ਵਿਧਾਇਕ ਬਰਿੰਦਰ ਗੋਇਲ ਨੇ ਨਰਮੇ ਦੀ ਬੋਲੀ ਸ਼ੁਰੂ ਕਰਵਾਈ
ਰਮੇਸ਼ ਭਾਰਦਵਾਜ
ਲਹਿਰਾਗਾਗਾ, 9 ਸਤੰਬਰ
ਸ਼ਹਿਰ ਵਿੱਚ ਅੱਜ ਨਰਮੇ ਦੀਆਂ ਪਹਿਲੀਆਂ ਢੇਰੀਆਂ ਵਿਕਣ ਲਈ ਆਈਆਂ। ਇਹ ਨਰਮਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ ਦੀ ਦੁਕਾਨ ਉੱਤੇ ਕਿਸਾਨ ਗੁਰਤੇਜ ਸਿੰਘ ਹਰਿਆਓ ਦੀ ਨਰਮੇ ਦੀ ਢੇਰੀ 6500 ਰੁਪਏ ਸਭ ਤੋਂ ਉੱਚੀ ਬੋਲੀ ਦੇ ਕੇ ਕ੍ਰਿਸ਼ਨਾ ਕਾਟਨ ਮਿੱਲ ਵੱਲੋਂ ਖਰੀਦੀ ਗਈ। ਨਰਮੇ ਦੀ ਪਹਿਲੀ ਬੋਲੀ ਹਲਕਾ ਲਹਿਰਾਗਾਗਾ ਦੇ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਤੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਕੁਮਾਰ ਰਬੜ ਨੇ ਸ਼ੁਰੂ ਕਰਵਾਈ।
ਵਿਧਾਇਕ ਗੋਇਲ ਨੇ ਕਿਹਾ ਕਿ ਨਰਮੇ ਅਤੇ ਝੋਨੇ ਦੀ ਖਰੀਦ ਸਬੰਧੀ ਕਿਸੇ ਵੀ ਆੜ੍ਹਤੀਏ ਕਿਸਾਨ ਜਾਂ ਮਜ਼ਦੂਰ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਨਰਮਾ ਵੇਚਣ ਆਏ ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਨਾਲੋਂ ਨਰਮੇ ਦੀ ਫ਼ਸਲ ਜਿੱਥੇ 60-70 ਫੀਸਦੀ ਘੱਟ ਹੈ ਉੱਥੇ ਹੀ ਰੇਟ ਵੀ ਪਿਛਲੇ ਸਾਲ ਦੇ ਮੁਕਾਬਲੇ 3500 ਰੁਪਏ ਕੁਇੰਟਲ ਘੱਟ ਹੈ।
ਖੇਤੀਬਾੜੀ ਵਿਕਾਸ ਅਫ਼ਸਰ ਸੰਗਰੂਰ ਡਾ. ਇੰਦਰਜੀਤ ਸਿੰਘ ਭੱਟੀ ਨੇ ਦੱਸਿਆ ਕਿ ਸੰਗਰੂਰ ਜ਼ਿਲ੍ਹੇ ’ਚ ਇਸ ਵਾਰ 1100 ਹੈਕਟੇਅਰ ਵਿੱਚ ਨਰਮੇ ਦੀ ਕਾਸ਼ਤ ਕੀਤੀ ਗਈ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ 750 ਹੈਕਟੇਅਰ ਘੱਟ ਹੈ।