ਵੈਨਕੂਵਰ: ਵਿਸਾਖੀ ਮੌਕੇ ਨਗਰ ਕੀਰਤਨ ਸਜਾਇਆ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 13 ਅਪਰੈਲ
ਖਾਲਸਾ ਦੀਵਾਨ ਸੁਸਾਇਟੀ ਰੌਸ ਸਟਰੀਟ ਵੈਨਕੂਵਰ ਵੱਲੋਂ ਇੱਥੇ ਵਿਸਾਖੀ ਮੌਕੇ ਨਗਰ ਕੀਰਤਨ ਸਜਾਇਆ ਗਿਆ। ਐਤਕੀਂ ਅਮਰੀਕੀ ਸ਼ਰਧਾਲੂਆਂ ਦੀ ਘਾਟ ਰੜਕਦੀ ਰਹੀ। ਸੰਘੀ ਚੋਣਾਂ ਨੇੜੇ ਹੋਣ ਕਰਕੇ ਕੌਮੀ ਪਾਰਟੀਆਂ ਦੇ ਆਗੂ ਕੁੱਝ ਸਮਾਂ ਹਾਜ਼ਰੀ ਭਰ ਕੇ ਤੁਰਦੇ ਬਣੇ। ਪ੍ਰਸ਼ਾਸਨ ਵੱਲੋਂ ਨਗਰ ਕੀਰਤਨ ਦੇ ਰੂਟ ਬਾਰੇ ਲੋਕਾਂ ਨੂੰ ਕਈ ਦਿਨਾਂ ਤੋਂ ਸੂਚਿਤ ਕੀਤਾ ਜਾ ਰਿਹਾ ਸੀ, ਜਿਸ ਕਰਕੇ ਲੋਕਾਂ ਨੂੰ ਬਹੁਤੀ ਪ੍ਰੇਸ਼ਾਨੀ ਨਹੀਂ ਆਈ। ਨਗਰ ਕੀਰਤਨ ਦੀ ਆਰੰਭਤਾ ਅਰਦਾਸ ਕਰਕੇ ਕੀਤੀ ਗਈ।
ਗੁਰਦੁਆਰੇ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਸ਼ਹਿਰ ਦੀ ਰੌਸ ਸਟਰੀਟ, ਮੈਰੀਨ ਡਰਾਈਵ, ਮੇਨ ਸਟਰੀਟ ਅਤੇ 49 ਸਟਰੀਟ ਤੋਂ ਮੁੜ ਕੇ ਫਰੇਜ਼ਰ ਸਟਰੀਟ ਹੁੰਦੇ ਹੋਏ ਸ਼ਾਮ ਨੂੰ ਵਾਪਸ ਗੁਰਦੁਆਰੇ ਪਹੁੰਚ ਕੇ ਸਮਾਪਤ ਹੋਇਆ। ਇਸ ਦੌਰਾਨ ਵੈਨਕੂਵਰ ਪੁਲੀਸ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ ਤੇ ਗਤਕਾ ਪਾਰਟੀਆਂ ਨੇ ਆਪਣੇ ਜੌਹਰ ਦਿਖਾਏ। ਸਾਰੇ ਰਸਤੇ ’ਚ ਸ਼ਰਧਾਲੂਆਂ ਨੇ ਵੱਖ ਵੱਖ ਪਕਵਾਨਾਂ ਦੇ ਲੰਗਰ ਲਾਏ ਹੋਏ ਸਨ। ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਗੁਰਬਾਣੀ ਦਾ ਜਾਪ ਕਰਦੀ ਹੋਈ ਨਾਲ-ਨਾਲ ਪੈਦਲ ਚੱਲ ਰਹੀ ਸੀ।
ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਦੇ ਪ੍ਰਧਾਨ ਅਤੇ ਖੇਤਰ ਤੋਂ ਚੋਣਾਂ ਵਿੱਚ ਕੁੱਦੇ ਉਮੀਦਵਾਰਾਂ ਨੇ ਵੀ ਨਗਰ ਕੀਰਤਨ ਦੇ ਰਸਤਿਆਂ ’ਤੇ ਲਾਈਆਂ ਗਈਆਂ ਸਟੇਜਾਂ ਤੋਂ ਲੋਕਾਂ ਨਾਲ ਆਪਣੀਆਂ ਪਾਰਟੀਆਂ ਦੀਆਂ ਨੀਤੀਆਂ ਤੇ ਚੋਣ ਪ੍ਰੋਗਰਾਮਾਂ ਦੀ ਗੱਲ ਕੀਤੀ। ਅੰਤ ਵਿੱਚ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਸਹਿਯੋਗ ਲਈ ਸਾਰਿਆਂ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲਾਏ ਜਾ ਰਹੇ ਟੈਰਿਫ ਦਾ ਅਸਰ ਵੀ ਨਗਰ ਕੀਰਤਨ ’ਤੇ ਦੇਖਣ ਨੂੰ ਮਿਲਿਆ।