ਚਰਨਜੀਤ ਸਿੰਘ ਢਿੱਲੋਂ/ਜਸਬੀਰ ਸਿੰਘ ਸ਼ੇਤਰਾਜਗਰਾਉਂ, 13 ਜਨਵਰੀਇੱਥੇ ਲੋਹੜੀ ਮੌਕੇ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਤਿਆਰ ਹੋ ਚੁੱਕੇ ਲਾਲਾ ਲਾਜਪਤ ਰਾਏ ਕਮਿਊਨਿਟੀ ਸੈਂਟਰ ਦੀਆਂ ਚਾਬੀਆਂ ਨਗਰ ਕੌਂਸਲ ਨੂੰ ਸੌਂਪ ਦਿੱਤੀਆਂ। ਇਸ ਸਮੇਂ ਉਨ੍ਹਾਂ ਕਿਹਾ ਕਿ ਇਹ ਜਗਰਾਉਂ ਵਾਸੀਆਂ ਲਈ ਲੋਹੜੀ ਤੋਹਫ਼ਾ ਹੈ। ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੀ ਯਾਦ ਵਿੱਚ ਉਸਾਰੇ ਗਏ ਇਸ ਭਵਨ ਦੀਆਂ ਚਾਬੀਆਂ ਈਓ ਸੁਖਦੇਵ ਸਿੰਘ ਰੰਧਾਵਾ ਨੂੰ ਸੌਂਪਦਿਆਂ ਵਿਧਾਇਕਾ ਮਾਣੂੰਕੇ ਨੇ ਕਿਹਾ ਕਿ ਇਲਾਕੇ ਦੇ ਆਮ ਲੋਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਪਾਸੋਂ ਇਹ ਭਵਨ ਬਣਾਉਣ ਲਈ 1.38 ਕਰੋੜ ਰੁਪਏ ਦੀ ਰਕਮ ਮਨਜ਼ੂਰ ਕਰਵਾਈ ਗਈ ਸੀ ਤਾਂ ਜੋ ਹਲਕੇ ਦੇ ਆਮ ਲੋਕ ਆਪਣੇ ਧੀਆਂ-ਪੁੱਤਰਾਂ ਦੀਆਂ ਵਿਆਹ-ਸ਼ਾਦੀਆਂ ਅਤੇ ਹੋਰ ਖੁਸ਼ੀ-ਗ਼ਮੀ ਦੇ ਸਮਾਗਮ ਇੱਥੇ ਕਰਵਾ ਸਕਣ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਭਵਨ ਦੇ ਨਿਰਮਾਣ ਦਾ ਕੰਮ ਪੀਡਬਲਿਊਡੀ ਰਾਹੀਂ ਕਰਵਾਇਆ ਗਿਆ ਹੈ ਅਤੇ ਨਗਰ ਕੌਂਸਲ ਜਗਰਾਉਂ ਦਾ ਇਸ ਉੱਪਰ ਕੋਈ ਵੀ ਪੈਸਾ ਨਹੀਂ ਲੱਗਿਆ ਹੈ, ਪਰ ਕੌਂਸਲ ਇਸ ਭਵਨ ਦੀ ਸਾਂਭ-ਸੰਭਾਲ ਕਰੇਗੀ ਅਤੇ ਨਗਰ ਕੌਂਸਲ ਦਫ਼ਤਰ ਰਾਹੀਂ ਲੋਕ ਆਪਣੇ ਸਮਾਗਮਾਂ ਵਾਸਤੇ ਇਸ ਭਵਨ ਦੀ ਬੁਕਿੰਗ ਕਰਵਾ ਸਕਣਗੇ। ਉਨ੍ਹਾਂ ਦੱਸਿਆ ਕਿ ਸੁੰਦਰ ਭਵਨ ਦਾ ਹਾਲ 70 ਫੁੱਟ ਲੰਮਾ ਅਤੇ 40 ਫੁੱਟ ਚੌੜਾ ਬਣਾਇਆ ਗਿਆ ਹੈ, ਜਿਸ ਵਿੱਚ 20 ਫੁੱਟ ਲੰਮੀ ਅਤੇ 12 ਫੁੱਟ ਚੌੜੀ ਸਟੇਜ ਬਣਾਈ ਗਈ ਹੈ। ਇਸ ਦੇ ਨਾਲ ਇੱਕ ਗੈਸਟ ਰੂਮ ਵੀ ਬਣਾਇਆ ਗਿਆ ਹੈ ਜਦਕਿ ਹਾਲ ਦੇ ਪਿਛਲੇ ਪਾਸੇ ਬਾਥਰੂਮ ਬਣਾਏ ਗਏ ਹਨ। ਇਸ ਭਵਨ ਦੇ ਨਾਲ ਸਮਾਗਮਾਂ ਮੌਕੇ ਖਾਣੇ ਦਾ ਸਾਮਾਨ ਅਤੇ ਬਰਤਨ ਆਦਿ ਰੱਖਣ ਲਈ ਵੱਖਰਾ ਕਮਰਾ ਬਣਾਇਆ ਗਿਆ ਹੈ ਅਤੇ ਉਸ ਕਮਰੇ ਅੱਗੇ ਖਾਣਾ ਆਦਿ ਤਿਆਰ ਕਰਨ ਲਈ ਸ਼ੈੱਡ ਬਣਾਇਆ ਗਿਆ ਹੈ। ਗੱਡੀਆਂ ਆਦਿ ਖੜ੍ਹਾਉਣ ਲਈ ਜਗ੍ਹਾ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਅਤੇ ਬਿਜਲੀ ਦੀ ਸਮੱਸਿਆ ਲਈ ਵੱਡਾ ਜਨਰੇਟਰ ਵੀ ਲਾਇਆ ਜਾ ਰਿਹਾ ਹੈ। ਇਸ ਮੌਕੇ ਜੇਈ ਵੀਰਪਾਲ ਕੌਰ, ਸਾਬਕਾ ਕੌਂਸਲਰ ਕੁਲਵਿੰਦਰ ਸਿੰਘ ਕਾਲਾ, ਸਤੀਸ਼ ਕੁਮਾਰ ਪੱਪੂ, ਰਵਿੰਦਰ ਸੱਭਰਵਾਲ, ਰਾਜ ਭਾਰਦਵਾਜ, ਕੌਂਸਲਰ ਕੰਵਰਪਾਲ ਸਿੰਘ, ਕਰਮਜੀਤ ਕੈਂਥ, ਸਰਪੰਚ ਗੁਰਪ੍ਰੀਤ ਸਿੰਘ ਡਾਂਗੀਆਂ, ਸੁਖਦੇਵ ਸਿੰਘ ਕਾਉਂਕੇ, ਅਮਰਜੀਤ ਸਿੰਘ ਸ਼ੇਖਦੌਲਤ, ਕੁਲਦੀਪ ਸਿੰਘ ਔਲਖ ਤੇ ਕੇਵਲ ਸਿੰਘ ਮੱਲ੍ਹੀ ਹਾਜ਼ਰ ਸਨ।