ਵੈਟਰਨਰੀ ’ਵਰਸਿਟੀ ’ਚ ਮੁਰਗੀ ਪਾਲਣ ਸਿਖਲਾਈ ਕੋਰਸ ਸਮਾਪਤ
ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਜੂਨ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਵਿਚ ਮੁਰਗੀ ਪਾਲਣ ਸਬੰਧੀ ਦੋ ਹਫ਼ਤੇ ਦਾ ਸਿਖਲਾਈ ਕੋਰਸ ਅੱਜ ਸੰਪੂਰਨ ਹੋ ਗਿਆ। ਇਸ ਸਿਖਲਾਈ ਕੋਰਸ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ 24 ਮੁਰਗੀ ਪਾਲਕਾਂ ਨੇ ਹਿੱਸਾ ਲਿਆ।
ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਯੂਨੀਵਰਸਿਟੀ ਦੇ ਪਸਾਰ ਨਿਰਦੇਸ਼ਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਿਖਲਾਈ ਪ੍ਰੋਗਰਾਮ ਪਸ਼ੂ ਪਾਲਣ ਕਿੱਤਿਆਂ ਨੂੰ ਵਿਗਿਆਨਕ ਲੀਹਾਂ ’ਤੇ ਲਿਜਾਣ ਲਈ ਬਹੁਤ ਸਹਾਈ ਹੁੰਦੇ ਹਨ। ਡਾ. ਗਿੱਲ ਨੇ ਕਿਹਾ ਕਿ ਮੁਰਗੀ ਪਾਲਣ ਸਵੈ-ਰੁਜ਼ਗਾਰ ਸਥਾਪਿਤ ਕਰਨ ਅਤੇ ਖੇਤੀ ਵਿਭਿੰਨਤਾ ਰਾਹੀਂ ਪੇਂਡੂ ਨੌਜਵਾਨਾਂ ਨੂੰ ਟਿਕਾਊ ਆਮਦਨ ਦੇਣ ਲਈ ਬਹੁਤ ਢੁੱਕਵਾਂ ਕਿੱਤਾ ਹੈ।
ਸਮਾਪਨ ਸਮਾਰੋਹ ਦੌਰਾਨ ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਵਿੰਦਰ ਸਿੰਘ ਗਰੇਵਾਲ ਨੇ ਯੂਨੀਵਰਸਿਟੀ ਦਾ ਅਹਿਦ ਦੁਹਰਾਇਆ ਅਤੇ ਕਿਹਾ ਕਿ ਪੇਂਡੂ ਜੀਵਨ ਨੂੰ ਬਿਹਤਰ ਕਰਨ ਲਈ ਅਸੀਂ ਵਚਨਬੱਧ ਹਾਂ। ਉਨ੍ਹਾਂ ਨੇ ਮੁਰਗੀ ਪਾਲਣ ਕਿੱਤੇ ਦੇ ਵਿਸਥਾਰ ਦੀਆਂ ਸੰਭਾਵਨਾਵਾਂ ਨੂੰ ਵੀ ਬਾਰੀਕੀ ਨਾਲ ਬਿਆਨ ਕੀਤਾ।
ਕੋਰਸ ਨਿਰਦੇਸ਼ਕ ਅਤੇ ਮੁਖੀ ਪਸਾਰ ਸਿੱਖਿਆ ਵਿਭਾਗ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਵਿੱਚ ਸਿੱਖਿਆਰਥੀਆਂ ਨੂੰ ਪ੍ਰਯੋਗੀ ਅਤੇ ਮੌਖਿਕ ਗਿਆਨ ਰਾਹੀਂ ਸਿੱਖਿਅਤ ਕੀਤਾ ਗਿਆ। ਉਨ੍ਹਾਂ ਨੂੰ ਢੁੱਕਵਾਂ ਸ਼ੈੱਡ ਪ੍ਰਬੰਧ, ਸੰਤੁਲਿਤ ਖੁਰਾਕ, ਪੰਛੀਆਂ ਦੀ ਸਿਹਤ ਸੰਭਾਲ, ਬਿਮਾਰੀਆਂ ਤੋਂ ਬਚਾਅ, ਜੈਵਿਕ ਸੁਰੱਖਿਆ, ਜਾਨਵਰਾਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਅਤੇ ਸੁਚੱਜੇ ਮੰਡੀਕਰਨ ਬਾਰੇ ਵਿਭਿੰਨ ਮਾਹਿਰਾਂ ਨੇ ਗਿਆਨ ਦਿੱਤਾ।
ਇਸ ਸਿਖਲਾਈ ਪ੍ਰੋਗਰਾਮ ਨੂੰ ਵੈਂਕੀ ਇੰਡੀਆ ਲਿਮ. ਦੇ ਸਹਾਇਕ ਮੁੱਖ ਪ੍ਰਬੰਧਕ ਡਾ. ਹਰਪਾਲ ਸਿੰਘ ਸੋਢੀ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਨੇ ਪੋਲਟਰੀ ਉਦਯੋਗ ਸਬੰਧੀ ਆਪਣੇ ਵਿਸ਼ੇਸ਼ ਤਜਰਬੇ ਅਤੇ ਅੰਤਰਝਾਤ ਸਿੱਖਿਆਰਥੀਆਂ ਨਾਲ ਸਾਂਝੇ ਕੀਤੇ। ਉਨ੍ਹਾਂ ਸਿੱਖਿਆਰਥੀਆਂ ਦਾ ਹੌਸਲਾ ਵਧਾਉਂਦਿਆਂ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਆ।
ਇਸ ਸਮਾਰੋਹ ਵਿੱਚ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਪਰਮਿੰਦਰ ਸਿੰਘ ਅਤੇ ਖੇਤਰੀ ਖੋਜ ਅਤੇ ਸਿਖਲਾਈ ਕੇਂਦਰ, ਤਲਵਾੜਾ ਦੇ ਨਿਰਦੇਸ਼ਕ ਡਾ. ਰਾਕੇਸ਼ ਕੁਮਾਰ ਸ਼ਰਮਾ ਵੀ ਮੌਜੂਦ ਰਹੇ। ਇਸ ਸਿਖਲਾਈ ਦਾ ਸੰਯੋਜਨ ਡਾ. ਰਵਦੀਪ ਸਿੰਘ ਅਤੇ ਡਾ. ਪ੍ਰਤੀਕ ਸਿੰਘ ਧਾਲੀਵਾਲ ਨੇ ਬਹੁਤ ਸੁਚਾਰੂ ਢੰਗ ਨਾਲ ਕੀਤਾ।