ਵਿਧਾਇਕ ਬੁੱਧਰਾਮ ਵੱਲੋਂ ਪਿੰਡਾਂ ’ਚ ਵਿਕਾਸ ਕਾਰਜਾਂ ਦੇ ਉਦਘਾਟਨ
ਜੋਗਿੰਦਰ ਸਿੰਘ ਮਾਨ
ਮਾਨਸਾ, 14 ਜਨਵਰੀ
ਬੁਢਲਾਡਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਅੱਜ ਹਲਕੇ ਦੇ ਪਿੰਡਾਂ ਅੰਦਰ ਵੱਖ-ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ। ਵਿਧਾਇਕ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਜਿੱਥੇ ਸਾਰਾ ਪੰਜਾਬ ਤਰੱਕੀ ਕਰ ਰਿਹਾ ਹੈ, ਉਥੇ ਬੁਢਲਾਡਾ ਹਲਕੇ ਦੇ ਵਿਕਾਸ ਕਾਰਜ ਬੜੀ ਤੇਜ਼ੀ ਨਾਲ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਪਿੰਡ ਰੰਘੜਿਆਲ ’ਚ ਸਕੂਲ ਦੇ ਕਮਰੇ ਅਤੇ ਪਿੰਡ ’ਚ ਗੰਦੇ ਪਾਣੀ ਦੀ ਨਿਕਾਸੀ ਦਾ ਉਦਘਾਟਨ ਕੀਤਾ ਗਿਆ। ਇਸੇ ਤਰ੍ਹਾਂ ਪਿੰਡ ਖੱਤਰੀਵਾਲਾ ਵਿੱਚ ਐੱਸਸੀ ਧਰਮਸ਼ਾਲਾ ਲਈ ਸ਼ੈੱਡ ਪਾਉਣ ਦੀ ਗ੍ਰਾਂਟ ਜਾਰੀ ਕੀਤੀ। ਪਿੰਡ ਕੁਲਾਣਾ ਵਿੱਚ ਜ਼ਮੀਨਦੋਜ਼ ਪਾਈਪਾਂ ਪਾਈਆਂ ਗਈਆਂ ਅਤੇ ਪਿੰਡ ਗੋਬਿੰਦਪੁਰਾ ਦੇ ਸਰਕਾਰੀ ਹਾਈ ਸਕੂਲ ਵਿੱਚ ਬੱਚਿਆਂ ਦੇ ਪੀਣ ਲਈ ਸ਼ੁੱਧ ਪਾਣੀ ਲਈ ਪੰਚਾਇਤ ਵੱਲੋਂ ਲਾਏ ਆਰਓ ਸਿਸਟਮ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਨਾਲ ਹੀ ਪੰਚਾਇਤ ਦੇ ਦਫ਼ਤਰ ਦਾ ਵੀ ਰਿਬਨ ਕੱਟ ਕੇ ਉਦਘਾਟਨ ਕੀਤਾ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪਿੰਡਾਂ ਵਿੱਚ ਹੁਣ ਤੱਕ 125 ਮੋਘਿਆਂ ਵਿੱਚ ਨਹਿਰੀ ਪਾਣੀ ਦੇਣ ਲਈ ਜਮੀਨਦੋਜ਼ ਪਾਈਪਾਂ ਪਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪਿੰਡ ਕੁਲਰੀਆਂ, ਭਾਵਾ, ਚੱਕ ਅਲੀਸ਼ੇਰ ਅਤੇ ਬੀਰੇਵਾਲਾ ਡੋਗਰਾ ਲਈ ਨਵਾਂ ਸੂਆ (ਮਾਈਨਰ) ਬਣਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਇਹ ਮਾਈਨਰ ਪਿਛਲੇ ਸਾਲਾਂ ਵਿੱਚ ਹੜਾਂ ਕਰਕੇ ਢਹਿ ਗਿਆ ਸੀ। ਉਨ੍ਹਾਂ ਦੱਸਿਆ ਕਿ ਪਿੰਡ ਦੋਦੜਾ ਵਿੱਚ ਚਿਰਾਂ ਤੋਂ ਉਡੀਕੀ ਜਾ ਰਹੀ ਪਿੰਡ ਦੀ ਮੇਨ ਗਲੀ ਦਾ ਵੀ ਅੱਜ ਇੱਟ ਰੱਖ ਕੇ ਕੰਮ ਸ਼ੁਰੂ ਕਰਵਾਇਆ ਗਿਆ।