ਵੋਕੇਸ਼ਨਲ ਟੀਚਰਜ਼ ਫਰੰਟ ਦੀ ਅਗਵਾਈ ਹੇਠ ਅਧਿਆਪਕਾਂ ਦੀ ਪੋਲ ਖੋਲ੍ਹ ਰੈਲੀ
ਸਤਵਿੰਦਰ ਬਸਰਾ
ਲੁਧਿਆਣਾ, 25 ਮਈ
ਸਮੱਗਰ ਸਿੱਖਿਆ ਪ੍ਰੋਗਰਾਮ ਤਹਿਤ ਸਰਕਾਰੀ ਸਕੂਲਾਂ ਵਿੱਚ ਵਸੋਕਸ਼ਨਲ ਸਿੱਖਿਆ ਦੇ ਅਧਿਆਪਕਾਂ ਨੇ ਅੱਜ ਲੁਧਿਆਣਾ ਦੇ ਰੱਖਬ ਬਾਗ ਤੋਂ ਭਾਰਤ ਨਗਰ ਚੌਕ ਤੱਕ ਸਰਕਾਰ ਵਿਰੁੱਧ ਪੋਲ ਖੋਲ੍ਹ ਰੈਲੀ ਕੱਢੀ। ਇਸ ਦੌਰਾਨ ਕੁੱਝ ਸਮਾਂ ਟਰੈਫਿਕ ਵੀ ਜਾਮ ਕੀਤਾ ਅਤੇ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ। ਇਸ ਦੌਰਾਨ ਅਧਿਆਪਕਾਂ ਅਤੇ ਪੁਲੀਸ ਮੁਲਾਜ਼ਮਾਂ ਵਿਚਾਲੇ ਮਾਮੂਲੀ ਖਿੱਚ-ਧੂਹ ਵੀ ਹੋਈ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਅਧਿਆਪਕਾਂ ਨੇ ਸਰਕਾਰ ਵੱਲੋਂ ਕੀਤੀ ਜਾ ਰਹੀ ਅਣਦੇਖੀ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਂਦੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਸਰਕਾਰ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਵੋਕੇਸ਼ਨਲ ਸਿੱਖਿਆ ਦੇ ਰਹੇ ਐਨਐਸਕਿਯੂਐਫ ਅਧਿਆਪਕਾਂ ਦੀ ਜਥੇਬੰਦੀ ਵੋਕੇਸ਼ਨਲ ਟੀਚਰਜ਼ ਫਰੰਟ ਵੱਲੋਂ ਅੱਜ ਉਕਤ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਅਧਿਆਪਕ ਆਗੂਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਕਾਰਜਕਾਲ ਦੌਰਾਨ ਕੈਪਟਨ ਸਰਕਾਰ ਦੇ ਵਿਰੁੱਧ ਸਾਢੇ ਅੱਠ ਮਹੀਨੇ ਰੋਸ ਧਰਨਾ ਲਾਇਆ ਸੀ ਅਤੇ ਬਾਅਦ ਵਿੱਚ ਚਰਨਜੀਤ ਚੰਨੀ ਵਿਰੁੱਧ ਵੀ ਦੋ ਮਹੀਨੇ ਮੋਰਚਾ ਲਾਈ ਰੱਖਿਆ। ਹੁਣ ਵੀ ਸੂਬੇ ਦੇ ਖਜ਼ਾਨਾ ਮੰਤਰੀ ਨਾਲ 24 ਅਪਰੈਲ ਨੂੰ ਮੀਟਿੰਗ ਹੋਈ ਜਿਨ੍ਹਾਂ ਨੇ 20 ਦਿਨਾਂ ਦਾ ਸਮਾਂ ਦੇ ਕੇ 14 ਮਈ ਨੂੰ ਦੁਬਾਰਾ ਬੁਲਾ ਕੇ ਮੰਗਾਂ ’ਤੇ ਸਹਿਮਤੀ ਹੋਣ ਦਾ ਭਰੋਸਾ ਦਿੱਤਾ ਸੀ ਪਰ ਦੁੱਖ ਦੀ ਗੱਲ ਹੈ ਕਿ ਮੰਗਾਂ ਜਿਉਂ ਦੀਆਂ ਤਿਉਂ ਲਟਕਦੀਆਂ ਪਈਆਂ ਹਨ।
ਅਧਿਆਪਕ ਆਗੂਆਂ ਰਣਜੀਤ ਸਿੰਘ, ਨਵਨੀਤ ਕੁਮਾਰ, ਗੁਰਜੀਤ ਸਿੰਘ, ਗੁਰਜਿੰਦਰ ਸਿੰਘ, ਰਣਜੀਤ ਸਿੰਘ ਬਰਨਾਲਾ, ਰਾਵਿੰਦਰ, ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਲਵਦੀਪ, ਹੇਮੰਤ, ਜਗਜੀਤ ਅਤੇ ਅਜੇਪਾਲ ਨੇ ਕਿਹਾ ਕਿ ਪੂਰੇ ਸੂਬੇ ਵਿੱਚ 2600 ਦੇ ਕਰੀਬ ਅਜਿਹੇ ਅਧਿਆਪਕ ਬੱਚਿਆਂ ਨੂੰ 13 ਟਰੇਡਾਂ ਦੀ ਪੜ੍ਹਾਈ ਕਰਵਾ ਰਹੇ ਹਨ। ਉੱਚ ਸਿੱਖਿਆ ਪ੍ਰਾਪਤ ਇਹ ਅਧਿਆਪਕ ਪਿੱਛਲੇ 10 ਸਾਲਾਂ ਤੋਂ ਮਾਮੂਲੀ ਤਨਖਾਹ ਨਾਲ ਗੁਜਾਰਾ ਕਰਦੇ ਆ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਇੰਨਾਂ ਅਧਿਆਪਕਾਂ ਨੂੰ ਵੀ ਹਰਿਆਣਾ ਦੀ ਤਰਜ਼ ’ਤੇ 33500 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇ। ਇੰਨਾਂ ਅਧਿਆਪਕਾਂ ਦਾ ਕਹਿਣਾ ਸੀ ਕਿ ਐਨਐਸਕਿਯੂਐਫ ਅਧਿਆਪਕਾਂ ਨੂੰ ਆਊਟਸੋਰਸਿੰਗ ਕੰਪਨੀਆਂ ਦੇ ਸੋਸ਼ਣ ਦਾ ਵੀ ਸ਼ਿਕਾਰ ਹੋਣਾ ਪੈ ਰਿਹਾ ਹੈ। ਇਨ੍ਹਾਂ ਕੰਪਨੀਆਂ ਵੱਲੋਂ ਮਨਮਰਜ਼ੀ ਨਾਲ ਕਟੌਤੀਆਂ ਕਰਕੇ ਸਿਰਫ 17 ਹਜ਼ਾਰ ਰੁਪਏ ਤਨਖਾਹ ਦਿੱਤੀ ਜਾਂਦੀ ਹੈ। ਅਧਿਆਪਕ ਆਗੂਆਂ ਨੇ ਪ੍ਰਾਈਵੇਟ ਕੰਪਨੀ ਨੂੰ ਸਰਕਾਰੀ ਸਕੂਲਾਂ ਵਿੱਚੋਂ ਬਾਹਰ ਕੱਢ ਕੇ ਵੋਕੇਸ਼ਨਲ ਅਧਿਆਪਕਾਂ ਦੀਆਂ ਤਨਖਾਹਾਂ ਰੁਜ਼ਗਾਰ ਮਹਿਕਮੇ ਵੱਲੋਂ ਦਿੱਤੇ ਜਾਣ ਦੀ ਮੰਗ ਵੀ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੀਆਂ ਚਣਾਂ ਵੋਟਾਂ ਵਿੱਚ ਸਰਕਾਰ ਖ਼ਿਲਾਫ਼ ਪ੍ਰਚਾਰ ਕੀਤਾ ਜਾਵੇਗਾ।