ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵੇਦਣ ਕਹੀਐ ਕਿਸੁ

04:01 AM Jun 15, 2025 IST
featuredImage featuredImage

ਸੁਰਿੰਦਰ ਸਿੰਘ ਮੱਤਾ
ਕਥਾ ਪ੍ਰਵਾਹ

Advertisement

ਜਿਸ ਦਿਨ ਤੋਂ ਨੇੜੇ ਪੈਂਦੇ ਵੱਡੇ ਸ਼ਹਿਰ ’ਚ ਦਿੱਲੀ ਦੀ ਤਰਜ਼ ’ਤੇ ਬਣੇ ਨਾਮੀ ਹਸਪਤਾਲ ਵਿੱਚ ਚੈੱਕਅੱਪ ਕਰਵਾ ਕੇ ਉਸ ਨੂੰ ਘਰ ਲੈ ਆਏ, ਉਸ ਦਿਨ ਤੋਂ ਬਾਅਦ ਉਹ ਨਿਢਾਲ ਹੀ ਹੁੰਦੀ ਗਈ। ਹਫ਼ਤਾ ਪਹਿਲਾਂ ਦੀ ਤਾਂ ਗੱਲ ਹੈ। ਹਸਪਤਾਲ ਜਾਣ ਵੇਲੇ ਤਾਂ ਉਹ ਖ਼ੁਦ ਹੀ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਬੈਠ ਗਈ ਸੀ, ਪਰ ਵਾਪਸੀ ’ਤੇ ਪਤਾ ਨਹੀਂ ਕੀ ਹੋ ਗਿਆ। ਇਹੀ ਇੱਕੋ ਮਰਜ਼ ਉਸ ਨੂੰ ਤੰਗ ਕਰ ਰਹੀ ਸੀ, ਇੱਕ ਗੋਲਾ ਜੇਹਾ ਉਸ ਦੇ ਢਿੱਡ ਦੇ ਅੰਦਰ ਇਧਰ ਉਧਰ ਘੁੰਮਦਾ ਰਹਿੰਦੈ, ਚੀਸਾਂ ਪੈਂਦੀਆਂ ਠੀਕ ਨਹੀਂ ਸੀ ਹੁੰਦੀਆਂ। ਇਹ ਗੋਲਾ ਮੁੱਦਤਾਂ ਤੋਂ ਉਸ ਦੇ ਢਿੱਡ ’ਚ ਘੁੰਮਦਾ ਸੀ। ਉਸ ਦੇ ਹੀ ਨਹੀਂ ਉਹਦੀ ਸੱਸ ਵੀ ਇਹੀ ਕਹਿੰਦੀ ਇਸੇ ਦੁੱਖੋਂ ਤੁਰ ਗਈ, ਪਰ ਇਸ ਗੋਲੇ ਦਾ ਇਲਾਜ ਨਾ ਹੋਇਆ। ‘ਪਤਾ ਨ੍ਹੀਂ ਇਹ ਗੋਲੇ ਦੀ ਅਲਾਮਤ ਸਾਨੂੰ ਤੀਵੀਆਂ ਨੂੰ ਹੀ ਕਿਉਂ ਚਿੰਬੜਦੀ ਐ’, ਉਹ ਸੋਚਦੀ। ਵੱਡੇ ਹਸਪਤਾਲ ਵਾਲੇ ਡਾਕਟਰ ਨੇ ਕਿਹਾ ਕਿ ਬੇਬੇ ਨੂੰ ਬਿਮਾਰੀ ਕੋਈ ਨਹੀਂ ਬੱਸ ਵਡੇਰੀ ਉਮਰ ਕਰਕੇ ਵਹਿਮ ਹੋ ਹੀ ਜਾਂਦੈ। ਡਾਕਟਰ ਨੂੰ ਕੌਣ ਸਮਝਾਵੇ। ਚੇਤ ਦਾ ਪਿਛਲਾ ਪੱਖ ਸੀ ਭਾਵੇਂ, ਰਜਾਈਆਂ ਹਾਲੇ ਲੱਥੀਆਂ ਨਹੀਂ ਸਨ। ਹਸਪਤਾਲੋਂ ਆ ਕੇ ਉਸ ਦਾ ਮੰਜਾ ਵਰਾਂਡੇ ’ਚ ਹੀ ਡਾਹਿਆ ਸੀ। ਉਸ ਨੂੰ ਰੱਬ ਵੇਖਣਾ ਚੰਗਾ ਲੱਗਦਾ ਸੀ। ਉਸ ਨੂੰ ਹੁਣ ਸੁਣਦਾ ਤਾਂ ਸੀ, ਪਰ ਬੋਲਿਆ ਨਹੀਂ ਸੀ ਜਾਂਦਾ। ਬੋਲਣ ਨੂੰ ਦਿਲ ਵੀ ਨਹੀਂ ਸੀ ਕਰਦਾ। ਜਦੋਂ ਕੋਈ ਬੁਲਾਉਂਦਾ, ਉਹ ਬੱਸ ਅੱਖ ਪੁੱਟ ਲੈਂਦੀ ਤੇ ਇਸ਼ਾਰਾ ਹੀ ਕਰਦੀ। ਫਿਰ ਅੱਖਾਂ ਮੀਟ ਕੇ ਪਈ ਰਹਿਣਾ ਹੀ ਉਸ ਨੂੰ ਚੰਗਾ ਲੱਗਦਾ ਸੀ। ਇਹ ਵੀ ਨਹੀਂ ਸੀ ਚੰਗਾ ਲੱਗਦਾ ਕਿ ਉਸ ਨੂੰ ਕੋਈ ਬੁਲਾਵੇ। ਨਾ ਕੋਈ ਭੁੱਖ ਤ੍ਰੇਹ। ਮਾੜਾ ਮੋਟਾ ਪਤਲਾ ਦਲੀਆ ਖਿਚੜੀ ਚਮਚਾ ਦੋ ਚਮਚੇ ਬੱਸ। ਸਭ ਤੋਂ ਛੋਟਾ ਪੁੱਤ ਜਿਹਦੇ ਨਾਲ ਰਹਿ ਰਹੀ ਸੀ, ਰਿਸ਼ਤੇਦਾਰਾਂ ਨਾਲ ਅਕਸਰ ਗੱਲਾਂ ਕਰਦਾ ਸੁਣਦਾ, ‘‘ਕੋਈ ਪਤਾ ਨਹੀਂ ਬੇਬੇ ਦਾ, ਮਿਲਜੋ ਆ ਕੇ ਭਾਵੇਂ। ਹਾਂ ਊਂ ਤਾਂ ਨੱਬਿਆਂ ਤੋਂ ਚਾਰ ਸਾਲ ਉੱਪਰ ਹੀ ਹੈ।’’ ਉਹ ਸੁਣਦੀ। ਫਿਰ ਉਹ ਆਪਣੇ ਢਿੱਡ ’ਚ ਮੁੱਕੀ ਦੇਣ ਦੀ ਕੋਸ਼ਿਸ਼ ਕਰਦੀ। ਘੁੰਮਦਾ ਗੋਲਾ ਤਕਲੀਫ਼ਦੇਹ ਬਣਿਆ ਹੋਇਆ ਸੀ। ਉਹ ਸੋਚਦੀ, ‘ਇਹ ਗੋਲਾ ਬਣਦਾ ਕਿਉਂ ਹੈ, ਡਾਕਟਰਾਂ ਕੋਲ ਇਹਦਾ ਇਲਾਜ ਹੀ ਨਹੀਂ ਕੋਈ।’ ਉਹਦਾ ਧਿਆਨ ਪਿੱਛੇ ਚਲਾ ਜਾਂਦਾ, ਬਹੁਤ ਪਿੱਛੇ। ਵੀਹ ਕੁ ਸਾਲਾਂ ਦੀ ਸੀ ਜਦੋਂ ਪਿਉ ਨੇ ਬੜੇ ਚਾਈਂ ਵਿਆਹ ਦਿੱਤਾ ਸੀ। ਜ਼ਮੀਨ ਤਾਂ ਸੂਤ ਹੀ ਸੀ ਪਰ ਮੁੰਡਾ ਨੌਕਰ ਸੀ, ਸ਼ਾਹੀ ਫ਼ੌਜ ’ਚ। ਬੱਸ ਰਾਜ ਕਰੂ ਕੁੜੀ ਇਹ ਸੋਚ ਕੇ ਪਿਉ ਨੇ ਤੋਰਨ ਦੀ ਕੀਤੀ। ਦੋ ਹਲਾਂ ਦੀ ਖੇਤੀ ਵਾਲੇ ਘਰੋਂ ਮੁਲਾਜ਼ਮ ਦੇ ਘਰ ਆ ਗਈ। ਘਰ ਵਿੱਚ ਚਾਰ ਹੀ ਜੀਅ ਸਨ ਉਹਦੇ ਸੱਸ ਸਹੁਰਾ ਤੇ ਦਿਉਰ। ਫ਼ੌਜੀ ਤਾਂ ਮਹੀਨਾ ਲਾ ਕੇ ਪਲਟਣ ’ਚ ਚਲਾ ਗਿਆ ਸੀ ਜੋ ਉਸ ਸਮੇਂ ਕਸ਼ਮੀਰ ਵਿੱਚ ਸੀ। ਹੱਲੇ ਫਸਾਦਾਂ ਤੋਂ ਬਾਅਦ ਦਾ ਸਮਾਂ ਸੀ ਸ਼ਾਇਦ। ਬਾਪੂ ਤਾਂ ਕੰਮ ਕੋਈ ਨਹੀਂ ਸੀ ਕਰਦਾ। ਜ਼ਮੀਨ ਕਾਸ਼ਤਕਾਰਾਂ ਨੂੰ ਹਿੱਸੇ ’ਤੇ ਦੇ ਦਿੰਦੇ ਤਾਂ ਖਾਣ ਜੋਗੇ ਦਾਣੇ ਤੇ ਮੱਝ ਲਈ ਤੂੜੀ ਵਗੈਰਾ ਆ ਜਾਂਦੀ। ਆਈ ਚਲਾਈ ਲਈ ਫ਼ੌਜੀ ਦੀ ਤਨਖ਼ਾਹ ਸੀ। ਦਿਉਰ ਪੜ੍ਹਦਾ ਸੀ। ਇੱਕ ਵੱਡੀ ਭੈਣ ਸੀ ਬੰਸੋ ਜੋ ਉਸ ਦੇ ਫ਼ੌਜੀ ਤੋਂ ਪੰਜ ਛੇ ਸਾਲ ਵੱਡੀ ਸੀ। ਨਾਲ ਦੇ ਪਿੰਡ ਹੀ ਵਿਆਹੀ ਹੋਈ ਸੀ। ਚੰਗਾ ਘਰ ਸੀ, ਮੱਝਾਂ ਦੇ ਵਪਾਰੀ ਸਨ ਤੇ ਬੰਬੇ (ਮੁੰਬਈ) ਨੂੰ ਵੀ ਗੱਡੀਆਂ ਭਰਦੇ ਸਨ। ਪਰ ਭੈਣ ਨੇ ਉੱਤੋ-ਉੜੱਤੀ ਤਿੰਨ ਕੁੜੀਆਂ ਨੂੰ ਜਨਮ ਦਿੱਤਾ ਹੋਣ ਕਰਕੇ ਕੋਈ ਬਹੁਤੀ ਸੁਖੀ ਨਹੀਂ ਸੀ। ਉਸ ਦੀ ਸੱਸ ਨੂੰ ਅੰਦਰੋ ਅੰਦਰੀ ਉਹਦਾ ਹੀ ਝੋਰਾ ਖਾਈ ਜਾਂਦਾ। ਐਵੇਂ ਕਹੀਏ ਬਾਪੂ ’ਚ ਤਾਂ ਕੋਈ ਕੱਢਣ ਪਾਉਣ ਨੂੰ ਹੈ ਨਹੀਂ ਸੀ, ਸਾਰਾ ਦਿਨ ਅਵਧੂਤ ਸਾਧਾਂ ਦੇ ਡੇਰੇ ਬੈਠਾ ਯੱਕੜ ਮਾਰਦਾ ਰਹਿੰਦਾ। ਬੇਬੇ ਹੀ ਸੀ ਜੋ ਸਾਰੀਆਂ ਘਰੇਲੂ ਜ਼ਿੰਮੇਵਾਰੀਆਂ ਨਿਭਾਈ ਜਾਂਦੀ ਸੀ। ਪ੍ਰਾਹੁਣੇ ਨੇ ਤਾਂ ਆਉਣਾ ਜਾਣਾ ਹੀ ਛੱਡ ਦਿੱਤਾ ਸੀ। ਭੈਣ ਆਪ ਹੀ ਪੇਕੇ ਆਉਂਦੀ ਤੇ ਇਧਰੋਂ ਕਦੇ ਮਾਂ ਕਦੇ ਛੋਟਾ ਰੂਪ ਛੱਡ ਆਉਂਦਾ। ਆਥਣ ਨੂੰ ਮੁੜ ਆਉਂਦੇ। ਬੇਬੇ ਬੋਲਦੀ ਕੁਝ ਨਾ, ਬੱਸ ਕਸੀਸ ਵੱਟ ਕੇ ਰਹਿ ਜਾਂਦੀ। ਬੈਠੀ ਬੈਠੀ ਢਿੱਡ ’ਚ ਮੁੱਕੀਆਂ ਦੇਣ ਲੱਗ ਜਾਂਦੀ, ‘‘ਵੇ ਰੂਪ, ਮੇਰੇ ਢਿੱਡ ’ਚ ਕੁਛ ਹੈ ਵੇ, ਹਾਏ ਵੇ, ਮੇਰੀ ਜਾਨ ਲੈ ਕੇ ਰਹੂ ਇਹ।’’
ਉਹਦੇ ਮੰਜੇ ਕੋਲ ਖੜਕਾ ਜਿਹਾ ਹੋਇਆ। ਉਸ ਨੇ ਅੱਖ ਪੁੱਟ ਕੇ ਵੇਖਣ ਦੀ ਕੋਸ਼ਿਸ਼ ਕੀਤੀ ਪਰ ਵੇਖ ਨਾ ਸਕੀ। ਹਾਂ, ਆਵਾਜ਼ ਜ਼ਰੂਰ ਪਛਾਣ ਲਈ ਸੀ। ਗੋਡਲਾਂ ਦੀ ਨੂੰਹ ਸੀ। ਪਤਾ ਲੈਣ ਆਈ, ਬਹੂ ਨਾਲ ਗੱਲੀਂ ਲੱਗੀ ਸੀ। ‘‘ਕੁੜੇ ਕਿਵੇਂ ਐਂ, ਅੰਮਾ ਜੀ ਹੁਣ?’’ ਬਹੂ ਸਾਰੀ ਰਾਮ ਕਹਾਣੀ ਦੱਸੀ ਜਾ ਰਹੀ ਸੀ, ‘‘ਡਾਕਟਰ ਤਾਂ ਆਂਹਦੇ ਕੋਈ ਅਹੁਰ ਹੈ ਨ੍ਹੀਂ, ਵੱਡੀ ਉਮਰ ਹੈ, ਖਾਧ ਖੁਰਾਕ ਵੀ ਘਟ ਜਾਂਦੀ ਐ ਤੇ ਬੰਦਾ ਵਹਿਮ ਵੀ ਕਰਦੈ।’’ ਸੁਣ ਕੇ ਨਾ ਚਾਹੁੰਦੇ ਵੀ ਉਹ ਮੁਸਕੁਰਾਈ। ਉਸ ਨੂੰ ਕੀ ਪਤੈ ਕਿ ਬੁੜ੍ਹੀ ਨੇ ਕਿਵੇਂ ਹੰਢਾਈ ਹੈ ਇਹ ਜ਼ਿੰਦਗੀ, ਕਿੰਨੇ ਵਾਵਰੋਲੇ, ਕਿੰਨੇ ਤੂਫ਼ਾਨਾਂ ’ਚ ਘਿਰੀ ਉਹਦੀ ਜਾਨ, ਬਹੂ ਕੀ ਜਾਣੇ। ਬੱਸ ਕਿਸੇ ਕੋਲ ਉਭਾਸਰੀ ਹੀ ਨ੍ਹੀਂ ਉਹ ਕਦੇ। ਕਰਦੀ ਵੀ ਕੀ? ਸਾਰਾ ਕੁਝ ਆਪਣੇ ਅੰਦਰ ਹੀ ਸਮੇਟੀ ਰੱਖਦੀ। ਗੋਡਲਾਂ ਦੀ ਨੂੰਹ ਹਾਲੇ ਛੋਟੇ ਦੀ ਬਹੂ ਨਾਲ ਗੱਲੀਂ ਲੱਗੀ ਹੋਈ ਸੀ, ‘‘ਕਿਵੇਂ ਕੁੜੇ ਨੂੰਹ-ਪੁੱਤ ਦਾ ਫੋਨ ਫੂਨ ਆ ਜਾਂਦੈ?’’ ‘‘ਹਾਂ ਭੈਣੇ, ਕਰਦੇ ਰਹਿੰਦੇ ਆ ਜਦੋਂ ਟੈਮ ਮਿਲਦੈ।’’ ਕਹਿਣ ਨੂੰ ਤਾਂ ਬਹੂ ਕਹਿ ਗਈ, ਪਰ ਉਸ ਦੇ ਅੰਦਰਲੇ ਗੁੱਭ-ਗੁਲ੍ਹਾਟ ਨੂੰ ਕੋਈ ਕੀ ਸਮਝੇ। ਪੂਰੇ ਅੱਠ ਸਾਲ ਹੋ ਗਏ ਨੂੰਹ ਪੁੱਤ ਨੂੰ ਆਸਟਰੇਲੀਆ ਗਿਆਂ। ਮੁੜ ਕੇ ਵੱਤੀ ਨ੍ਹੀਂ ਵਾਹੀ। ਮੁੰਡਾ ਤਾਂ ਪੜ੍ਹਨ ’ਚ ਸੂਤ ਹੀ ਸੀ ਪਰ ਕੁੜੀ ਚੰਗੀ ਪੜ੍ਹੀ ਲੱਭ ਕੇ ਦੋਵੇਂ ਇੱਕ ਵਾਰ ਤਾਂ ਤੋਰ ਦਿੱਤੇ। ਪੰਡ ਰੁਪਈਆਂ ਦੀ ਤਾਂ ਛੋਟੇ ਨੇ ਹੀ ਖਰਚੀ ਸੀ। ਪਹਿਲਾਂ ਤਾਂ ਛੇ ਕੁ ਮਹੀਨੇ ਹਰ ਰੋਜ਼ ਫੋਨ ਆਉਂਦਾ ਸੀ। ਫਿਰ ਘਟਦਾ ਘਟਦਾ ਮਹੀਨੇ ਛਿਮਾਹੀ ’ਤੇ ਆ ਗਿਆ। ਹੁਣ ਇਹ ਦੋਵੇਂ ਜੀਅ ਆਪ ਕਰ ਲੈਣ ਤਾਂ ਕਰ ਲੈਣ, ਉਨ੍ਹਾਂ ਦਾ ਤਾਂ ਸਰਿਆ ਹੀ ਪਿਆ। ਦਾਦੀ ਨਾਲ ਗੱਲ ਕੀਤਿਆਂ ਮੁੱਦਤਾਂ ਹੀ ਹੋ ਗਈਆਂ। ਅਖੇ, ‘‘ਟਾਈਮ ਹੀ ਨਹੀਂ ਹੁੰਦਾ, ‘ਵਾਧੂ’ ਗੱਲਾਂ ਜੋਗਾ।’’ ਛੋਟੇ ਦੇ ਕੰਮ ’ਤੇ ਚਲੇ ਜਾਣ ਮਗਰੋਂ ਕਮਰੇ ’ਚ ਵੜ ਕੇ ਬੈਠੀ ਹਾਉਕੇ ਭਰਦੀ ਰਹਿੰਦੀ ਹੈ। ਜਦੋਂ ਵੀ ਆਵਾਜ਼ ਮਾਰੀਏ ਮੂੰਹ ਪੂੰਝਦੀ ਆ ਜਾਊ। ਪੁੱਛਣ ’ਤੇ ਇਹੀ ਕਹੂ, ਬੱਸ ਜੁਕਾਮ ਜਿਹੈ, ਰੇਸ਼ਾ ਅੰਦਰ ਡਿੱਗਣ ਕਰਕੇ ਅੰਦਰ ਭਾਰਾ ਭਾਰਾ ਜਿਹਾ ਹੋਇਆ ਪਿਆ। ਉਹ ਸਮਝ ਤਾਂ ਸਾਰਾ ਕੁਝ ਜਾਂਦੀ, ਪਰ ਕੁਰੇਦਦੀ ਨਾ। ਬੰਦਾ ਬਾਹਰ ਅੰਦਰ ਜਾ ਕੇ ਮਨ ਨੂੰ ਹੋਰ ਪਾਸੇ ਲਾ ਲੈਂਦੈ, ਪਰ ਤੀਵੀਆਂ ਕੀ ਕਰਨ। ਕਿਸੇ ਕੋਲ ਢਿੱਡ ਫਰੋਲ ਵੀ ਨਹੀਂ ਸਕਦੀਆਂ। ਫਿਰ ਅੰਦਰ ਗੋਲੇ ਹੀ ਬਣਨਗੇ, ਹੋਰ ਕੀ ਹੋਊ!
ਉਹ ਸੋਚਦੀ, ‘ਜਦੋਂ ਬੇਬੇ ਢਿੱਡ ਅੰਦਰਲੇ ਗੋਲੇ ਦੀ ਦੁਹਾਈ ਦਿੰਦੀ ਸੀ ਤਾਂ ਉਸ ਵੇਲੇ ਮੈਂ ਵੀ ਹੈਰਾਨ ਹੁੰਦੀ ਸੀ।’ ਪਰ, ਹੁਣ ਉਸ ਨੂੰ ਲਗਦਾ ਕਿ ਬੇਬੇ ਨਾਲੋਂ ਵੀ ਵੱਡਾ ਗੋਲਾ ਉਹਦੇ ਆਪਣੇ ਅੰਦਰ ਘੁੰਮਦਾ ਹੈ ਜੋ ਜਾਨ ਦਾ ਖੌਅ ਬਣਿਆ ਹੋਇਆ ਹੈ। ਜੇ ਬੇਬੇ ਨੇ ਟੱਬਰ ਚਲਾਉਣ ਲਈ ਤਰ੍ਹਾਂ ਤਰ੍ਹਾਂ ਦੇ ਪਾਪੜ ਵੇਲੇ ਤਾਂ ਸੌਖ ਉਸ ਨੇ ਆਪ ਵੀ ਕੋਈ ਨਹੀਂ ਸੀ ਵੇਖੀ। ਉਹਦੀਆਂ ਅੱਖਾਂ ਮੂਹਰੇ ਸਭ ਕੁਝ ਘੁੰਮੀ ਜਾ ਰਿਹਾ ਸੀ। ਉਹਦੀ ਨਣਾਨ ਬੰਸੋ ਜਦੋਂ ਤਾਹਨਿਆਂ ਮਿਹਣਿਆਂ ਤੋਂ ਔਖੀ ਹੋਈ ਤਿੰਨੇ ਕੁੜੀਆਂ ਲੈ ਕੇ ਰੋਂਦੀ ਆ ਗਈ ਤਾਂ ਘਰ ਵਿੱਚ ਜਿਵੇਂ ਬੰਬ ਡਿੱਗ ਪਿਆ ਹੋਵੇ ਤੇ ਉਸੇ ਬੰਬ ਦੀ ਆਵਾਜ਼ ਬੇਬੇ ਦੇ ਅੰਦਰ ਗੋਲਾ ਬਣ ਕੇ ਉਤਰ ਗਈ। ਆਂਢ-ਗੁਆਂਢ ਦੀਆਂ ਜ਼ਨਾਨੀਆਂ ਘੋਖ ਕਰਦੀਆਂ ਦੋਹਤੀਆਂ ਨੂੰ ਪੁੱਛਦੀਆਂ, ‘‘ਕੁੜੇ, ਥੋਡਾ ਭਾਪਾ ਨ੍ਹੀਂ ਆਇਆ?’’ ਤਾਂ ਬੰਸੋ ਇਹੀ ਦੱਸਦੀ ਕਿ ਪ੍ਰਾਹੁਣਾ ਬੰਬਈ ਗਿਆ ਮਾਲ ਗੱਡੀ ’ਚ ਮੱਝਾਂ ਲੈ ਕੇ। ਬੰਬਈ ਗਿਆਂ ਨੂੰ ਦੋ ਤਿੰਨ ਮਹੀਨੇ ਲੱਗ ਹੀ ਜਾਂਦੇ ਨੇ। ਬਹੁਤਾ ਨਾ ਬੋਲਦੀ। ਬੱਸ ਬਹਾਨੇ ਨਾਲ ਅੰਦਰ ਚਲੀ ਜਾਂਦੀ। ਫਿਰ ਕਿੰਨਾ ਚਿਰ ਬਾਹਰ ਨਾ ਆਉਂਦੀ। ਕੋਈ ਡੇਢ ਕੁ ਮਹੀਨੇ ਬਾਅਦ ਫ਼ੌਜੀ ਆਇਆ ਤਾਂ ਇੱਕ-ਦੋ ਸਿਆਣੇ ਬੰਦੇ ਪਾ ਕੇ ਕੁੜੀ ਤੁਰਦੀ ਕੀਤੀ। ਰੂਪ ਨੇ ਦਸਵੀਂ ਕਰ ਲਈ ਸੀ ਤੇ ਉਸ ਨੂੰ ਨੌਕਰੀ ਵੀ ਮਿਲ ਗਈ ਪਿੰਡੋਂ ਦੂਰ। ਉਹ ਉੱਥੇ ਹੀ ਰਹਿੰਦਾ। ਹਫ਼ਤੇ ਬਾਅਦ ਘਰ ਆਉਂਦਾ। ਹੁਣ ਘਰ ਦਾ ਤੋਰਾ ਠੀਕ ਤੁਰ ਪਿਆ। ’ਕੱਲੇ ਫ਼ੌਜੀ ਦੀ ਤਨਖ਼ਾਹ ਨਾਲ ਕੀ ਬਣਦਾ ਸੀ, ਤਿੰਨ ਜੁਆਕ ਉਹਦੇ ਸਨ ਜੋ ਹੁਣ ਸਕੂਲ ਜਾਣ ਲੱਗ ਪਏ ਸਨ। ਫਿਰ ਬੇਬੇ ਨੇ ਚਾਈਂ ਚਾਈਂ ਰੂਪ ਦਾ ਵਿਆਹ ਕੀਤਾ। ਬੇਬੇ ਦੇ ਸਾਰੇ ਚਾਅ ਧਰੇ ਧਰਾਏ ਰਹਿ ਗਏ ਜਦੋਂ ਦੋ ਕੁ ਮਹੀਨਿਆਂ ਬਾਅਦ ਰੂਪ ਆਪਣੀ ਵਹੁਟੀ ਨੂੰ ਨਾਲ ਲੈ ਗਿਆ। ਫਿਰ ਰੂਪ ਨੇ ਇਹ ਕਹਿ ਕੇ ਹੱਥ ਝਾੜਨਾ ਵੀ ਬੰਦ ਕਰ ਦਿੱਤਾ ਕਿ ਸਰਦਾ ਨਹੀਂ, ਸ਼ਹਿਰ ਦੀ ਮਹਿੰਗਾਈ ਪੱਟੀ ਨ੍ਹੀਂ ਬੱਝਣ ਦਿੰਦੀ। ਬੱਸ ਫ਼ੌਜੀ ਦਾ ਮਨੀਆਰਡਰ ਹੀ ਸੀ। ਬੜੇ ਔਖੇ ਦਿਨ ਸਨ। ਜੁਆਕਾਂ ਦਾ ਸਕੂਲ ਦਾ ਖਰਚਾ, ਹੋਰ ਘਰ ਦੇ ਖਰਚੇ ਤੋਰਨ ਲਈ ਉਸ ਨੇ ਲੋਕਾਂ ਦਾ ਸੂਤ ਕੱਤਣਾ ਸ਼ੁਰੂ ਕਰ ਲਿਆ। ਜਿਹੜੇ ਘਰ ਦੀਆਂ ਬੀਬੀਆਂ ਖੱਡੀ ਬੁਣਦੀਆਂ, ਉਨ੍ਹਾਂ ਘਰਾਂ ਤੋਂ ਰੂੰ ਦੀਆਂ ਪੂਣੀਆਂ ਲਿਆਉਂਦੀ। ਫਿਰ ਰਾਤ ਨੂੰ ਜੁਆਕ ਪੜ੍ਹਦੇ ਤਾਂ ਉਹ ਅੱਧੀ ਅੱਧੀ ਰਾਤ ਤੱਕ ਕੱਤਦੀ ਰਹਿੰਦੀ। ਬੇਬੇ ਬਾਪੂ ਤਾਂ ਕਦੋਂ ਦੇ ਵਾਰੀ ਵਾਰੀ ਤੁਰਦੇ ਬਣੇ। ਕਬੀਲਦਾਰੀ ਦਾ ਸਾਰਾ ਝੰਜਟ ਉਹਦੇ ਸਿਰ ਸੀ। ਫਿਰ ਵੀ ਅੱਕੀ ਥੱਕੀ ਨਹੀਂ। ਗੁਆਂਢਣਾਂ ਕਹਿੰਦੀਆਂ ਵੀ ਰਹਿੰਦੀਆਂ, ‘‘ਕਦੇ ਆਰਾਮ ਕਰ ਲਿਆ ਕਰ, ਸਾਰਾ ਦਿਨ ਊਰੀ ਵਾਂਗੂੰ ਘੁਕਦੀ ਹੀ ਰਹਿੰਨੀ ਐਂ।’’ ਉਸ ਨੂੰ ਲੱਗਿਆ ਜਿਵੇਂ ਉਸ ਦੀਆਂ ਅੱਖਾਂ ’ਚੋਂ ਪਾਣੀ ਵਗਿਆ ਹੈ। ਉਸ ਨੇ ਢਿੱਡ ’ਚ ਦਿੱਤੀ ਮੁੱਕੀ ਹਟਾ ਕੇ ਸੱਜੇ ਹੱਥ ਦੇ ਅੰਗੂਠੇ ਤੇ ਪਹਿਲੀ ਉਂਗਲ ਨਾਲ ਅੱਖਾਂ ਪੂੰਝੀਆਂ। ਉਸ ਨੂੰ ਭੁਲੇਖਾ ਲੱਗਿਆ ਸੀ। ਅੱਖਾਂ ਦੇ ਕੋਏ ਤਾਂ ਸੁੱਕੇ ਹੀ ਸਨ। ਉਸ ਨੂੰ ਲੱਗਿਆ ਕਿ ਅੱਖਾਂ ਦਾ ਪਾਣੀ ਜਿਵੇਂ ਉਸ ਦੇ ਅੰਦਰ ਹੀ ਵਹਿ ਗਿਆ ਹੋਵੇ। ਇਸ ਤਰ੍ਹਾਂ ਪਹਿਲਾਂ ਵੀ ਕਈ ਵਾਰੀ ਹੋਇਆ ਸੀ। ਉਸ ਨੂੰ ਜਾਪਦਾ ਜਿਵੇਂ ਉਸ ਦਾ ਅੰਦਰ ਹੀ ਰੋਂਦਾ ਹੋਵੇ। ਉਹ ਇੱਕ ਡੂੰਘਾ ਹਾਉਕਾ ਭਰ ਕੇ ਰਹਿ ਜਾਂਦੀ। ਉਹ ਅੰਦਰੋਂ ਭਾਵੇਂ ਰੋਜ਼ ਟੁੱਟਦੀ ਪਰ ਬਾਹਰੋਂ ਇੱਕ ਮਜ਼ਬੂਤ ਥੰਮ੍ਹ ਬਣ ਕੇ ਸਾਰੀਆਂ ਔਕੜਾਂ ਝੱਲ ਜਾਂਦੀ। ਉਸ ਦੀ ਇਹ ਹਿੰਡ ਸੀ ਕਿ ਜੁਆਕ ਪੜ੍ਹਾਉਣੇ ਹਨ ਤਾਂ ਕਿ ਕਿਸੇ ਰੁਜ਼ਗਾਰ ਸਿਰ ਹੋ ਜਾਣ। ਬੇਬੇ ਵਾਂਗੂੰ ਉਸ ਦੇ ਆਪਣੇ ਅੰਦਰ ਵੀ ਇੱਕ ਤਰ੍ਹਾਂ ਦਾ ਗੋਲਾ ਜਿਹਾ ਘੁੰਮਦਾ ਰਹਿਣ ਲੱਗ ਪਿਆ। ਕਈ ਵਾਰ ਤਾਂ ਉਹ ਘੰਟਾ ਘੰਟਾ ਢਿੱਡ ’ਚ ਮੁੱਕੀਆਂ ਦਿੰਦੀ ਪਈ ਰਹਿੰਦੀ। ਜੁਆਕ ਪੁੱਛਦੇ, ਪਿੰਡ ਵਾਲੇ ਡਾਕਟਰ ਤੋਂ ਦਵਾਈ ਲੈ ਕੇ ਆਉਣ ਦੀ ਗੱਲ ਕਰਦੇ ਤਾਂ ਉਹ ਨਾਂਹ ’ਚ ਸਿਰ ਹਿਲਾ ਦਿੰਦੀ। ਫਿਰ ਇੱਕ ਦਿਨ ਜਿਹੜਾ ਪਹਾੜ ਟੁੱਟਿਆ, ਉਹ ਤਾਂ ਉਸ ਨੂੰ ਲੈ ਕੇ ਹੀ ਬਹਿ ਗਿਆ। ਫ਼ੌਜੀ ਪੈਨਸ਼ਨ ਆਉਣ ਤੋਂ ਇੱਕ ਸਾਲ ਪਹਿਲਾਂ ਹੀ ਗੱਠੜੀ ਬੰਨ੍ਹਿਆ ਘਰ ਆ ਗਿਆ। ਪਲਟਣ ਦੀ ਇੱਕ ਗੱਡੀ ਡੂੰਘੀ ਖੱਡ ਵਿੱਚ ਡਿੱਗ ਪਈ ਸੀ। ਕਹਿੰਦੇ, ਕੋਈ ਨਹੀਂ ਸੀ ਬਚਿਆ। ਬੱਸ ਕਹਿਰ ਦੀ ਰਾਤ ਸੀ ਉਹ। ਫ਼ੌਜੀ ਦੀ ਦੇਹ ਬਰਫ਼ ਦੀਆਂ ਸਿੱਲੀਆਂ ’ਚ ਲਾ ਕੇ ਰੱਖੀ ਹੋਈ ਸੀ। ਦਿਨ ਚੜ੍ਹਨ ’ਤੇ ਹੀ ਸਸਕਾਰ ਹੋਣਾ ਸੀ। ਤੀਵੀਆਂ ਉਸ ਨੂੰ ਹਲੂਣਦੀਆਂ, ਰੋਣ ਨੂੰ ਕਹਿੰਦੀਆਂ ਪਰ ਉਹ ਤਾਂ ਜਿਵੇਂ ਪੱਥਰ ਹੀ ਬਣ ਗਈ ਹੋਵੇ। ਤੁਰਦਾ ਫਿਰਦਾ ਪੱਥਰ। ਪਥਰਾਈਆਂ ਅੱਖਾਂ ਕਿੰਨਾ ਚਿਰ ਡੌਰ-ਭੌਰ ਹੋਈਆਂ ਖੁੱਲ੍ਹੇ ਦਰਵਾਜ਼ੇ ਵੱਲ ਵੇਖਦੀਆਂ ਰਹਿੰਦੀਆਂ। ਆਸਮਾਨੀਂ ਚੜ੍ਹੇ ਭੌਰ ਕਦ ਮੁੜਦੇ ਨੇ? ਦਿਨ ਲੰਘਦੇ ਗਏ। ਸਬਰ ਦਾ ਘੁੱਟ ਭਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ। ਵੱਡੇ ਮੁੰਡੇ ਨੂੰ ਤਹਿਸੀਲ ’ਚ ਨੌਕਰੀ ਮਿਲ ਗਈ। ਫ਼ੌਜੀ ਦੀ ਪੈਨਸ਼ਨ ਆ ਜਾਂਦੀ। ਘਰ ਦਾ ਤੋਰਾ ਤੁਰ ਪਿਆ। ਫਿਰ ਫ਼ੌਜੀ ਦਾ ਸਰਕਾਰੋਂ ਮਿਲਿਆ ਪੈਸਾ ਤੇ ਹੋਰ ਕਰ ਕਰਾ ਕੇ ਵੱਡਿਓਂ ਛੋਟੀ ਕੁੜੀ ਵਿਆਹ ਕੇ ਉਹ ਕੁਝ ਸੁਰਖਰੂ ਹੋ ਗਈ ਸੀ। ਹੁਣ ਘਰ ਵਿੱਚ ਪਹਿਲਾਂ ਇੱਕ ਮੱਝ ਤੇ ਫਿਰ ਦੋ ਕਰ ਲਈਆਂ। ਇੱਕ ਦਾ ਦੁੱਧ ਡੇਅਰੀ ਪਾ ਦਿੰਦੇ ਤੇ ਇੱਕ ਦਾ ਘਰੇ ਵਰਤ ਲਿਆ ਜਾਂਦਾ। ਸੋਹਣਾ ਤੋਰਾ ਤੁਰ ਪਿਆ। ਛੋਟੇ ਮੁੰਡੇ ਨੇ ਆਪਣੇ ਇੱਕ ਜਾਣੂੰ ਨਾਲ ਰਲ ਕੇ ਸ਼ਹਿਰ ਪੈਸਟੀਸਾਈਡ ਦੀ ਦੁਕਾਨ ਖੋਲ੍ਹ ਲਈ। ਦੋਵਾਂ ਦਾ ਸੁਭਾਅ ਮਿਲਦਾ ਸੀ। ਬੋਲਚਾਲ ਦੇ ਦੋਵੇਂ ਨਿੱਘੇ ਹੋਣ ਕਰਕੇ ਆਸੇ-ਪਾਸੇ ਦੇ ਪਿੰਡਾਂ ਵਿੱਚ ਚੰਗੀ ਗਾਹਕੀ ਬਣਾ ਲਈ। ਸੋਹਣਾ ਕੰਮ ਤੁਰ ਪਿਆ। ਵੱਡੇ ਮੁੰਡੇ ਦੇ ਦਫ਼ਤਰ ਦਾ ਸੁਪਰਡੈਂਟ ਚੰਡੀਗੜ੍ਹ ਤੋਂ ਤਰੱਕੀ ਕਰਕੇ ਆਇਆ ਸੀ। ਉਹ ਮੁੰਡੇ ਦਾ ਖਾਸਾ ਤਿਹੁ ਕਰਦਾ ਸੀ। ਉਸ ਦੇ ਇਕੱਲੀ ਕੁੜੀ ਹੀ ਕੁੜੀ ਸੀ। ਇੱਕ ਦਿਨ ਦੁਪਹਿਰ ਨੂੰ ਮੁੰਡੇ ਨਾਲ ਘਰ ਆਇਆ ਤੇ ਘਰ-ਬਾਰ ਵੇਖ ਗਿਆ। ਸਾਧਾਰਨ ਘਰ ਸੀ ਉਨ੍ਹਾਂ ਦਾ। ਪਰ ਸੁਪਰਡੈਂਟ ਤਾਂ ਸਾਰਾ ਹਿਸਾਬ ਕਿਤਾਬ ਲਾ ਕੇ ਆਇਆ ਸੀ। ਦਰਅਸਲ, ਉਸ ਨੂੰ ਮੁੰਡੇ ਦਾ ਸਾਊਪੁਣਾ ਹੀ ਭਾਅ ਗਿਆ ਸੀ। ਉਂਝ ਮੁੰਡੇ ਦੀ ਤਰੱਕੀ ਹੋਣ ਦੇ ਨੇੜੇ ਸੀ। ਸੁਪਰਡੈਂਟ ਨੇ ਦਿਨਾਂ ’ਚ ਸਾਰਾ ਪੱਕ ਪਕਾ ਲਿਆ। ਘਰਦੇ ਘਰਦੇ ਬੰਦੇ ਬੁਲਾ ਕੇ ਚਾਰ ਲਾਵਾਂ ਪੜ੍ਹਾ ਦਿੱਤੀਆਂ। ਵਹੁਟੀ ਚੰਡੀਗੜ੍ਹ ਦੇ ਨੇੜੇ ਹੀ ਪੰਜਾਬ ’ਚ ਕਿਸੇ ਸਕੂਲ ’ਚ ਪ੍ਰਾਇਮਰੀ ਅਧਿਆਪਕ ਸੀ। ਖ਼ੈਰ, ਵਿਆਹ ਤੋਂ ਬਾਅਦ ਦਸ ਕੁ ਦਿਨ ਵਹੁਟੀ ਉਨ੍ਹਾਂ ਕੋਲ ਰਹੀ। ਅਗਲੇ ਮਹੀਨੇ ਜਿਵੇਂ ਹੀ ਮੁੰਡੇ ਦੇ ਲੋਅਰ ਕਲਰਕ ਤੋਂ ਅੱਪਰ ਕਲਰਕ ਦੇ ਤਰੱਕੀ ਦੇ ਆਰਡਰ ਆਏ ਨਾਲ ਹੀ ਬਦਲੀ ਚੰਡੀਗੜ੍ਹ ਦੇ ਵੱਡੇ ਦਫ਼ਤਰ ’ਚ ਹੋ ਗਈ ਜਾਂ ਕਹਿ ਲਉ ਕਰਵਾ ਲਈ ਤੇ ਮੁੰਡਾ ਘਰ ਜਵਾਈ ਬਣ ਗਿਆ। ਚੰਡੀਗੜ੍ਹ ਦੀ ਚਕਾਚੌਂਧ ਨੇ ਹੌਲੀ ਹੌਲੀ ਮੁੰਡਾ ਉਨ੍ਹਾਂ ਤੋਂ ਦੂਰ ਕਰ ਦਿੱਤਾ। ਘਰ ਦਾ ਤੋਰਾ ਤਾਂ ਚੰਗਾ ਚੱਲ ਪਿਆ ਸੀ। ਛੋਟੇ ਮੁੰਡੇ ਅਤੇ ਉਸ ਦੇ ਭਾਈਵਾਲ ਨੇ ਰਲ ਕੇ ਨਾਲ ਦੀ ਕਰਿਆਨੇ ਦੀ ਚਲਦੀ ਦੁਕਾਨ ਖ਼ਰੀਦ ਲਈ। ਦਸ ਪੈਸਿਆਂ ਦੀ ਹਿੱਸੇਦਾਰੀ ਬਣਦੀ ਤਨਖ਼ਾਹ ਉੱਤੇ ਉਨ੍ਹਾਂ ਨੇ ਆਪਣੇ ਜਾਣਕਾਰ ਮਹਾਜਨਾਂ ਦੇ ਮੁੰਡੇ ਨੂੰ ਰੱਖ ਲਿਆ। ਦੂਹਰਾ ਫ਼ਾਇਦਾ ਸੀ। ਜਿਹੜੇ ਗਾਹਕ ਦੂਜੀ ਦੁਕਾਨ ’ਤੇ ਆਉਂਦੇ, ਉਨ੍ਹਾਂ ’ਚੋਂ ਅੱਧ-ਪਚੱਧੇ ਕਰਿਆਨਾ ਵੀ ਲੈ ਜਾਂਦੇ। ਇਸ ਲਈ ਤੰਗੀ ਤੁਰਸ਼ੀ ਦੀ ਤਾਂ ਹੁਣ ਕੋਈ ਗੱਲ ਹੀ ਨਹੀਂ ਸੀ, ਪਰ ਵੱਡੇ ਮੁੰਡੇ ਦਾ ਇਸ ਤਰ੍ਹਾਂ ਮੋਹ ਤੋੜ ਹੋਣਾ ਉਸ ਤੋਂ ਝੱਲਿਆ ਨਹੀਂ ਸੀ ਜਾਂਦਾ। ਦੋ ਜੁਆਕ ਹੋਏ ਉਹ ਵੀ ਚੰਡੀਗੜ੍ਹ ਹੀ। ਛੋਟਾ ਜਾ ਕੇ ਬਣਦਾ ਸਰਦਾ ਦੇ ਆਇਆ ਸੀ। ਆਪ ਤਾਂ ਉਹ ਸਾਲ ਛਿਮਾਹੀ ਗੇੜਾ ਮਾਰਦੇ। ਇੱਕ ਦਿਨ ਪਿੰਡ ਆਏ ਵੱਡੇ ਨੇ ਤਾਂ ਕੱਛ ’ਚੋਂ ਮੂੰਗਲੀ ਕੱਢ ਮਾਰੀ। ਆਖੇ, ਬਾਰਾਂ ਕਨਾਲਾਂ ਪੈਲੀ ’ਚੋਂ ਮੇਰਾ ਹਿੱਸਾ ਵੇਚ ਕੇ ਮੈਨੂੰ ਦਿਓ ਪਰ ਉਹ ਆਪ ਨਹੀਂ ਸੀ ਮੰਨੀ। ਉਸ ਦਾ ਆਉਣਾ ਜਾਣਾ ਘਟ ਗਿਆ। ਫਿਰ ਜਦੋਂ ਛੋਟੇ ਦਾ ਹੱਥ ਪਿਆ, ਉਸ ਨੇ ਭਰਾ ਨੂੰ ਬੁਲਾ ਕੇ ਉਸ ਦਾ ਹਿਸਾਬ ਨਿਬੇੜ ਦਿੱਤਾ। ਹੁਣ ਕਦੇ ਕਦਾਈਂ ਫੋਨ ਕਰ ਲੈਂਦੈ। ਇੱਕ ਬੇਟਾ ਅਮਰੀਕਾ ਪੜ੍ਹਨ ਭੇਜ ਦਿੱਤਾ ਤੇ ਦੂਜਾ ਚੰਡੀਗੜ੍ਹ ਹੀ ਪੜ੍ਹਦੈ।
ਕਿਤੇ ਦੀ ਕਿਤੇ ਉਸ ਦੀ ਸੋਚ ਉਡਾਰੀ ਲਾ ਗਈ। ਗੁਰਦੁਆਰੇ ਦੇ ਸਪੀਕਰ ’ਚੋਂ ਆਵਾਜ਼ ਆਈ, ਭਾਈ ਨੇ ਰਹਿਰਾਸ ਸਾਹਿਬ ਦਾ ਪਾਠ ਸ਼ੁਰੂ ਕਰ ਲਿਆ। ਜਦੋਂ ਦੀ ਉਹ ਚੁੱਲੇ ਚੌਂਕੇ ਤੋਂ ਵਿਹਲੀ ਹੋਈ ਸੀ ਉਸ ਦਾ ਨੇਮ ਸੀ ਉਸ ਆਥਣ ਵੇਲੇ ਗੁਰੂਘਰ ਜਾਣਾ ਹੀ ਹੁੰਦਾ। ਉਸ ਦਾ ਮੰਜਾ ਹਿੱਲਿਆ, ‘‘ਬੀਬੀ, ਤੇਰਾ ਮੰਜਾ ਅੰਦਰ ਕਰ ਦੇਈਏ, ਠੰਢ ਉਤਰ ਆਈ।’’ ਛੋਟੇ ਤੇ ਬਹੂ ਨੇ ਮੰਜਾ ਚੁੱਕ ਕੇ ਅੰਦਰ ਵੱਡੇ ਕਮਰੇ ’ਚ ਲਿਆ ਰੱਖਿਆ। ਛੋਟਾ ਪੈਂਦ ਵੱਲ ਬੈਠ ਕੇ ਲੱਤਾਂ ਘੁੱਟਣ ਲੱਗ ਪਿਆ। ‘‘ਲੈ ਬੀਬੀ ਦਲੀਆ ਖਾ ਲੈ।’’ ਬਹੂ ਸਿਰਹਾਣੇ ਵਾਲੇ ਪਾਸੇ ਸਟੂਲ ਰੱਖੀ ਬੈਠੀ ਸੀ। ਤਿੰਨ ਚਾਰ ਚਮਚੇ ਖਾਣ ਤੋਂ ਬਾਅਦ ਉਸ ਨੇ ਸਿਰ ਫੇਰ ਦਿੱਤਾ। ‘‘ਫੋਨ ਕੀਤਾ ਸੀ ਮੈਂ ਚੰਡੀਗੜ੍ਹ, ਬਾਈ ਨੂੰ। ਕੱਲ੍ਹ ਨੂੰ ਆਉਣਗੇ ਉਹ।’’ ਛੋਟਾ ਦੱਸ ਰਿਹਾ ਸੀ, ‘‘ਤੇ ਗੁੱਡੀ ਭੈਣ ਵੀ।’’
ਉਸ ਨੇ ਬੇਮਾਲੂਮਾ ਜਿਹਾ ਹਾਉਕਾ ਲਿਆ, ਅੱਖਾਂ ਮੀਚ ਲਈਆਂ ਤੇ ਛੋਟੇ ਨੂੰ ਹੱਥ ਦੇ ਇਸ਼ਾਰੇ ਨਾਲ ਰੋਕ ਦਿੱਤਾ। ਮੁੰਡੇ ਤੇ ਬਹੂ ਨੇ ਉਸ ਦੇ ਦੋਵੇਂ ਪਾਸੇ ਮੰਜੇ ਡਾਹ ਲਏ।
ਗੁਰੂਘਰ ’ਚ ਆਰਤੀ ਹੋਈ ਜਾ ਰਹੀ ਸੀ। ਉਸ ਨੇ ਸੋਚਿਆ, ਲੰਮੀ ਪਈ ਉਸ ਨੇ ਕਿੰਨਾ ਸਫ਼ਰ ਕਰ ਲਿਆ ਸੀ। ਮਾੜੇ ਦਿਨਾਂ ਤੋਂ ਚੰਗੇ ਦਿਨ ਵੀ ਆਏ। ਔਲਾਦ ਪੜ੍ਹ ਗਈ, ਰੁਜ਼ਗਾਰਯਾਫ਼ਤਾ ਹੋ ਕੇ ਤਿੰਨੇ ਆਪੋ ਆਪਣੇ ਘਰਾਂ ’ਚ ਸੁਖੀ ਹਨ, ਪਰ ਇਹ ਸਭ ਉਸ ਦੇ ਫ਼ੌਜੀ ਨੇ ਨਹੀਂ ਸੀ ਵੇਖਣਾ। ਕਿੰਨੀ ਰੀਝ ਸੀ ਉਸ ਦੀ, ਰਿਟਾਇਰ ਹੋ ਕੇ ਆਵਾਂਗਾ ਤਾਂ ਆਹ ਕਰਾਂਗੇ, ਉਹ ਕਰਾਂਗੇ, ਛੁੱਟੀ ਆਇਆ ਵਿਉਂਤਾਂ ਬਣਾਉਂਦਾ ਰਹਿੰਦਾ। ਚੰਦਰੇ ਨੇ ਸੁਖ ਨਹੀਂ ਸੀ ਵੇਖਣਾ ਤੇ ਮੈਨੂੰ ਵੀ ਅੱਧਵਾਟੇ ਛੱਡ ਗਿਆ। ਸੋਚ ਕੇ ਉਸ ਦਾ ਗੱਚ ਭਰ ਆਇਆ। ਉਸ ਦੇ ਕੰਨਾਂ ’ਚ ਗੁਰਦੁਆਰੇ ਹੋ ਰਹੀ ਅਰਦਾਸ ਦੀ ਆਵਾਜ਼ ਪਈ। ਉਸ ਦੇ ਛਾਤੀ ’ਤੇ ਰੱਖੇ ਹੱਥ ਆਪਣੇ ਆਪ ਹੀ ਜੁੜ ਗਏ। ਉਸ ਦੀਆਂ ਅੱਖਾਂ ਵੀ ਭਾਰੀਆਂ ਹੋਈ ਜਾ ਰਹੀਆਂ ਸਨ। ਨੀਂਦ ਆ ਰਹੀ ਸੀ ਤੇ ਫਿਰ ਉਹ ਗੂੜ੍ਹੀ ਨੀਂਦ ਸੌਂ ਗਈ।
ਈ-ਮੇਲ: kaplash1956@gmail.com

Advertisement
Advertisement