ਵਿਧਾਇਕ ਦਾ ਵਿਰੋਧ ਕਰਨ ਆਏ ਕਿਸਾਨਾਂ ਦਾ ਸਰਪੰਚ ਨਾਲ ਪੇਚਾ
ਸ਼ਗਨ ਕਟਾਰੀਆ
ਜੈਤੋ, 28 ਮਈ
ਪਿੰਡ ਰੋੜੀਕਪੂਰਾ ਦੇ ਗੁਰੂ ਘਰ ’ਚ ਰੱਖੇ ‘ਯੁੱਧ ਨਸ਼ਿਆਂ ਵਿਰੁੱਧ’ ਸਮਾਗਮ ਦੌਰਾਨ ਸਥਿਤੀ ਉਦੋਂ ਤਣਾਅਪੂਰਨ ਬਣ ਗਈ, ਜਦੋਂ ਕਾਲ਼ੀਆਂ ਝੰਡੇ ਲੈ ਕੇ ਵਿਧਾਇਕ ਦਾ ਵਿਰੋਧ ਕਰਨ ਪੁੱਜੀ ਕਿਸਾਨ ਯੂਨੀਅਨ ਦਾ ਪਿੰਡ ਦੇ ਸਰਪੰਚ ਦੀ ਅਗਵਾਈ ’ਚ ਤਲਖ਼ ਤਕਰਾਰ ਕਰਦਿਆਂ ਪਿੰਡ ਦੇ ਬਾਸ਼ਿੰਦਿਆਂ ਨੇ ‘ਵਿਰੋਧ’ ਕੀਤਾ। ਪਿੰਡ ਰੋੜੀਕਪੂਰਾ ਦੇ ਸਰਪੰਚ ਜਸਪਾਲ ਸਿੰਘ ਨੇ ਸੂਬਾ ਸਰਕਾਰ ਵੱਲੋਂ ਪਿੰਡ ’ਚ ਕੀਤੇ ਵਿਕਾਸ ਕੰਮਾਂ ਨੂੰ ਤਫ਼ਸੀਲ ’ਚ ਗਿਣਾਉਂਦਿਆਂ ਕਿਹਾ ਕਿ 27 ਲੱਖ ਛੱਪੜ ਲਈ ਆਏ, 9 ਲੱਖ ਪ੍ਰਾਇਮਰੀ ਸਕੂਲ ਵਾਲੇ ਰਸਤੇ ਲਈ, ਇੱਕ ਕਿਲੋਮੀਟਰ ਲੰਮਾ ਰਸਤਾ ਖੇਤਾਂ ’ਚ ਬਣਾਇਆ, 15 ਲੱਖ ਰੁਪਏ ਦੀਆਂ ਗਲ਼ੀ ’ਚ ਟਾਈਲਾਂ ਲੱਗੀਆਂ, 20 ਲੱਖ ਰੁਪਏ ਪੰਚਾਇਤ ਘਰ ਵਾਸਤੇ ਪਾਸ ਹੋਏ। ਸਰਪੰਚ ਨੇ ਅੱਗੇ ਕਿਹਾ ਕਿ ‘ਜੇ ਸਰਕਾਰ ਲੋਕਾਂ ਨੂੰ ਨਸ਼ੇ ਪ੍ਰਤੀ ਜਾਗਰੂਕ ਕਰਦੀ ਹੈ, ਤਾਂ ਇਸ ਵਿੱਚ ਕੀ ਮਾੜੀ ਗੱਲ ਹੈ? ਹੁਣ ਤੁਸੀਂ ਦੱਸੋ, ਅਸੀਂ ਸਰਕਾਰ ਨੂੰ ਕਿਹੜੀ ਗੱਲੋਂ ਮਾੜਾ ਕਹੀਏ?’ ਇਸ ਚਰਚਾ ਦੌਰਾਨ ਹੀ ‘ਕਿਸਾਨ ਯੂਨੀਅਨ-ਮੁਰਦਾਬਾਦ’ ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ ਅਤੇ ਮਾਹੌਲ ਤਣਾਅ ਪੂਰਨ ਬਣ ਗਿਆ। ਇਸ ਮੌਕੇ ਸ਼ਰਾਬ ਪੀ ਕੇ ਗੁਰੂ ਘਰ ਆਉਣ ਦੇ ਦੋਸ਼ ਵੀ ਲੱਗੇ। ਇਸ ਤੋਂ ਬਾਅਦ ਇੱਕ ਜਥੇਬੰਦਕ ਆਗੂ ਨੇ ਮੀਡੀਆ ਕੋਲ ਦੋਸ਼ ਲਾਇਆ ਕਿ ਪੰਜ ਕੁ ਦਿਨ ਪਹਿਲਾਂ ਵਿਧਾਇਕ ਦੇ ਦਫ਼ਤਰ ਦੀ ਪਿਛਲੀ ਗਲ਼ੀ ’ਚ ਨੌਜਵਾਨ ਦੀ ਚਿੱਟੇ ਨਾਲ ਮੌਤ ਹੋਈ ਹੈ। ਉਨ੍ਹਾਂ ਆਦਰਸ਼ ਸਕੂਲ ਚਾਉਕੇ, ਚੰਦਭਾਨ, ਖਨੌਰੀ ਅਤੇ ਜਿਉਂਦ ਸਣੇ ਕੁਝ ਘਟਨਾਵਾਂ ਦੇ ਹਵਾਲੇ ਨਾਲ ਦੱਸਿਆ ਕਿ ਉਹ ਇੱਥੇ ਵਿਧਾਇਕ ਨੂੰ ਸਵਾਲ ਕਰਨ ਲਈ ਆਏ ਸਨ। ਇਹ ਇਲਜ਼ਾਮ ਵੀ ਆਇਦ ਕੀਤੇ ਗਏ ਕਿ ਸਰਕਾਰ ਜਨਤਕ ਸਮੱਸਿਆਵਾਂ ਅਤੇ ਇਨ੍ਹਾਂ ਲਈ ਸੰਘਰਸ਼ ਕਰਨ ਵਾਲੇ ਸੰਗਠਨਾਂ ਨੂੰ ਨਿਰੰਤਰ ਅਣਡਿੱਠ ਕਰਦੀ ਆ ਰਹੀ ਹੈ, ਇਸੇ ਕਾਰਣ ਸੱਤਾਧਾਰੀ ਜਮਾਤ ਦੇ ਵਿਧਾਇਕਾਂ ਦਾ ਲੋਕਾਂ ’ਚ ਆਉਣ ’ਤੇ ਵਿਰੋਧ ਕਰਨ ਦਾ ਪ੍ਰੋਗਰਾਮ ਜਾਰੀ ਹੈ।
ਵਿਰੋਧ ਕਾਰਨ ਵਿਧਾਇਕ ਨੇ ਦੌਰਾ ਰੱਦ ਕੀਤਾ: ਕਿਸਾਨ
ਪਿੰਡ ਰੋੜੀਕਪੂਰਾ ’ਚ ਲੰਘੀ ਸ਼ਾਮ ‘ਯੁੱਧ ਨਸ਼ਿਆਂ ਵਿਰੁੱਧ’ ਸਮਾਰੋਹ ਮੌਕੇ ਕਿਸਾਨ ਧਿਰਾਂ ਅਤੇ ਪਿੰਡ ਦੇ ਸਰਪੰਚ ਦੇ ਖੇਮੇ ਦਰਮਿਆਨ ਹੋਈ ਤਿੱਖੀ ਤਕਰਾਰ ਤੋਂ ਬਾਅਦ ਕਿਸਾਨ ਆਗੂਆਂ ਵੱਲੋਂ ਇਸ ਪ੍ਰਸੰਗ ’ਚ ਬੁੱਧਵਾਰ ਸ਼ਾਮ ਨੂੰ ਪ੍ਰੈੱਸ ਨੋਟ ਜਾਰੀ ਕਰਕੇ ਚਰਚਾ ਨੂੰ ਅੱਗੇ ਵਧਾਇਆ ਗਿਆ ਹੈ। ਕਿਸਾਨ ਆਗੂ ਬਿੱਟੂ ਮੱਲਣ ਅਤੇ ਨੱਥਾ ਸਿੰਘ ਰੋੜੀਕਪੂਰਾ ਨੇ ਦਾਅਵਾ ਕੀਤਾ ਹੈ ਕਿ ਵਿਧਾਇਕ ਦੀ ਥਾਂ ਪਹੁੰਚੇ ਚੇਅਰਮੈਨ ਸੁਖਜੀਤ ਸਿੰਘ ਢਿੱਲਵਾਂ ਨੂੰ ਉਨ੍ਹਾਂ ਵੱਲੋਂ ਤਿੱਖੇ ਸਵਾਲ ਕੀਤੇ ਗਏ। ਸਵਾਲਾਂ ਵਿੱਚ ਪਿੰਡ ਚੰਦਭਾਨ ’ਚ ਵਾਪਰੇ ਘਟਨਾਕ੍ਰਮ, ਪਿੰਡ ਚਾਉਕੇ, ਜਿਉਂਦ, ਖਨੌਰੀ, ਸ਼ੰਭੂ ਵਰਗੇ ਮਸਲਿਆਂ ਬਾਰੇ ਸਵਾਲਾਂ ਦੀ ਲੜੀ ਸ਼ਾਮਲ ਸੀ। ਉਨ੍ਹਾਂ ਆਖਿਆ ਕਿ ਲੋਕਾਂ ਤੋਂ ਟੈਕਸ ਵਸੂਲੀ ਕਰ ਕੇ ਭਰੇ ਸਰਕਾਰੀ ਖ਼ਜ਼ਾਨੇ ਵਿੱਚੋਂ ਚੰਦ ਟਕੇ ਵਿਕਾਸ ਦੇ ਨਾਂਅ ’ਤੇ ਲੋਕਾਂ ਨੂੰ ਵਾਪਸ ਦੇ ਕੇ ਇਹ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਂਗ ਲੋਕਾਂ ’ਤੇ ਅਹਿਸਾਨ ਜਿਤਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਕੱਲੇ ਪਿੰਡ ਰੋੜੀਕਪੂਰਾ ਦੀ 4459 ਏਕੜ ਤੋਂ ਵੱਧ ਜ਼ਮੀਨ ’ਚੋਂ ਸਾਲਾਨਾ ਢਾਈ ਕਰੋੜ ਤੋਂ ਵੱਧ ਪੈਸਾ ਸਰਕਾਰੀ ਜ਼ਜ਼ਾਨੇ ਵਿੱਚ ਜਾਂਦਾ ਹੈ, ਪਰ ਤਿੰਨ ਸਾਲਾਂ ਬਾਅਦ ਪਿੰਡ ਨੂੰ ਕੁੱਝ ਲੱਖ ਦੀ ਗ੍ਰਾਂਟ ਦੇ ਕੇ ਅਹਿਸਾਨ ਜਿਤਾਇਆ ਜਾ ਰਿਹਾ ਹੈ। ਪ੍ਰੈਸ ਨੋਟ ’ਚ ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਕਿਸਾਨਾਂ ਤੇ ਮਜ਼ਦੂਰਾਂ ਦੇ ਰੋਹ ਕਾਰਣ ਵਿਧਾਇਕ ਅਮੋਲਕ ਸਿੰਘ ਵੱਲੋਂ ਤਿੱਖੇ ਸੁਆਲਾਂ ਤੋਂ ਡਰਦਿਆਂ, ਬੀਤੀ ਸ਼ਾਮ ਦੌਰਾ ਰੱਦ ਕੀਤਾ ਗਿਆ।
ਮੈਂ ਤਾਂ ਅੱਜ ਵੀ ਕਈ ਸਮਾਗਮਾਂ ’ਚ ਹਾਜ਼ਰੀ ਭਰੀ: ਵਿਧਾਇਕ
ਉਧਰ ਵਿਧਾਇਕ ਨੇ ਸਾਫ਼ ਕੀਤਾ ਹੈ ਕਿ ਸਮਾਗਮ ਸ਼ਾਮ ਨੂੰ ਨਿਰਧਾਰਿਤ ਸੀ, ਪਰ ਉਨ੍ਹਾਂ ਨੂੰ ਅਚਨਚੇਤ ਸਵੇਰੇ ਸੁਨੇਹਾ ਮਿਲਣ ’ਤੇ ਚੰਡੀਗੜ੍ਹ ਜਾਣਾ ਪਿਆ। ਇਸ ਲਈ ਤੈਅਸ਼ੁਦਾ ਸਮਾਗਮਾਂ ’ਚ ਹਾਜ਼ਰੀ ਭਰਨ ਲਈ ਉਨ੍ਹਾਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਖਜੀਤ ਸਿੰਘ ਢਿੱਲਵਾਂ ਦੀ ਡਿਊਟੀ ਲਾਈ ਸੀ। ਉਨ੍ਹਾਂ ਕਿਹਾ ਕਿ ‘ਡਰ ਕਾਰਨ ਦੌਰਾ ਰੱਦ ਕਰਨ ਦੇ ਦਾਅਵਿਆਂ ’ਚ ਰੱਤੀ ਭਰ ਵੀ ਸੱਚਾਈ ਨਹੀਂ ਅਤੇ ਮੈਂ ਤਾਂ ਅੱਜ ਵੀ ਹਲਕੇ ਦੇ ਅੱਧੀ ਦਰਜਨ ਪਿੰਡਾਂ ਵਿੱਚ ਹੋਏ ਪ੍ਰੋਗਰਾਮਾਂ ’ਚ ਸ਼ਮੂਲੀਅਤ ਕੀਤੀ ਹੈ’। ਉਨ੍ਹਾਂ ਕਿਹਾ ਕਿ ਹਰ ਵਾਜਿਬ ਸਵਾਲ ਦਾ ਵਾਜਿਬ ਉੱਤਰ ਦੇਣ ਲਈ ਉਹ ਹਮੇਸ਼ਾ ਤਿਆਰ ਰਹਿੰਦੇ ਹਨ।