ਵਿਧਾਇਕ ਵੱਲੋਂ 1.32 ਕਰੋੜ ਦੇ ਵਿਕਾਸ ਕਾਰਜ ਲੋਕ ਅਰਪਣ
ਸਰਬਜੀਤ ਸਿੰਘ ਭੰਗੂ
ਘਨੌਰ, 3 ਮਈ
ਘਨੌਰ ਦੇ ‘ਆਪ’ ਵਿਧਾਇਕ ਗੁਰਲਾਲ ਘਨੌਰ ਨੇ ਅੱਜ ਹਲਕਾ ਘਨੌਰ ਦੇ ਪਿੰਡ ਸੈਦਖੇੜੀ ਵਿੱਚ 1.32 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਤੌਰ ’ਤੇ ਤਿਆਰ ਕੀਤੇ ਸਕੂਲ ਆਫ ਹੈਪੀਨੈੱਸ ਸੈਦਖੇੜੀ ਸਮੇਤ ਸਰਕਾਰੀ ਹਾਈ ਸਕੂਲ ਸੈਦਖੇੜੀ ਵਿੱਚ 25.2 ਲੱਖ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਵਿਧਾਇਕ ਦਾ ਕਹਿਣਾ ਸੀ ਕਿ ਸਿੱਖਿਆ ਬਾਰੇ ਨਵੀਂ ਸੋਚ ਅਤੇ ਜ਼ਮੀਨੀ ਪੱਧਰ ਉੱਤੇ ਹੋ ਰਹੇ ਵਿਕਾਸ ਕਾਰਜਾਂ ਨੇ ਸਕੂਲੀ ਸਿੱਖਿਆ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਸਰਕਾਰ ਨੇ ਸਕੂਲਾਂ ਨੂੰ ਸਿਰਫ਼ ਇਮਾਰਤਾਂ ਤੱਕ ਸੀਮਤ ਨਹੀਂ ਰੱਖਿਆ, ਸਗੋਂ ਉਨ੍ਹਾਂ ਨੂੰ ਬੱਚਿਆਂ ਦੀਆਂ ਜ਼ਿੰਦਗੀਆਂ ਵਿੱਚ ਆਨੰਦ, ਆਤਮ-ਵਿਕਾਸ ਅਤੇ ਨਵੀਂ ਦਿਸ਼ਾ ਦੇਣ ਵਾਲੇ ਕੇਂਦਰਾਂ ਵਜੋਂ ਤਬਦੀਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੈਦਖੇੜੀ ਦੇ ਸਰਕਾਰੀ ਹਾਈ ਸਕੂਲ ਵਿੱਚ ਬਣੇ ਸਕੂਲ ਆਫ ਹੈਪੀਨੈੱਸ ਦਾ ਉਦੇਸ਼ ਬੱਚਿਆਂ ਨੂੰ ਮਾਨਸਿਕ ਤਣਾਅ ਤੋਂ ਦੂਰ ਰੱਖਣਾ, ਉਨ੍ਹਾਂ ਵਿੱਚ ਖੁਸ਼ ਰਹਿਣ ਦੀ ਯੋਗਤਾ ਪੈਦਾ ਕਰਨੀ ਅਤੇ ਪੜਾਈ ਦੇ ਨਾਲ-ਨਾਲ ਉਨ੍ਹਾਂ ਦੀ ਆਤਮ-ਗਿਆਨ ਅਤੇ ਚਿੰਤਨ ਦੀ ਯੋਗਤਾ ਨੂੰ ਵਿਕਸਤ ਕਰਨਾ ਹੈ।
ਵਿਧਾਇਕ ਗੁਰਲਾਲ ਘਨੌਰ ਨੇ 25 ਲੱਖ 2 ਹਜ਼ਾਰ ਰੁਪਏ ਦੀ ਲਾਗਤ ਨਾਲ ਸਕੂਲ ਵਿੱਚ ਬਣੇ ਜਮਾਤਾਂ ਲਈ ਨਵੇਂ ਕਮਰਿਆਂ, ਲਾਇਬ੍ਰੇਰੀ ਅਤੇ ਖੇਡ ਮੈਦਾਨ ਦੀ ਮੁਰੰਮਤ ਆਦਿ ਦੀ ਵੀ ਚਰਚਾ ਕੀਤੀ। ਸਰਕਾਰੀ ਪ੍ਰਾਇਮਰੀ ਸਕੂਲ ਖੈਰਪੁਰ ਜੱਟਾਂ ਵਿੱਚ 5 ਲੱਖ 30 ਹਜ਼ਾਰ ਅਤੇ ਸਰਕਾਰੀ ਹਾਈ ਸਕੂਲ ਖੈਰਪੁਰ ਜੱਟਾਂ ਵਿੱਚ 11 ਲੱਖ 80 ਹਜ਼ਾਰ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ।