ਵੈਟਰਨਰੀ ’ਵਰਸਿਟੀ ’ਚ ਡਾਗ ਸ਼ੋਅ 15 ਨੂੰ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਵੱਲੋਂ 15 ਦਸੰਬਰ ਨੂੰ ਕੁੱਤਿਆਂ ਦੀ ਪ੍ਰਦਰਸ਼ਨੀ (ਡਾਗ ਸ਼ੋਅ) ਕਰਵਾਈ ਜਾ ਰਹੀ ਹੈ। ਇਸ ਪ੍ਰਦਰਸ਼ਨੀ ਮੁਕਾਬਲੇ ਵਿੱਚ ਉਤਰੀ ਭਾਰਤ ਦੀਆਂ ਵੱਖ ਵੱਖ ਪ੍ਰਜਾਤੀਆਂ ਦੇ ਕੁੱਤੇ ਸ਼ਾਮਲ ਹੋਣਗੇ। ਇਸ ਮੌਕੇ ਪਾਲਤੂ ਜਾਨਵਰਾਂ ਨੂੰ ਰੱਖਣ ਵਾਲੇ ਪਾਰਲਰ ਵੀ ਆਪਣੇ ਉਤਪਾਦਾਂ ਸਣੇ ਕੁੱਤਿਆਂ ਨੂੰ ਸਵਾਰਨ ਸ਼ਿੰਗਾਰਨ ਦੇ ਹੁਨਰ ਨਾਲ ਪਹੁੰਚਣਗੇ। ਪ੍ਰਬੰਧਕਾਂ ਅਨੁਸਾਰ ਇਸ ਸਬੰਧੀ ਰਜਿਸਟ੍ਰੇਸ਼ਨ ਮੁਕਾਬਲੇ ਵਾਲੇ ਦਿਨ ਸਵੇਰੇ ਕੀਤੀ ਜਾਵੇਗੀ।
ਵੈਟਰਨਰੀ ਮੈਡੀਸਨ ਵਿਭਾਗ ਦੇ ਮੁਖੀ ਡਾ. ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਲੈਬਰਾਡਾਗ ਪ੍ਰਜਾਤੀ ਦੇ ਕੁੱਤਿਆਂ ਸਬੰਧੀ ਵਿਸ਼ੇਸ਼ ਪ੍ਰਦਰਸ਼ਨੀ ਲਾਈ ਜਾਵੇਗੀ। ਕੁੱਤਿਆਂ ਦਾ ਫੈਸ਼ਨ ਅਤੇ ਸਰਵਉੱਤਮ ਪਹਿਰਾਵਾ ਵਰਗੇ ਵਿਸ਼ੇਸ਼ ਮੁਕਾਬਲੇ ਮਹਿਮਾਨਾਂ ਲਈ ਖਿੱਚ ਦਾ ਕੇਂਦਰ ਹੋਣਗੇ। ਰਜਿਸਟਰ ਕੀਤੇ ਮਾਲਕਾਂ ਦਾ ਨਾਮ ਸੋਵੀਨਾਰ ਅਤੇ ਸ਼ੋਅਬੁੱਕ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ। ਵਿਭਿੰਨ ਸ਼੍ਰੇਣੀਆਂ ਵਾਸਤੇ ਦਿਲ ਟੁੰਬਵੇਂ ਇਨਾਮ ਅਤੇ ਟਰਾਫੀਆਂ ਦਿੱਤੀਆਂ ਜਾਣਗੀਆਂ। ਇਸ ਮੌਕੇ ਆਵਾਰਾ ਕੁੱਤਿਆਂ ਦੀ ਪ੍ਰੇਸ਼ਾਨੀ ਤੋਂ ਛੁਟਕਾਰਾ ਦਿਵਾਉਣ ਲਈ ‘ਚੰਗੀ ਸੰਭਾਲ ਨਾਲ ਅਵਾਰਾ ਕੁੱਤਾ ਵੀ ਹੋ ਸਕਦਾ ਹੈ ਇਕ ਆਦਰਸ਼ ਪਾਲਤੂ’ ਵਿਸ਼ੇ ਹੇਠ ਸੈਮੀਨਾਰ ਕਰਵਾਇਆ ਜਾਵੇਗਾ। ਇਹ ਪ੍ਰਦਰਸ਼ਨੀ ਇਕ ਅਜਿਹਾ ਮੰਚ ਹੋਵੇਗੀ ਜਿਥੇ ਡਾਕਟਰ, ਵਿਦਿਆਰਥੀ, ਦਵਾਈ ਨਿਰਮਾਤਾ, ਖੁਰਾਕ ਨਿਰਮਾਤਾ, ਕੁੱਤਿਆਂ ਦੇ ਵਪਾਰੀ ਅਤੇ ਇਨ੍ਹਾਂ ਪਾਲਤੂਆਂ ਦਾ ਸ਼ੌਕ ਰੱਖਣ ਵਾਲੇ ਲੋਕ ਇਕੱਠੇ ਹੋਣਗੇ।