ਵਿਮੁਕਤ ਕਬੀਲੇ ਸੰਯੁਕਤ ਮੋਰਚਾ ਵੱਲੋਂ ਪੁਤਲਾ ਫ਼ੂਕ ਮੁਜ਼ਾਹਰਾ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 7 ਜੂਨ
ਵਿਮੁਕਤ ਕਬੀਲੇ ਸੰਯੁਕਤ ਮੋਰਚਾ ਵੱਲੋਂ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਪੁਤਲਾ ਫ਼ੂਕ ਮੁਜ਼ਾਹਰਾ ਕਰਕੇ ਪੰਜਾਬ ਸਰਕਾਰ ਵੱਲੋਂ ਵਿਮੁਕਤ ਕਬੀਲੀਆਂ ਲਈ ਬੰਦ ਕੀਤਾ ਗਿਆ 2 ਫ਼ੀਸਦੀ ਰਾਖਵਾਂਕਰਨ ਫੌਰੀ ਤੌਰ ਤੇ ਸ਼ੁਰੂ ਕਰਨ ਦੀ ਮੰਗ ਕੀਤੀ ਗਈ।
ਮੋਰਚਾ ਦੇ ਸੈਂਕੜੇ ਵਰਕਰ ਜਿਨ੍ਹਾਂ ਨੇ ਆਪਣੇ ਹੱਥਾਂ ਵਿੱਚ ਨਾਅਰੇ ਲਿਖੀਆਂ ਤਖ਼ਤੀਆਂ ਚੁੱਕੀਆਂ ਹੋਈਆਂ ਸਨ ਭਾਰਤ ਨਗਰ ਚੌਕ ਵਿੱਚ ਇਕੱਠੇ ਹੋਏ ਅਤੇ ਮਾਰਚ ਕਰਦੇ ਹੋਏ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਪੁੱਜੇ। ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਸਰਕਾਰ ਅਤੇ ਸਮਾਜਿਕ ਸੁਰੱਖਿਆ ਵਿਭਾਗ ਦੀ ਮੰਤਰੀ ਬਲਜੀਤ ਕੌਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਡਾ. ਬਲਵਿੰਦਰ ਸਿੰਘ ਅਲੀਪੁਰ, ਜਸਪਾਲ ਸਿੰਘ ਪੰਜਗਰਾਈਂ, ਪਰਮਜੀਤ ਸਿੰਘ ਬਰਗਾੜੀ, ਕੇਹਰ ਸਿੰਘ ਬਡਰੁੱਖਾਂ ਅਤੇ ਬੋਹੜ ਸਿੰਘ ਰੂਪਾਨਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 15 ਸਤੰਬਰ 2022 ਨੂੰ ਇੱਕ ਪੱਤਰ ਜਾਰੀ ਕਰਕੇ ਵਿਮੁਕਤ ਕਬੀਲਿਆਂ ਦਾ 2 ਫ਼ੀਸਦ ਰਾਖਵਾਂਕਰਨ ਬੰਦ ਕਰ ਦਿੱਤਾ ਗਿਆ ਹੈ ਜਿਸ ਕਾਰਨ ਵਿਮੁਕਤ ਕਬੀਲਿਆਂ ਦੇ ਸੈਂਕੜੇ ਬੱਚੇ ਬੇਰੁਜ਼ਗਾਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਤੁਰੰਤ ਇਹ ਪੱਤਰ ਵਾਪਸ ਲੈ ਕੇ 18 ਦਸੰਬਰ 2020 ਵਾਲਾ ਪੱਤਰ ਜਾਰੀ ਨਾ ਕੀਤਾ ਤਾਂ ਜਥੇਬੰਦੀ ਵੱਲੋਂ ਜ਼ੋਰਦਾਰ ਸੰਘਰਸ਼ ਕਰਕੇ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਥੇਬੰਦੀ ਨੇ ਹਲਕਾ ਪੱਛਮੀ ਦੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ ਹਰਾਉਣ ਦਾ ਫ਼ੈਸਲਾ ਕੀਤਾ ਹੈ ਜਿਸ ਤਹਿਤ ਸੰਯੁਕਤ ਮੋਰਚਾ ਦੇ ਵਰਕਰ ਹਲਕੇ ਦੇ ਘਰ ਘਰ ਜਾ ਕੇ ਵੋਟਰਾਂ ਨੂੰ ਸੰਜੀਵ ਅਰੋੜਾ ਨੂੰ ਵੋਟਾਂ ਨਾ ਪਾਉਣ ਦੀ ਅਪੀਲ ਕਰਨਗੇ। ਉਨ੍ਹਾਂ ਦੱਸਿਆ ਕਿ ਜਲਦੀ ਹੀ ਜਥੇਬੰਦੀ ਦੀ ਉੱਚ ਪਧਰੀ ਮੀਟਿੰਗ ਬੁਲਾ ਕੇ ਸੰਘਰਸ਼ ਦਾ ਅਗਲਾ ਫ਼ੈਸਲਾ ਕੀਤਾ ਜਾਵੇਗਾ। ਇਸ ਮੌਕੇ ਬੀਰਾ ਰਾਮ, ਆਸਾ ਸਿੰਘ ਤਲਵੰਡੀ, ਗੁਰਮੇਲ ਸਿੰਘ ਸੇਖਵਾਂ, ਰੇਸ਼ਮ ਸਿੰਘ ਹਕੀਮਵਾਲਾ, ਸੁਰਜੀਤ ਸਿੰਘ ਢੰਡਰੀਆ ਅਤੇ ਮਨਪ੍ਰੀਤ ਕੌਰ ਮੁਕਤਸਰ ਵੀ ਹਾਜ਼ਰ ਸਨ।