ਵਿਧਾਇਕ ਵੱਲੋਂ ਸਕੂਲ ’ਚ ਵਿਕਾਸ ਕਾਰਜਾਂ ਦਾ ਉਦਘਾਟਨ
ਸਰਬਜੀਤ ਸਿੰਘ ਭੱਟੀ
ਲਾਲੜੂ, 31 ਮਈ
ਵਿਧਾਇਕ ਕੁਲਜੀਤ ਰੰਧਾਵਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਲੜੂ ਮੰਡੀ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਅਭਿਆਨ ਤਹਿਤ 73 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਨ੍ਹਾਂ ਵਿੱਚ ਚਾਰ ਸਮਾਰਟ ਕਲਾਸਰੂਮ, ਇੱਕ ਵਰਚੁਅਲ ਲੈਬ, ਡਰੇਨੇਜ ਸਿਸਟਮ, ਮਿਡ-ਡੇ ਮੀਲ ਖਾਣ ਲਈ ਬੈਠਣ ਲਈ ਇੱਕ ਵੱਡੇ ਸ਼ੈੱਡ ਦਾ ਵਿਸਥਾਰ ਸ਼ਾਮਲ ਹਨ। ਉਨ੍ਹਾਂ ਪ੍ਰੀਖਿਆਵਾਂ ਵਿੱਚ ਸਕੂਲ ਦੇ ਬੱਚਿਆਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਪ੍ਰਿੰਸੀਪਲ ਅਤੇ ਸਟਾਫ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਲਾਲੜੂ ਮੰਡੀ ਦੇ ਸਰਕਾਰੀ ਸਕੂਲ ਵਿੱਚ ਪੂਰੇ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਵਿਦਿਆਰਥੀ ਹਨ ਅਤੇ ਇਹ ਹਲਕੇ ਦਾ ਇਕਲੌਤਾ ਸਕੂਲ ਹੈ, ਜਿਸ ਵਿੱਚ ਵਿਦਿਆਰਥੀਆਂ ਦੀ ਵੱਡੀ ਗਿਣਤੀ ਕਾਰਨ ਅਧਿਆਪਕ ਸਵੇਰੇ ਅਤੇ ਸ਼ਾਮ ਦੋ ਸ਼ਿਫਟਾਂ ਵਿੱਚ ਪੜ੍ਹਾਉਂਦੇ ਹਨ। ਇਸ ਦੇ ਬਾਵਜੂਦ, ਸਕੂਲ ਨੇ ਨਾ ਸਿਰਫ਼ ਸੌ ਫੀਸਦ ਨਤੀਜੇ ਦਿੱਤੇ, ਬਲਕਿ ਕਈ ਜ਼ਿਲ੍ਹੇ ਦੇ ਟਾਪਰ ਵੀ ਹਨ। ਪ੍ਰਿੰਸੀਪਲ ਡਿੰਪੀ ਧੀਰ ਨੇ ਸਮੁੱਚੇ ਸਟਾਫ ਵੱਲੋਂ ਹਲਕਾ ਵਿਧਾਇਕ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਨਾਨ-ਮੈਡੀਕਲ ਵਿੱਚ ਸੁਧਾਂਸ਼ੂ ਤਿਵਾੜੀ ਨੇ (97.4 ਫੀਸਦ) ਮੈਰਿਟ ਸੂਚੀ ’ਚ 13ਵਾਂ ਰੈਂਕ ਪ੍ਰਾਪਤ ਕੀਤਾ ਹੈ।