ਵਿਮੁਕਤ ਕਬੀਲੇ ਸਾਂਝਾ ਸੰਘਰਸ਼ ਮੋਰਚਾ ਵੱਲੋਂ ਪੁਤਲਾ ਫੂਕ ਮੁਜ਼ਾਹਾ
ਗੁਰਿੰਦਰ ਸਿੰਘ
ਲੁਧਿਆਣਾ, 16 ਜੂਨ
ਵਿਮੁਕਤ ਕਬੀਲਾ ਸਾਂਝਾ ਸੰਘਰਸ਼ ਮੋਰਚਾ ਵੱਲੋਂ ਅੱਜ ਆਪਣੀਆਂ ਮੰਗਾਂ ਦੇ ਹੱਕ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਆਮ ਆਦਮੀ ਪਾਰਟੀ ਦੇ ਝਾੜੂ ਦਾ ਤੀਲਾ ਤੀਲਾ ਕਰਕੇ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਪੰਜਾਬ ਭਾਰਤ ਤੋਂ ਪੁੱਜੇ ਵਰਕਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਸੰਯੁਕਤ ਮੋਰਚਾ ਦੇ ਆਗੂਆਂ ਬਲਵਿੰਦਰ ਸਿੰਘ ਅਲੀਪੁਰ, ਸਰਵਣ ਸਿੰਘ ਪੰਜਗੁਰਾਈਂ, ਆਸਾ ਸਿੰਘ ਆਜ਼ਾਦ ਅਤੇ ਬੋਹੜ ਸਿੰਘ ਰੂਪਾਨਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 15 ਸਤੰਬਰ 2022 ਨੂੰ ਇੱਕ ਪੱਤਰ ਜਾਰੀ ਕਰਕੇ ਵਿਮੁਕਤ ਕਬੀਲਿਆਂ ਦਾ ਰਾਖਵਾਂਕਰਨ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ 18 ਦਸੰਬਰ 2020 ਦਾ ਪੱਤਰ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ ਤਿੰਨ ਸਾਲ ਤੋਂ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨਾਲ ਦੋ ਵਾਰ ਅਤੇ ਸਬ ਕਮੇਟੀ ਨਾਲ ਤਿੰਨ ਵਾਰ ਮੀਟਿੰਗ ਹੋਈਆਂ ਹਨ। ਇਸਤੋਂ ਇਲਾਵਾ ਵੱਖ-ਵੱਖ ਸਮਿਆਂ ਤੇ ਮੋਰਚਾ ਵੱਲੋਂ ਮੰਗ ਪੱਤਰ ਵੀ ਦਿੱਤੇ ਗਏ ਹਨ ਪਰ ਸਰਕਾਰ ਵੱਲੋਂ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਵਿਮੁਕਤ ਕਬੀਲਿਆਂ ਦੇ ਹਜ਼ਾਰਾਂ ਲੋਕਾਂ ਵਿੱਚ ਭਾਰੀ ਰੋਸ ਹੈ।
ਉਹਨਾਂ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਹੁਣ ਵੀ ਉਨਾਂ ਦਾ ਦੋ ਫ਼ੀਸਦੀ ਰਾਖਵਾਂਕਰਨ ਬਹਾਲ ਨਾ ਕੀਤਾ ਤਾਂ ਉਹ ਸਖ਼ਤ ਸੰਘਰਸ਼ ਸ਼ੁਰੂ ਕਰਨਗੇ ਜਿਸਤੋਂ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਸੇਵਾ ਸਿੰਘ, ਜਸਪਾਲ ਸਿੰਘ ਪੰਜਗੁਰਾਈਂ, ਡਾ: ਭੁਪਿੰਦਰ ਸਿੰਘ, ਪ੍ਰੇਮ ਕੁਮਾਰ ਹਿੰਮਤਾ, ਹੰਸਾ ਰਾਮ, ਡਾ: ਲਖਵਿੰਦਰ ਸਿੰਘ, ਲੋਹਰਾ ਸਿੰਘ, ਲਹਿਰਾ ਸਿੰਘ ਟਾਂਡੀ, ਨਵਤੇਜ ਸਿੰਘ ਅਤੇ ਚਰਨ ਦਾਸ ਤਲਵੰਡੀ ਨੇ ਵੀ ਸੰਬੋਧਨ ਕੀਤਾ।