ਵਿਧਾਇਕ ਨੇ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 13 ਦਸੰਬਰ
‘ਸਿੱਖਿਆ ਦੇ ਪ੍ਰਸਾਰ ਤੋਂ ਬਿਨਾਂ ਇੱਕ ਵਿਕਸਿਤ ਦੇਸ਼, ਇੱਕ ਵਿਕਸਿਤ ਸੂਬੇ ਅਤੇ ਇੱਕ ਵਿਕਸਿਤ ਹਲਕੇ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।’ ਇਹ ਪ੍ਰਗਟਾਵਾ ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਪਿੰਡ ਫੁਗਲਾਣਾ, ਰਾਜਪੁਰ ਭਾਈਆਂ ਅਤੇ ਹੇੜੀਆਂ ਵਿੱਚ ਨਵੇਂ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਇਸ ਦੌਰਾਨ ਡਾ. ਇਸ਼ਾਂਕ ਨੇ ਕਿਹਾ ਕਿ ਉਹ ਹਲਕਾ ਚੱਬੇਵਾਲ ਦੇ ਸਕੂਲਾਂ ਨੂੰ ਅਪਗ੍ਰੇਡ ਕਰ ਕੇ ਬੱਚਿਆਂ ਨੂੰ ਪੜ੍ਹਨ ਲਈ ਬਿਹਤਰ ਸਕੂਲ ਅਤੇ ਲੋੜੀਂਦੀਆਂ ਸਹੂਲਤਾਂ ਦੇ ਕੇ ਉਨ੍ਹਾਂ ਨੂੰ ਹਲਕੇ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਇੱਕ ਜਾਗਰੂਕ ਨਾਗਰਿਕ ਬਣਾਉਣਾ ਚਾਹੁੰਦੇ ਹਨ।
ਉਨ੍ਹਾਂ ਦੱਸਿਆ ਕਿ ਪਿੰਡ ਫੁਗਲਾਣਾ ਦੇ ਸਕੂਲ ਵਿੱਚ ਕਲਾਸ ਰੂਮ ਦੇ ਨਿਰਮਾਣ ਲਈ 9.55 ਲੱਖ ਰੁਪਏ, ਰਾਜਪੁਰ ਭਾਈਆ ਸਕੂਲ ਦੇ ਕਲਾਸ ਰੂਮ ਲਈ 9.55 ਲੱਖ ਰੁਪਏ ਅਤੇ ਹੇੜੀਆਂ ਸਕੂਲ ਵਿੱਚ ਚਾਰਦੀਵਾਰੀ ਦੇ ਨਿਰਮਾਣ ਲਈ 5 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਵਿਦਿਆਰਥੀਆਂ ਨੂੰ ਉੱਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹਨ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜਿੰਦਰ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਖਵਿੰਦਰ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਰਜਨੀਸ਼ ਕੁਮਾਰ ਗੁਲਿਆਨੀ, ਸਰਪੰਚ ਸਰਬਜੀਤ ਕੌਰ, ਸਾਬਕਾ ਸਰਪੰਚ ਮਾਸਟਰ ਰਸ਼ਪਾਲ ਸਿੰਘ, ਅਨਿਲ ਕੁਮਾਰ, ਜਰਨੈਲ ਸਿੰਘ, ਸੁਰਿੰਦਰ ਸਿੰਘ, ਕਰਨੈਲ ਸਿੰਘ ਅਮਨਪ੍ਰੀਤ ਕੌਰ, ਸੁਖਦੇਵ ਸਿੰਘ, ਮਾਸਟਰ ਰਸ਼ਪਾਲ ਸਿੰਘ, ਸ਼ਸ਼ੀ ਸ਼ਰਮਾ, ਚਰਨਜੀਤ ਸਿੰਘ, ਜਸਬੀਰ ਸਿੰਘ ਤੇ ਸੰਜੀਵ ਵਸ਼ਿਸ਼ਟ ਆਦਿ ਮੌਜੂਦ ਸਨ।