ਵਿਧਾਇਕ ਵੱਲੋਂ ਨਵ-ਨਿਯੁਕਤ ਕੌਂਸਲਰਾਂ ਤੇ ਨਿਗਮ ਅਧਿਕਾਰੀਆਂ ਨਾਲ ਮੀਟਿੰਗ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 26 ਦਸੰਬਰ
ਕੇਂਦਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਡਾ. ਅਜੇ ਗੁਪਤਾ ਨੇ ਅੱਜ ਨਵ-ਨਿਯੁਕਤ ਕੌਂਸਲਰ ਜਰਨੈਲ ਸਿੰਘ ਢੋਟ, ਵਿੱਕੀ ਦੱਤਾ, ਹਲਕੇ ਦੀਆ ਵਾਰਡਾਂ ਦੇ ਵਾਲੰਟੀਅਰਾਂ, ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਵਿਧਾਇਕ ਗੁਪਤਾ ਨੇ ਕਿਹਾ ਕਿ ਕੇਂਦਰੀ ਵਿਧਾਨ ਸਭਾ ਹਲਕੇ ਦੇ ਕਿਸੇ ਵੀ ਵਾਰਡ ’ਚ ਵਿਕਾਸ ਕਾਰਜਾਂ ਵਿੱਚ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਤੌਰ ’ਤੇ ਵੱਡੇ ਵਿਕਾਸ ਪ੍ਰਾਜੈਕਟ ਅਤੇ ਹੋਰ ਵਿਕਾਸ ਕਾਰਜ ਮਿਥੇ ਸਮੇਂ ਵਿੱਚ ਮੁਕੰਮਲ ਕੀਤੇ ਜਾਣੇ ਚਾਹੀਦੇ ਹਨ। ਪ੍ਰੀਮਿਕਸ ਪਲਾਂਟ ਬੰਦ ਕਰਨ ਤੋਂ ਪਹਿਲਾਂ ਸੜਕਾਂ ਦੇ ਨਿਰਮਾਣ ਅਤੇ ਪੈਚ ਵਰਕ ਲਈ ਜਾਰੀ ਕੀਤੇ ਸਾਰੇ ਵਰਕ ਆਰਡਰ ਜਲਦੀ ਤੋਂ ਜਲਦੀ ਮੁਕੰਮਲ ਕੀਤੇ ਜਾਣ। ਵਿਧਾਇਕ ਨੇ ਦੱਸਿਆ ਕਿ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ ਬੰਦ ਪਏ ਸੀਵਰੇਜ ਸਿਸਟਮ ਨੂੰ ਠੀਕ ਕਰਨ ਲਈ 50 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਨੂੰ ਡੀ-ਸਿਲਟ ਕਰਨ ਦਾ ਵਰਕ ਆਰਡਰ ਕਈ ਦਿਨ ਪਹਿਲਾਂ ਜਾਰੀ ਕੀਤਾ ਗਿਆ ਹੈ। ਕੇਂਦਰੀ ਵਿਧਾਨ ਸਭਾ ਹਲਕੇ ਦੇ ਉਨ੍ਹਾਂ ਸਾਰੇ ਵਾਰਡਾਂ, ਜਿੱਥੇ ਸੀਵਰੇਜ ਸਿਸਟਮ ਦਾ ਮਾੜਾ ਕੰਮ ਚੱਲ ਰਿਹਾ ਹੈ, ਉੱਥੇ ਤੁਰੰਤ ਪ੍ਰਭਾਵ ਨਾਲ ਗੰਦਗੀ ਦੀ ਸਫਾਈ ਸ਼ੁਰੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਨਵੇਂ ਚੁਣੇ ਗਏ ਕੌਂਸਲਰ ਅਤੇ ਵਾਰਡ ਦੇ ਵਾਲੰਟੀਅਰ ਅੱਜ ਹੀ ਇਸ ਦਾ ਸ਼ਡਿਊਲ ਜਾਰੀ ਕਰਨਗੇ। ਉਨ੍ਹਾਂ ਕਿਹਾ ਕਿ ਖਾਸ ਕਰਕੇ ਵਾਲਡ ਸਿਟੀ ਦੇ ਖੇਤਰਾਂ ਵਿੱਚ ਜਿੱਥੇ ਜ਼ਿਆਦਾ ਲਾਈਟਾਂ ਲਗਾਉਣੀਆਂ ਹਨ, ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰੀ ਵਿਧਾਨ ਸਭਾ ਹਲਕੇ ਦੇ ਵਲੰਟੀਅਰਾਂ ਵੱਲੋਂ ਜਦੋਂ ਵੀ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਸ ਦਾ ਤੁਰੰਤ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੰਮ ਵਿੱਚ ਲਾਪ੍ਰਵਾਹੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ।