ਵਿਧਾਇਕਾ ਨੇ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਪ੍ਰੇਰਿਆ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 18 ਮਈ
ਹਲਕੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ ਨਾਲ ਸਥਾਨਕ ਸਕੂਲ ਆਫ ਐਮੀਨੈਂਸ ਵਿਖੇ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਮੀਟਿੰਗ ਕੀਤੀ। ਇਸ ਮੌਕੇ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਅਤੇ ਸਕੂਲਾਂ ਵਿੱਚ ਸੁਖਾਵਾਂ ਮਾਹੌਲ ਸਿਰਜਣ ਸਬੰਧੀ ਚਰਚਾ ਹੋਈ। ਵਿਧਾਇਕਾ ਨੇ ਇਨ੍ਹਾਂ ਪ੍ਰਿੰਸੀਪਲਾਂ ਤੇ ਮੁੱਖ ਅਧਿਆਪਕਾਂ ਨੂੰ ਇਸ ਦਿਸ਼ਾ ਵਿੱਚ ਇਕਜੁੱਟ ਹੋ ਕੇ ਕੰਮ ਕਰਨ ਦਾ ਸੁਨੇਹਾ ਦਿੱਤਾ। ਇਸ ਸਾਂਝੇ ਕਾਰਜ ਤੇ ਦੇਸ਼ ਦਾ ਭਵਿੱਖ ਸਿਰਜਣ ਲਈ ਨਿੱਜੀ ਸਮੱਸਿਆਵਾਂ ਤੇ ਹਊਮੇ ਪਾਸੇ ਰੱਖਣ ਦੀ ਤਾਕੀਦ ਕਰਦਿਆਂ ਉਨ੍ਹਾਂ ਕਿਹਾ ਕਿ ਅਧਿਆਪਕ ਸਮਾਜ ਦੀ ਸਿਰਜਣਾ ਕਰਦੇ ਹਨ ਅਤੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਰਾਹ ਦਸੇਰਾ ਬਣਦੇ ਹਨ ਪਰ ਕਈ ਸਕੂਲਾਂ ਵਿੱਚ ਅਧਿਆਪਕਾਂ ਦੀ ਆਪਸੀ ਧੜੇਬੰਦੀ ਕਾਰਨ ਸਕੂਲਾਂ ਦਾ ਮਾਹੌਲ ਖ਼ਰਾਬ ਹੋ ਜਾਂਦਾ ਹੈ। ਇਸ ਲਈ ਏਕਾ ਉਸਾਰ ਕੇ ਅਜਿਹੇ ਸਕੂਲਾਂ ਦਾ ਮਾਹੌਲ ਸੁਖਾਵਾਂ ਬਣਾਉਣ ਦੀ ਲੋੜ ਹੈ ਤਾਂ ਜੋ ਬੱਚਿਆਂ ਨੂੰ ਤਣਾਅ ਭਰੇ ਮਾਹੌਲ ਵਿੱਚੋਂ ਮੁਕਤ ਕਰਾ ਕੇ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ। ਉਨ੍ਹਾਂ ਅਧਿਆਪਕਾਂ ਦੀ ਪ੍ਰਸ਼ੰਸਾ ਕਰਦੇ ਹੋਏ ਆਖਿਆ ਕਿ ਪ੍ਰਾਈਵੇਟ ਸਕੂਲਾਂ ਵਿੱਚ ਲਗਪਗ ਚੰਗੇ ਪਰਿਵਾਰਾਂ ਦੇ ਬੱਚੇ ਪੜ੍ਹਦੇ ਹਨ ਜਿਨ੍ਹਾਂ ਕੋਲ ਹਰ ਕਿਸਮ ਦੀਆਂ ਸਹੂਲਤਾਂ ਹੁੰਦੀਆਂ ਹਨ, ਪਰੰਤੂ ਸਰਕਾਰੀ ਸਕੂਲਾਂ ਵਿੱਚ ਗਰੀਬ ਅਤੇ ਮੱਧਵਰਗੀ ਪਰਿਵਾਰਾਂ ਦੇ ਬੱਚੇ ਪੜ੍ਹਦੇ ਹਨ ਜੋ ਘੱਟ ਸਹੂਲਤਾਂ ਹੋਣ ਦੇ ਬਾਵਜੂਦ ਵੀ ਚੰਗੇ ਨੰਬਰ ਲੈ ਕੇ ਪੁਜ਼ੀਸ਼ਨਾਂ ਹਾਸਲ ਕਰਦੇ ਹਨ। ਜੇ ਇਨ੍ਹਾਂ ਬੱਚਿਆਂ ਨੂੰ ਹੋਰ ਮਿਹਨਤ ਅਤੇ ਲਗਨ ਨਾਲ ਪੜ੍ਹਾਇਆ ਜਾਵੇ ਤਾਂ ਇਹ ਵੀ ਉੱਚ ਮੁਕਾਮ 'ਤੇ ਪਹੁੰਚ ਸਕਦੇ ਹਨ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਮੌਕੇ ਸਕੂਲਾਂ ਵਾਲੇ ਗਰਾਂਟਾਂ ਨੂੰ ਤਰਸਦੇ ਰਹਿੰਦੇ ਸਨ ਪਰੰਤੂ ਹੁਣ ਧੜਾਧੜ ਗਰਾਂਟਾਂ ਆ ਰਹੀਆਂ ਹਨ। ਸਰਕਾਰੀ ਗਰਾਂਟਾਂ ਦੇ ਮਾਮਲੇ ਵਿੱਚ ਲਾਪ੍ਰਵਾਹੀ ਵਰਤਣ ਵਾਲੇ ਸਕੂਲਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਬੀਬੀ ਮਾਣੂੰਕੇ ਨੇ ਕਿਹਾ ਕਿ ਸਕੂਲਾਂ ਵਿੱਚ ਬੱਚਿਆਂ ਨੂੰ ਇਤਿਹਾਸ ਬਾਰੇ ਵੱਧ ਤੋਂ ਵੱਧ ਜਾਣੂੰ ਕਰਵਾਇਆ ਜਾਵੇ ਅਤੇ ਇਤਿਹਾਸ ਦੀਆਂ ਨਾਮਵਰ ਸ਼ਖ਼ਸ਼ੀਅਤਾਂ ਬਾਰੇ ਲੇਖ ਲਿਖਣ ਅਤੇ ਬੋਲਣ ਲਈ ਉਤਸ਼ਾਹਤ ਕੀਤਾ ਜਾਵੇ। ਇਸ ਤੋਂ ਇਲਾਵਾ ਬੱਚਿਆਂ ਦੀਆਂ ਸੂਖਮ ਕਲਾਵਾਂ ਤੇ ਹੁਨਰ ਨੂੰ ਪਹਿਚਾਣ ਕੇ ਅੱਗੇ ਲਿਆਂਦਾ ਜਾਵੇ।