ਵੀਸੀ ਦੀ ਗੱਡੀ ਸਣੇ ਪੰਜਾਬੀ ’ਵਰਸਿਟੀ ਦੇ 6 ਵਾਹਨਾਂ ਦੀ ਕੁਰਕੀ ਦੇ ਹੁਕਮ
ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਜੂਨ
ਮਹਿਲਾ ਲੈਕਚਰਾਰ ਨੂੰ ਪੈਨਸ਼ਨ ਦੇਣ ਸਬੰਧੀ ਹੁਕਮਾਂ ਦੀ ਪਾਲਣਾ ਨਾ ਕਰਨ ’ਤੇ ਇੱਥੋਂ ਦੀ ਅਦਾਲਤ ਨੇ ਵਾਈਸ ਚਾਂਸਲਰ ਦੀ ਗੱਡੀ ਸਣੇ ਪੰਜਾਬੀ ਯੂਨੀਵਰਸਿਟੀ ਦੀਆਂ ਛੇ ਗੱਡੀਆਂ ਅਟੈਚ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਪਟਿਆਲਾ ਦੇ ਵਧੀਕ ਸੈਸ਼ਨ ਜੱਜ ਅਤੁਲ ਕੰਬੋਜ ਦੀ ਅਦਾਲਤ ਵੱਲੋਂ ਸੁਣਾਏ ਗਏ ਹਨ। ਹੁਣ ਮਾਮਲੇ ਦੀ ਅਗਲੀ ਸੁਣਵਾਈ 2 ਜੁਲਾਈ ਨੂੰ ਹੋਵੇਗੀ। ਮਿਲੀ ਜਾਣਕਾਰੀ ਅਨੁਸਾਰ, 2015 ਵਿੱਚ ਸੇਵਾਮੁਕਤ ਹੋਈ ਇੰਦਰਜੀਤ ਕੌਰ ਨਾਮ ਦੀ ਮਹਿਲਾ ਲੈਕਚਰਾਰ ਨੇ ਅਦਾਲਤ ਵਿੱਚ ਪਹੁੰਚ ਕਰਦਿਆਂ ਆਖਿਆ ਸੀ ਕਿ ਸਾਰੀਆਂ ਸ਼ਰਤਾਂ ਤੇ ਨਿਯਮ ਪੂਰੇ ਹੋਣ ਦੇ ਬਾਵਜੂਦ ਉਸ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਪੈਨਸ਼ਨ ਨਹੀਂ ਦਿੱਤੀ ਜਾ ਰਹੀ ਸੀ। ਇਸ ’ਤੇ ਜੱਜ ਹਰਕੰਵਲ ਕੌਰ ਦੀ ਅਦਾਲਤ ਨੇ 19 ਜਨਵਰੀ 2024 ਨੂੰ ਪੰਜਾਬੀ ਯੂਨੀਵਰਸਿਟੀ ਨੂੰ ਤਾਕੀਦ ਕੀਤੀ ਸੀ ਕਿ ਉਹ ਇੰਦਰਜੀਤ ਕੌਰ ਦੀ ਪੈਨਸ਼ਨ ਜਾਰੀ ਕਰੇ। ਪੰਜਾਬੀ ਯੂਨੀਵਰਸਿਟੀ ਵੱਲੋਂ ਇਸ ਫੈਸਲੇ ਖ਼ਿਲਾਫ਼ ਵਧੀਕ ਸੈਸ਼ਨ ਜੱਜ ਅਤੁਲ ਕੰਬੋਜ ਦੀ ਅਦਾਲਤ ਵਿੱਚ ਅਪੀਲ ਦਾਇਰ ਕੀਤੀ ਗਈ ਸੀ ਪਰ ਅਦਾਲਤ ਨੇ ਇਹ ਅਪੀਲ ਖਾਰਜ ਕਰਦਿਆਂ ਪਹਿਲੀ ਅਦਾਲਤ ਦੇ ਫੈਸਲੇ ਤਹਿਤ ਇੰਦਰਜੀਤ ਕੌਰ ਨੂੰ 18 ਫੀਸਦ ਵਿਆਜ ਸਣੇ ਪਹਿਲੀ ਮਈ 2015 ਤੋਂ ਤੁਰੰਤ ਪੈਨਸ਼ਨ ਦੇਣ ਦੇ ਹੁਕਮ ਦਿੱਤੇ ਸਨ ਤੇ ਨਾਲ ਹੀ ਹਰੇਕ ਸਾਲ ਪੈਨਸ਼ਨ ਦਾ ਏਰੀਅਰ ਦੇਣ ਦੀ ਗੱਲ ਵੀ ਆਖੀ ਸੀ। ਜਦੋਂ ਕੁਝ ਦਿਨਾਂ ਵਿੱਚ ਇਹ ਹੁਕਮ ਲਾਗੂ ਨਾ ਹੋਏ ਤਾਂ ਲੈਕਚਰਾਰ ਇੰਦਰਜੀਤ ਕੌਰ ਨੇ ਮੁੜ ਤੋਂ ਅਦਾਲਤ ਦਾ ਦਰਵਾਜ਼ਾ ਖੜਕਾਇਆ। ਇੰਦਰਜੀਤ ਕੌਰ ਦੀ ਅਪੀਲ ’ਤੇ ਸੁਣਵਾਈ ਕਰਦਿਆਂ ਅਦਾਲਤ ਨੇ ਵਾਈਸ ਚਾਂਸਲਰ ਦੀ ਗੱਡੀ ਸਣੇ ’ਵਰਸਿਟੀ ਦੀਆਂ ਅੱਧੀ ਦਰਜਨ ਗੱਡੀਆਂ ਅਟੈਚ ਕਰਨ ਦੇ ਆਦੇਸ਼ ਜਾਰੀ ਕੀਤੇ। ਇਨ੍ਹਾਂ ਗੱਡੀਆਂ ਵਿੱਚ ਇਨੋਵਾ, ਟਾਟਾ ਮਾਰਕ ਪੋਲੋ, ਸਵਰਾਜ ਮਾਜ਼ਦਾ ਤੇ ਸ਼ੈਵਰਲੇ ਟਵੇਰਾ ਅਤੇ ਦੋ ਬੱਸਾਂ ਸ਼ਾਮਲ ਹਨ।