ਵਿਵਾਦਿਤ ਦੁਕਾਨ ਮਾਮਲਾ: ਅਦਾਲਤ ਵੱਲੋਂ ਪੰਚਾਇਤ ਦੇ ਹੱਕ ’ਚ ਫ਼ੈਸਲਾ
ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 17 ਮਈ
ਇੱਥੋਂ ਦੀ ਦੇਸੂ ਮਲਕਾਣਾ ਰੋਡ ’ਤੇ ਸਥਿਤ ਪੁਰਾਣਾ ਸਹਾਰਾ ਕਲੱਬ ਦਫ਼ਤਰ ਦੀ ਜ਼ਮੀਨ ਨੂੰ ਲੈ ਕੇ ਕਾਲਾਂਵਾਲੀ ਗ੍ਰਾਮ ਪੰਚਾਇਤ ਅਤੇ ਕਬਜ਼ਾਧਾਰਕ ਵਿਚਕਾਰ ਚੱਲ ਰਹੇ ਕੇਸ ਵਿੱਚ ਕਾਲਾਂਵਾਲੀ ਦੇ ਐੱਸਡੀਐੱਮ ਦੀ ਅਦਾਲਤ ਨੇ ਗਰਾਮ ਪੰਚਾਇਤ ਦੇ ਹੱਕ ਵਿੱਚ ਫੈਸਲਾ ਸੁਣਾਉਂਦੇ ਹੋਏ, ਉਕਤ ਜਗ੍ਹਾ ’ਤੇ ਬਣੀਆਂ ਤਿੰਨ ਦੁਕਾਨਾਂ ਵਿੱਚੋਂ ਵਿਚਕਾਰਲੀ ਦੁਕਾਨ ਨੂੰ ਢਾਹ ਕੇ ਪੰਚਾਇਤ ਨੂੰ ਸੌਂਪਣ ਦੇ ਹੁਕਮ ਦਿੱਤੇ ਹਨ। ਉਕਤ ਜਗ੍ਹਾ ਨੂੰ ਲੈ ਕੇ ਅਦਾਲਤ ਵਿੱਚ ਕਾਫ਼ੀ ਸਮੇਂ ਤੋਂ ਕੇਸ ਚੱਲ ਰਿਹਾ ਸੀ।
ਪਿੰਡ ਕਾਲਾਂਵਾਲੀ ਦੇ ਸਰਪੰਚ ਅਜਾਇਬ ਸਿੰਘ ਨੇ ਕਿਹਾ ਕਿ ਦੇਸੂ ਮਲਕਾਣਾ ਰੋਡ ’ਤੇ ਬਣੀਆਂ ਉਪਰੋਕਤ ਤਿੰਨ ਦੁਕਾਨਾਂ ਦੀ ਜ਼ਮੀਨ ਗ੍ਰਾਮ ਪੰਚਾਇਤ ਦੀ ਹੈ ਜੋ ਫਿਰਨੀ ਨੂੰ ਜਾਣ ਵਾਲਾ ਰਸਤਾ ਹੈ। ਸਾਲ 2014 ਵਿੱਚ ਤਤਕਾਲੀ ਪੰਚਾਇਤ ਨੇ ਉਕਤ ਜਗ੍ਹਾ ਦੀ ਮਸ਼ੀਨ ਨਾਲ ਨਿਸ਼ਾਨਦੇਹੀ ਕਰਵਾ ਦਿੱਤੀ ਸੀ। ਇਸ ਜ਼ਮੀਨ ’ਤੇ ਕੁਝ ਲੋਕਾਂ ਨੇ ਨਾਜਾਇਜ਼ ਕਬਜ਼ਾ ਕੀਤੀ ਹੋਇਆ ਸੀ। ਇਸ ਮਾਮਲੇ ’ਚ ਗਰਾਮ ਪੰਚਾਇਤ ਨੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੰਚਾਇਤ ਅਤੇ ਵਿਕਾਸ ਅਫ਼ਸਰ ਅੱਗੇ ਕੇਸ ਦਾਇਰ ਕਰਕੇ ਕਬਜ਼ਾ ਹਟਾਉਣ ਦੀ ਬੇਨਤੀ ਕੀਤੀ ਸੀ। ਸਾਲ 2019 ਵਿੱਚ ਉਕਤ ਕੇਸ ਕਾਲਾਂਵਾਲੀ ਐੱਸਡੀਐੱਮ ਦਫ਼ਤਰ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਜਿਸ ਵਿੱਚ ਗ੍ਰਾਮ ਪੰਚਾਇਤ ਵੱਲੋਂ ਵਕੀਲ ਕਮਲ ਗਰਗ ਅਤੇ ਕੁਲਦੀਪ ਸਿੰਘ ਪੇਸ਼ ਹੋਏ ਜਦੋਂਕਿ ਦੂਜੇ ਪੱਖ ਵੱਲੋਂ ਐਡਵੋਕੇਟ ਰਾਜ ਕੁਮਾਰ ਗਰਗ ਪੇਸ਼ ਹੋਏ। ਸਰਪੰਚ ਅਜੈਬ ਸਿੰਘ ਨੇ ਦੱਸਿਆ ਕਿ 4 ਸਤੰਬਰ 2019 ਨੂੰ ਉਨ੍ਹਾਂ ਅਦਾਲਤ ’ਚ ਪੇਸ਼ ਹੋ ਕੇ ਦੱਸਿਆ ਸੀ ਕਿ ਕੀਤੀ ਗਈ ਨਿਸ਼ਾਨਦੇਹੀ ਅਨੁਸਾਰ ਉਕਤ ਦੁਕਾਨ ’ਤੇ ਕਬਜ਼ਾ ਕੀਤਾ ਹੋਇਆ ਹੈ।