ਵਿਧਾਇਕ ਰਮਨ ਅਰੋੜਾ ਦਾ ਪੰਜ ਰੋਜ਼ਾ ਪੁਲੀਸ ਰਿਮਾਂਡ
ਪੱਤਰ ਪ੍ਰੇਰਕ
ਜਲੰਧਰ, 24 ਮਈ
ਵਿਜੀਲੈਂਸ ਟੀਮ ਵੱਲੋਂ ਵਿਧਾਇਕ ਰਮਨ ਅਰੋੜਾ ਨੂੰ ਜ਼ਿਲ੍ਹਾ ਸੈਸ਼ਨ ਅਦਾਲਤ ਵਿੱਚ ਅੱਜ ਬਾਅਦ ਦੁਪਹਿਰ ਪੇਸ਼ ਕੀਤਾ ਗਿਆ। ਵਿਜੀਲੈਂਸ ਨੇ ਅਦਾਲਤ ਤੋਂ ਮੁਲਜ਼ਮ ਦਾ 10 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ 5 ਦਿਨ ਦਾ ਰਿਮਾਂਡ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਨੇ ਸ਼ੁੱਕਰਵਾਰ ਸਵੇਰੇ ਸਾਢੇ ਅੱਠ ਵਜੇ ਉਨ੍ਹਾਂ ਦੇ ਅਸ਼ੋਕ ਨਗਰ ਸਥਿਤ ਘਰ ਤੋਂ ਗ੍ਰਿਫ਼ਤਾਰ ਕੀਤਾ ਸੀ। ਦੋਸ਼ ਹੈ ਕਿ ਵਿਧਾਇਕ ਨੇ ਪਹਿਲਾਂ ਤੋਂ ਗ੍ਰਿਫ਼ਤਾਰ ਜਲੰਧਰ ਨਗਰ ਨਿਗਮ ਦੇ ਏਟੀਪੀ (ਅਸਿਸਟੈਂਟ ਟਾਊਨ ਪਲਾਨਰ) ਸੁਖਦੇਵ ਵਸ਼ਿਸ਼ਠ ਨਾਲ ਮਿਲੀਭੁਗਤ ਕਰ ਕੇ ਲੋਕਾਂ ਨੂੰ ਉਨ੍ਹਾਂ ਦੇ ਨਿਰਮਾਣ ਨਾਲ ਸਬੰਧਤ ਝੂਠੇ ਨੋਟਿਸ ਭਿਜਵਾਏ ਅਤੇ ਫਿਰ ਕਾਰਵਾਈ ਰੁਕਵਾਉਣ ਤੇ ਮਾਮਲਾ ਰਫਾ-ਦਫਾ ਕਰਨ ਬਦਲੇ ਮੋਟੀ ਰਕਮ ਵਸੂਲ ਕੀਤੀ। ਵਿਜੀਲੈਂਸ ਦੀ ਟੀਮ ਨੇ ਵਿਧਾਇਕ ਨੂੰ ਸਵੇਰੇ ਉਨ੍ਹਾਂ ਦੇ ਘਰ ਦੇ ਕੋਲੋਂ ਮੰਦਰ ਦੇ ਬਾਹਰ ਤੋਂ ਫੜਿਆ ਅਤੇ ਘਰ ਲੈ ਗਈ। ਘਰ ’ਚ ਉਸ ਸਮੇਂ ਵਿਧਾਇਕ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਮੌਜੂਦ ਸੀ। ਜਾਂਚ ਦੌਰਾਨ ਵਿਜੀਲੈਂਸ ਨੇ ਰਮਨ ਅਰੋੜਾ ਦੀ ਜਾਇਦਾਦ ਅਤੇ ਬੈਂਕ ਖਾਤਿਆਂ ਦੇ ਲੈਣ-ਦੇਣ ਦੀ ਪੜਤਾਲ ਕੀਤੀ। ਸਵੇਰੇ ਸਾਢੇ ਦਸ ਵਜੇ ਰਮਨ ਅਰੋੜਾ ਦੇ ਵਕੀਲ ਉਨ੍ਹਾਂ ਦੇ ਘਰ ਪੁੱਜੇ ਪਰ ਵਿਜੀਲੈਂਸ ਨੇ ਕਿਸੇ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ।