨੂੰ ਮਿਲਿਆ ਸੀ। ਸਿੱਖ ਵਫਦ ਨੇ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਅਤੇ ਇਸ ਦੀ ਸਮਾਂ ਸੀਮਾ ਵਧਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਵਫ਼ਦ ਨੇ ਕਮਿਸ਼ਨਰ ਨੂੰ ਜਾਣੂ ਕਰਵਾਇਆ ਸੀ ਕਿ ਬਜ਼ੁਰਗਾਂ ਤੇ ਔਰਤਾਂ ਅਤੇ ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਆਪਣੇ ਫਾਰਮ ਜਮ੍ਹਾਂ ਕਰਵਾਉਣ ਲਈ ਵੱਖਰੇ ਤੌਰ ’ਤੇ ਜਾਣਾ ਮੁਸ਼ਕਿਲ ਕਾਰਜ ਹੈ। ਇਸ ਲਈ ਉਹ ਸਮੂਹਿਕ ਤੌਰ ’ਤੇ ਫਾਰਮ ਸਵੀਕਾਰ ਕਰਨ ਲਈ ਨਿਰਦੇਸ਼ ਜਾਰੀ ਕਰਨ, ਜਿਵੇਂ ਕਿ ਪਹਿਲਾਂ ਹੁੰਦਾ ਸੀ।

Advertisement

ਸਾਬਕਾ ਪੰਜ ਪਿਆਰਿਆਂ ਵੱਲੋਂ ਸਾਂਝੇ ਗੁਰਸਿੱਖ ਉਮੀਦਵਾਰਾਂ ’ਤੇ ਸਹਿਮਤੀ ਬਣਾਉਣ ਦੀ ਅਪੀਲ

ਅੰਮ੍ਰਿਤਸਰ (ਟ੍ਰਿਬਿਊਨ ਨਿਉੂਜ਼ ਸਰਵਿਸ): ਅਕਾਲ ਤਖ਼ਤ ਦੇ ਸਾਬਕਾ ਪੰਜ ਪਿਆਰਿਆਂ ਵਿੱਚ ਸ਼ਾਮਲ ਭਾਈ ਸਤਨਾਮ ਸਿੰਘ ਖੰਡਾ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਤਰਲੋਕ ਸਿੰਘ, ਭਾਈ ਮੇਜਰ ਸਿੰਘ, ਭਾਈ ਸੁਖਜਿੰਦਰ ਸਿੰਘ ਨੇ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਅਗਾਮੀ ਆ ਰਹੀਆਂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਉਹ ਆਪਸੀ ਸਦਭਾਵਨਾ ਨਾਲ ਉਨ੍ਹਾਂ ਸਾਂਝੇ ਗੁਰਸਿੱਖ ਸ਼ਖਸੀਅਤਾਂ ’ਤੇ ਸਹਿਮਤੀ ਬਣਾਉਣ ਜੋ ਆਚਾਰ, ਸਦਾਚਾਰ, ਵਿਵਹਾਰ ਅਤੇ ਕਿਰਦਾਰ ਪੱਖੋਂ ਗੁਰੂ ਨੂੰ ਸਮਰਪਿਤ ਹੋਣ। ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਦੇ ਨਵੇਂ ਮੈਂਬਰਾਂ ਦੀ ਚੋਣ ਲਈ ਕੇਸਧਾਰੀ ਸਿੱਖਾਂ ਦੀ ਵੋਟ ਬਣਾਉਣ ਦੀ ਪ੍ਰਕਿਰਿਆ ਚਲ ਰਹੀ ਹੈ । ਉਨ੍ਹਾਂ ਕਿਹਾ ਕਿ ਪੰਜ ਪਿਆਰਿਆਂ ਵੱਲੋਂ ਕੌਮ ਦੇ ਵਡੇਰੇ ਹਿਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਪਿਛਲੇ ਸਮੇਂ ਦੌਰਾਨ ਪੰਥਕ ਏਕਤਾ ਲਈ ਯਤਨ ਆਰੰਭੇ ਸਨ।ਉਨ੍ਹਾਂ ਕਿਹਾ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰਨ ਉਪਰੰਤ ਉਹ ਇਸ ਸਿੱਟੇ ’ਤੇ ਪੁੱਜੇ ਹਨ ਕਿ ਵੋਟਾਂ ਬਣਾਉਣ ਦੇ ਰੁਝਾਨ ਵਿੱਚ ਉਦਾਸੀਨਤਾ ਹੈ ਜਿਸ ਦਾ ਮੁੱਖ ਕਾਰਨ ਝੋਨੇ ਦੀ ਫ਼ਸਲ ਨੂੰ ਸਾਂਭਣ ਅਤੇ ਅਗਲੀ ਫਸਲ ਦੀ ਬੀਜਾਈ ਦਾ ਰੁਝੇਵਾਂ ਅਤੇ ਸ਼ਹਿਰੀ ਭਾਈਚਾਰਾ ਦਾ ਤਿਉਹਾਰਾਂ ਕਾਰਨ ਵੋਟਾਂ ਬਣਾਉਣ ਲਈ ਸਮਾਂ ਨਾ ਕੱਢ ਸਕਣਾ ਹੈ। ਉਨ੍ਹਾਂ ਸਮੂਹ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਗੁਰਦੁਆਰਾ ਚੋਣ ਕਮਿਸ਼ਨ ਕੋਲ ਵੋਟਾਂ ਬਣਾਉਣ ਦਾ ਸਮਾਂ 31 ਦਸੰਬਰ ਤੱਕ ਵਧਾਉਣ ਲਈ ਅਪੀਲ ਕਰਨ।

Advertisement

Advertisement
Author Image

joginder kumar

View all posts

Advertisement