ਵਿਦੇਸ਼ ਜ਼ਰੂਰ ਜਾਓ, ਪਰ ਸੋਝ ਸਮਝ ਕੇ
ਪ੍ਰਿੰਸੀਪਲ ਵਿਜੈ ਕੁਮਾਰ
ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਚੰਗੀ ਜ਼ਿੰਦਗੀ ਜਿਊਣ ਲਈ ਪੈਸੇ ਦੀ ਅਹਿਮੀਅਤ ਬਹੁਤ ਜ਼ਿਆਦਾ ਹੁੰਦੀ ਹੈ। ਪੈਸਾ ਕਮਾਉਣ ਦੀ ਦੌੜ ਵਿੱਚ ਅਸੀਂ ਜ਼ਿੰਦਗੀ ਜਿਊਣ ਦੇ ਅਰਥ ਹੀ ਭੁੱਲ ਜਾਈਏ, ਇਹ ਗੱਲ ਮਨੁੱਖੀ ਜ਼ਿੰਦਗੀ ਦੇ ਸਿਧਾਂਤਾਂ ਅਤੇ ਮਨੁੱਖੀ ਕਦਰਾਂ ਕੀਮਤਾਂ ਨਾਲ ਮੇਲ ਨਹੀਂ ਖਾਂਦੀ। ਜੇਕਰ ਪੈਸਾ ਕਮਾਉਣ ਦੇ ਚੱਕਰ ਵਿੱਚ ਆਪਣੇ ਸੁੱਖ ਆਰਾਮ ਹੀ ਖੋ ਬੈਠੀਏ, ਆਪਣੇ ਰਿਸ਼ਤੇ ਨਾਤਿਆਂ ਨੂੰ ਨਿਭਾਉਣ ਜੋਗੇ ਨਾ ਰਹੀਏ ਅਤੇ ਆਪਣਿਆਂ ਦੇ ਸੁੱਖ ਦੁੱਖ ਵੰਡਾਉਣ ਤੋਂ ਵੀ ਵਾਂਝੇ ਰਹਿ ਜਾਈਏ ਤਾਂ ਇਨ੍ਹਾਂ ਡਾਲਰਾਂ ਦੀ ਕਮਾਈ ਨਾਲ ਕਰੋੜਪਤੀ ਹੋਣ ਦਾ ਕੀ ਫਾਇਦਾ? ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਆਸਟਰੇਲੀਆ, ਨਾਰਵੇ, ਇੰਗਲੈਂਡ, ਫਰਾਂਸ ਅਤੇ ਹੋਰ ਦੇਸ਼ਾਂ ਵਿੱਚ ਵਸ ਰਹੇ ਸਾਡੇ ਦੇਸ਼ ਦੇ ਲੋਕਾਂ ਦੀ ਜ਼ਿੰਦਗੀ ਨੂੰ ਲੈ ਕੇ ਸੋਸ਼ਲ, ਪ੍ਰਿੰਟ ਅਤੇ ਬਿਜਲਈ ਮੀਡੀਆ ਵਿੱਚ ਨਸਰ ਹੋ ਰਹੀਆਂ ਖ਼ਬਰਾਂ ਨੂੰ ਪੜ੍ਹ ਕੇ ਅਤੇ ਸੁਣ ਕੇ ਹਰ ਸੰਵੇਦਨਸ਼ੀਲ ਮਨੁੱਖ ਦੀ ਰੂਹ ਕੰਬ ਉੱਠਦੀ ਹੈ। ਉਹ ਇਹ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਡਾਲਰਾਂ ਦੀ ਕਮਾਈ ਨਾਲ ਕਰੋੜਪਤੀ ਬਣਨ ਦੀ ਦੌੜ ਨੇ ਵਿਦੇਸ਼ਾਂ ਵਿੱਚ ਵਸਣ ਵਾਲੇ ਲੋਕਾਂ ਨੂੰ ਕਿੰਨਾ ਪੱਥਰ ਦਿਲ ਬਣਾ ਦਿੱਤਾ ਹੈ। ਇਨ੍ਹਾਂ ਵਿਦੇਸ਼ੀ ਮੁਲਕਾਂ ਦੇ ਡਾਲਰਾਂ ਦੀ ਚਮਕ ਨੇ ਉਨ੍ਹਾਂ ਨੂੰ ਆਪਣਿਆਂ ਦੀ ਮੋਹ ਮਮਤਾ, ਇੱਕ ਦੂਜੇ ਨਾਲ ਲਗਾਅ ਅਤੇ ਸੰਵੇਦਨਸ਼ੀਲਤਾ ਤੋਂ ਵਿਹੂਣੇ ਕਰ ਦਿੱਤਾ ਹੈ। ਕੋਈ ਸਮਾਂ ਸੀ ਕਿ ਸਾਡੇ ਦੇਸ਼ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚੋਂ ਕੋਈ ਵਿਰਲਾ ਬੰਦਾ ਹੀ ਪੜ੍ਹਾਈ, ਵਿਆਹ ਜਾਂ ਫਿਰ ਕਿਸੇ ਹੋਰ ਕਾਰਨ ਵਿਦੇਸ਼ ਜਾਂਦਾ ਸੀ। ਆਪਣਿਆਂ ਅਤੇ ਆਪਣੇ ਦੇਸ਼ ਨੂੰ ਛੱਡ ਕੇ ਵਿਦੇਸ਼ ਜਾਣ ਦਾ ਮਨ ਬਹੁਤ ਘੱਟ ਲੋਕਾਂ ਦਾ ਕਰਦਾ ਸੀ, ਪਰ ਅਜੋਕੇ ਦੌਰ ਵਿੱਚ ਹਾਲਤ ਇਹ ਹੈ ਕਿ ਨੌਜਵਾਨ ਮੁੰਡੇ-ਕੁੜੀਆਂ ਦੇ ਮਨਾਂ ਵਿੱਚ ਵਿਦੇਸ਼ ਜਾਣ ਦਾ ਐਨਾ ਜਨੂੰਨ ਹੈ ਕਿ ਉਹ ਆਪਣਿਆਂ ਨਾਲ ਅਤੇ ਆਪਣੇ ਦੇਸ਼ ਵਿੱਚ ਰਹਿਣਾ ਹੀ ਨਹੀਂ ਚਾਹੁੰਦੇ। ਆਪਣੇ ਦੇਸ਼ ਵਿੱਚ ਉਹੀ ਬੱਚੇ ਰਹਿ ਰਹੇ ਹਨ ਜਿਹੜੇ ਕਿਸੇ ਨਾ ਕਿਸੇ ਕਾਰਨ ਵਿਦੇਸ਼ ਜਾ ਨਹੀਂ ਸਕੇ।
ਉਨ੍ਹਾਂ ਦੀ ਸੋਚ ਇਹ ਬਣ ਚੁੱਕੀ ਹੈ ਕਿ ਜਿਹੜਾ ਵਿਦੇਸ਼ ਨਾ ਜਾ ਸਕਿਆ, ਉਸ ਦੀ ਜ਼ਿੰਦਗੀ ਹੀ ਬੇਕਾਰ ਹੈ। ਇੱਕ ਨੌਜਵਾਨ ਮੁੰਡੇ ਦਾ ਵਿਦੇਸ਼ ਜਾਣ ਵਿੱਚ ਸਫਲ ਨਾ ਹੋ ਸਕਣ ਕਾਰਨ ਆਤਮਹੱਤਿਆ ਕਰ ਲੈਣਾ ਨੌਜਵਾਨ ਪੀੜ੍ਹੀ ਦੇ ਵਿਦੇਸ਼ ਜਾਣ ਦੇ ਜਨੂੰਨ ਨੂੰ ਦਰਸਾਉਂਦਾ ਹੈ। ਸਾਡੇ ਦੇਸ਼ ਦੇ ਖ਼ਾਸ ਕਰਕੇ ਪੰਜਾਬ ਦੇ ਬਹੁਗਿਣਤੀ ਨੌਜਵਾਨ ਮੁੰਡੇ-ਕੁੜੀਆਂ ਦਾ ਆਪਣੇ ਬੁੱਢੇ ਮਾਪਿਆਂ ਨੂੰ ਬੇਸਹਾਰਾ ਛੱਡ ਕੇ ਵਿਦੇਸ਼ਾਂ ਲਈ ਪਰਵਾਸ ਕਰਨਾ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਦੇ ਹਰ ਦੂਜੇ ਤੀਜੇ ਪਰਿਵਾਰ ਦੀ ਦਾਸਤਾਨ ਬਣਦਾ ਜਾ ਰਿਹਾ ਹੈ।
ਪੰਜਾਬ ਦੇ ਇੱਕ ਪਿੰਡ ਦੇ ਬਜ਼ੁਰਗ ਨੇ ਆਪਣਾ ਦੁੱਖ ਰੋਂਦਿਆਂ ਹੋਇਆਂ ਦੱਸਿਆ ਕਿ ਉਸ ਦਾ ਇੱਕ ਪੁੱਤਰ ਆਸਟਰੇਲੀਆ ਅਤੇ ਦੂਜਾ ਇਟਲੀ ਚਲਾ ਗਿਆ ਹੈ। ਉਹ ਪੱਕੇ ਹੋਣ ਦੇ ਚੱਕਰ ਵਿੱਚ ਆਪਣੀ ਮਾਂ ਦੇ ਮਰਨੇ ਉੱਤੇ ਵੀ ਨਹੀਂ ਆ ਸਕੇ। ਉਹ ਆਪਣੀ ਜੱਦੀ ਪੁਸ਼ਤੀ 25 ਕਿੱਲੇ ਜ਼ਮੀਨ ਛੱਡ ਕੇ ਵਿਦੇਸ਼ ਜਾ ਵਸੇ ਹਨ। ਜ਼ਮੀਨ ਵਟਾਈ ਉੱਤੇ ਦਿੱਤੀ ਹੋਈ ਹੈ। ਰੋਟੀ ਉਸ ਨੂੰ ਖ਼ੁਦ ਪਕਾਉਣੀ ਪੈਂਦੀ ਹੈ ਤੇ ਬਿਮਾਰ ਪੈਣ ’ਤੇ ਡਾਕਟਰ ਕੋਲ ਜਾਣ ਲਈ ਲੋਕਾਂ ਦੀਆਂ ਮਿੰਨਤਾਂ ਕਰਨੀਆਂ ਪੈਂਦੀਆਂ ਹਨ। ਅਮੀਰ ਹੋਣ ਲਈ, ਗ਼ਰੀਬੀ ਦੂਰ ਕਰਨ ਲਈ ਵਿਦੇਸ਼ਾਂ ਵਿੱਚ ਜਾ ਕੇ ਡਾਲਰ ਕਮਾਉਣ ਦੀ ਗੱਲ ਕਿਸੇ ਹੱਦ ਤੱਕ ਸਮਝ ਆਉਂਦੀ ਹੈ, ਪਰ ਆਪਣੇ ਪਰਿਵਾਰ ਦੇ 60 ਕਿੱਲੇ ਜ਼ਮੀਨ ਦੂਜਿਆਂ ਦੇ ਹੱਥ ਫੜਾ ਕੇ ਅਤੇ ਆਪਣੇ ਮਾਪਿਆਂ ਨੂੰ ਬੇਸਹਾਰਾ ਛੱਡ ਕੇ ਡਾਲਰ ਕਮਾਉਣ ਲਈ ਵਿਦੇਸ਼ ਚਲੇ ਜਾਣਾ ਆਪਣੇ ਆਪ ਵਿੱਚ ਬੜੇ ਸਵਾਲ ਖੜ੍ਹੇ ਕਰਦਾ ਹੈ।
ਆਪਣੇ ਪੋਤੇ-ਪੋਤੀਆਂ ਅਤੇ ਦੋਹਤੇ-ਦੋਹਤੀਆਂ ਨੂੰ ਵਿਦੇਸ਼ਾਂ ਵਿੱਚ ਪਾਲਣ ਗਏ ਅਤੇ ਪੱਕੇ ਤੌਰ ’ਤੇ ਆਪਣੇ ਬੱਚਿਆਂ ਨਾਲ ਰਹਿ ਰਹੇ ਬਜ਼ੁਰਗਾਂ ਦਾ ਪਾਰਕਾਂ ਵਿੱਚ ਬੈਠ ਕੇ ਇੱਕ ਦੂਜੇ ਨਾਲ ਇਹ ਦੁੱਖੜੇ ਰੋਣਾ ਕਿ ਉਨ੍ਹਾਂ ਦੇ ਪਿੱਛੋਂ ਉਨ੍ਹਾਂ ਦੇ ਮਕਾਨਾਂ ਨੂੰ ਜਿੰਦਰੇ ਲੱਗੇ ਹੋਏ ਹਨ, ਲੋਕਾਂ ਨੇ ਉਨ੍ਹਾਂ ਦੀ ਜ਼ਮੀਨ ਉੱਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਦੀਆਂ ਨੂੰਹਾਂ ਉਨ੍ਹਾਂ ਨਾਲ ਚੰਗਾ ਸਲੂਕ ਨਹੀਂ ਕਰਦੀਆਂ, ਉਨ੍ਹਾਂ ਦੇ ਬੱਚੇ ਉਨ੍ਹਾਂ ਕੋਲ ਬੈਠਦੇ ਨਹੀਂ, ਕਿਸ ਕੋਲ ਆਪਣੇ ਦੁੱਖ ਰੋਈਏ, ਉਹ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਮਿਲਣ ਤੋਂ ਜਾਂਦੇ ਰਹੇ। ਇਹ ਸਭ ਬਜ਼ੁਰਗਾਂ ਦੀ ਜ਼ਿੰਦਗੀ ਦੀ ਤ੍ਰਾਸਦੀ ਨੂੰ ਬਿਆਨ ਕਰਦਾ ਹੈ।
ਵਿਦੇਸ਼ਾਂ ਵਿੱਚ ਡਾਲਰ ਕਮਾਉਣ ਦੀ ਦੌੜ ਵਿੱਚ ਜ਼ਮੀਨਾਂ ਵੇਚ ਕੇ, ਗਹਿਣੇ ਰੱਖ ਕੇ ਅਤੇ ਬੈਕਾਂ ਤੋਂ ਕਰਜ਼ਾ ਚੁੱਕ ਕੇ ਵਿਦੇਸ਼ਾਂ ਵਿੱਚ ਬੇਰੁਜ਼ਗਾਰੀ ਦਾ ਸੰਤਾਪ ਭੋਗਣਾ, ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋਣਾ, ਚੰਗੀ ਆਰਾਮ ਦੀ ਜ਼ਿੰਦਗੀ ਛੱਡ ਕੇ ਬੇਸਮੈਂਟਾਂ ਵਿੱਚ ਰਹਿਣ ਲਈ ਮਜਬੂਰ ਹੋਣਾ, ਮਾਪਿਆਂ ਤੇ ਬੱਚਿਆਂ ਦਾ ਇੱਕ ਦੂਜੇ ਨੂੰ ਮਿਲਣ ਲਈ ਤਰਸਣਾ ਨੌਜਵਾਨ ਮੁੰਡੇ-ਕੁੜੀਆਂ ਦੀ ਬੇਸਮਝੀ ਦਾ ਪ੍ਰਮਾਣ ਹੈ। ਸਿਰਫ਼ ਡਾਲਰਾਂ ਦੀ ਕਮਾਈ ਲਈ ਡਾਕਟਰ, ਵਕੀਲ, ਬੈਂਕਰ, ਇੰਜੀਨੀਅਰ, ਪ੍ਰੋਫੈਸਰ ਅਤੇ ਹੋਰ ਅਹੁਦਿਆਂ ਨੂੰ ਛੱਡ ਕੇ ਬੱਚਿਆਂ ਦਾ ਵਿਦੇਸ਼ਾਂ ਵਿੱਚ ਜਾ ਕੇ ਡਰਾਈਵਿੰਗ, ਸਕਿਓਰਿਟੀ ਅਤੇ ਹੋਰ ਖੇਤਰਾਂ ਵਿੱਚ ਕੰਮ ਕਰਨਾ ਕੋਈ ਸਮਝਦਾਰੀ ਵਾਲੀ ਸੋਚ ਨਹੀਂ ਹੈ।
ਅਮਰੀਕਾ ਵਸਦੇ ਇੱਕ ਮੁੰਡੇ ਦੇ ਮਾਪਿਆਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਆਪਣੇ ਦੇਸ਼ ਆ ਜਾਂਦੇ ਹਾਂ ਤਾਂ ਉਨ੍ਹਾਂ ਦੇ ਮੁੰਡੇ ਦੇ ਸੱਸ-ਸਹੁਰਾ ਉਨ੍ਹਾਂ ਲਈ ਇੱਕ ਦਿਨ ਆ ਕੇ ਹਫ਼ਤੇ ਦੀਆਂ ਰੋਟੀਆਂ ਪਕਾ ਕੇ ਫਰਿੱਜ ਵਿੱਚ ਰੱਖ ਜਾਂਦੇ ਹਨ ਤੇ ਉਹ ਹਫ਼ਤਾ ਭਰ ਉਹ ਰੋਟੀਆਂ ਖਾ ਕੇ ਗੁਜ਼ਾਰਾ ਚਲਾਉਂਦੇ ਰਹਿੰਦੇ ਹਨ। ਹੁਣ ਇਹ ਦੱਸੋ ਕਿ ਡਾਲਰਾਂ ਦੀ ਕਮਾਈ ਲਈ ਸਿਹਤ ਨਾਲ ਸਮਝੌਤਾ ਕਰਨਾ ਕਿੰਨਾ ਕੁ ਠੀਕ ਹੈ। ਡਾਲਰਾਂ ਦੀ ਕਮਾਈ ਦੇ ਮੁਕਾਬਲੇ ਡਰਾਈਵਿੰਗ ਦਾ ਧੰਦਾ ਕਰਨ ਵਾਲੇ ਗੱਡੀਆਂ ਦੂਰ ਲੈ ਕੇ ਜਾਣ ਵਾਲੇ ਵਿਅਕਤੀਆਂ ਦਾ ਸੱਤ ਦਿਨਾਂ ਦੀਆਂ ਰੋਟੀਆਂ ਨਾਲ ਲੈ ਕੇ ਜਾਣਾ, ਅਨੇਕ ਸਮੱਸਿਆਵਾਂ ਵਿੱਚੋਂ ਗੁਜ਼ਰਨਾ, ਉਨ੍ਹਾਂ ਦੇ ਪਿੱਛੋਂ ਉਨ੍ਹਾਂ ਦੇ ਪਰਿਵਾਰ ਦਾ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਬਹੁਤ ਮਹਿੰਗਾ ਸੌਦਾ ਹੈ।
ਮੇਰੇ ਇੱਕ ਜਮਾਤੀ ਦਾ ਵਿਦੇਸ਼ ਗਿਆ ਮੁੰਡਾ ਇੱਕ ਹਸਪਤਾਲ ਵਿੱਚ ਜ਼ੇਰੇ ਇਲਾਜ ਆਪਣੇ ਮਾਂ-ਬਾਪ ਨੂੰ ਮਿਲਣ ਲਈ ਤਰਸਦਾ ਰਿਹਾ। ਜਦੋਂ ਉਸ ਦੇ ਮਾਂ-ਬਾਪ ਪਹੁੰਚੇ, ਉਦੋਂ ਉਹ ਮਰ ਚੁੱਕਾ ਸੀ। ਡਾਲਰ ਕਮਾਉਣ ਲਈ ਵਿਦੇਸ਼ ਜ਼ਰੂਰ ਜਾਓ, ਪਰ ਆਪਣੇ ਬਜ਼ੁਰਗ ਮਾਪਿਆਂ ਨੂੰ ਬੇਸਹਾਰਾ ਕਰਕੇ ਨਹੀਂ। ਜੇਕਰ ਆਪਣੇ ਦੇਸ਼ ਵਿੱਚ ਚੰਗਾ ਗੁਜ਼ਾਰਾ ਹੁੰਦਾ ਹੋਵੇ ਤਾਂ ਆਪਣੀ ਸੁੱਖਾਂ ਭਰੀ ਜ਼ਿੰਦਗੀ ਛੱਡ ਕੇ ਵਿਦੇਸ਼ ਜਾਣ ਦੀ ਗ਼ਲਤੀ ਕਦੇ ਨਾ ਕਰੋ। ਆਪਣੇ ਦੇਸ਼ ਦੀਆਂ ਚੰਗੇ ਅਹੁਦਿਆਂ ਵਾਲੀਆਂ ਨੌਕਰੀਆਂ ਛੱਡ ਕੇ ਇੱਕ ਦੂਜੇ ਨੂੰ ਵੇਖੋ ਵੇਖੀ ਡਾਲਰ ਕਮਾਉਣ ਦੀ ਦੌੜ ਵਿੱਚ ਵਿਦੇਸ਼ਾਂ ਵਿੱਚ ਜਾ ਕੇ ਛੋਟੀਆਂ ਮੋਟੀਆਂ ਨੌਕਰੀਆਂ ਕਰਨਾ ਕੋਈ ਸਿਆਣਪ ਦੀ ਗੱਲ ਨਹੀਂ ਹੈ। ਕਰਜ਼ੇ ਚੁੱਕ ਕੇ, ਜ਼ਮੀਨ ਵੇਚ ਕੇ ਅਤੇ ਗਹਿਣੇ ਰੱਖ ਕੇ ਵਿਦੇਸ਼ਾਂ ਵਿੱਚ ਰੁਜ਼ਗਾਰ ਲਈ ਭਟਕਣ ਨਾਲੋਂ ਆਪਣੇ ਦੇਸ਼ ਵਿੱਚ ਮਿਹਨਤ ਕਰਨਾ ਸੌ ਦਰਜੇ ਬਿਹਤਰ ਹੈ। ਵਿਦੇਸ਼ ਜ਼ਰੂਰ ਜਾਓ, ਪਰ ਜਾਣ ਤੋਂ ਪਹਿਲਾਂ ਜ਼ਿੰਦਗੀ ਦੇ ਹਰ ਪੱਖ ਨੂੰ ਨਿਰਖ ਪਰਖ ਕੇ ਆਪਣਾ ਨਫਾ ਨੁਕਸਾਨ ਵੇਖ ਕੇ ਜਾਓ।
ਸੰਪਰਕ: 98726-27136