ਵਿਦਿਆਰਥੀ ਗੁਰਦੁਆਰਾ ਸਾਹਿਬ ਵਿਖੇ ਹੋਏ ਨਤਮਸਤਕ
ਹਰਦਮ ਮਾਨ
ਸਰੀ: ਸਰੀ ਸਥਿਤ ਬੇਅਰਕਰੀਕ ਐਲੀਮੈਂਟਰੀ ਸਕੂਲ ਦੇ 75 ਦੇ ਕਰੀਬ ਵਿਦਿਆਰਥੀ ਬੀਤੇ ਦਿਨੀਂ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ਨਤਮਸਤਕ ਹੋਏ। ਇਨ੍ਹਾਂ ਬੱਚਿਆਂ ਦੇ ਆਉਣ ਦਾ ਮੁੱਖ ਮਕਸਦ ਅਪਰੈਲ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨੇ ਵਜੋਂ ਸਰਕਾਰੀ ਮਾਨਤਾ ਦੇਣ ਅਤੇ ਸਿੱਖ ਸੰਸਥਾਵਾਂ ਵੱਲੋਂ ਇਸ ਨੂੰ ਮਨਾਉਣ ਬਾਰੇ ਜਾਣਕਾਰੀ ਹਾਸਲ ਕਰਨਾ ਸੀ। ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪਬਲਿਕ ਰਿਲੇਸ਼ਨ ਸਕੱਤਰ ਸੁਰਿੰਦਰ ਸਿੰਘ ਜੱਬਲ ਨੇ ਆਏ ਮਹਿਮਾਨ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੁਸਾਇਟੀ ਵੱਲੋਂ ਜੀ ਆਇਆਂ ਕਿਹਾ।
ਉਪਰੰਤ ਸੁਰਿੰਦਰ ਸਿੰਘ ਜੱਬਲ ਨੇ ਗੁਰਦੁਆਰਾ ਸਾਹਿਬ ਵਿੱਚ ਜਾਣ ਦੇ ਤੌਰ ਤਰੀਕੇ ਅਤੇ ਮਰਿਆਦਾ ਤੋਂ ਜਾਣੂੰ ਕਰਵਾਇਆ ਅਤੇ ਸਿੱਖ ਵਿਰਾਸਤੀ ਮਹੀਨੇ ਨੂੰ ਸੰਘੀ ਤੇ ਸੂਬਾਈ ਸਰਕਾਰਾਂ ਵੱਲੋਂ ਮਾਨਤਾ ਦੇਣ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ 1897 ਵਿੱਚ ਕੈਨੇਡਾ ਆਉਣ ਵਾਲੇ ਪਹਿਲੇ ਸਿੱਖਾਂ ਦੀ ਆਮਦ ਤੋਂ ਲੈ ਕੇ ਪਿਛਲੇ ਤਕਰੀਬਨ ਸਵਾ ਸੌ ਸਾਲ ਦੇ ਸਿੱਖ ਵਿਰਸੇ ਬਾਰੇ ਦੱਸਿਆ ਅਤੇ ਸਿੱਖਾਂ ਦੇ ਦਸਾਂ ਗੁਰੂ ਸਾਹਿਬਾਨ ਬਾਰੇ ਵੀ ਜਾਣਕਾਰੀ ਦਿੱਤੀ।
ਵਿਦਿਆਰਥੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ, ਸਤਿਕਾਰ ਅਤੇ ਸਾਂਝੀਵਾਲਤਾ ਦੇ ਅਸੂਲਾਂ ਨੂੰ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਸੁਣਿਆ। ਵਿਦਿਆਰਥੀ ਸਿੱਖ ਜਗਤ ਵਿੱਚ ਨਾਮ ਜਪਣ, ਧਰਮ ਦੀ ਕਿਰਤ ਤੇ ਵੰਡ ਕੇ ਛਕਣ ਵਾਲੀ ਵਿਰਾਸਤ ਤੋਂ ਬੜੇ ਹੀ ਪ੍ਰਭਾਵਿਤ ਹੋਏ। ਵਿਦਿਆਰਥੀਆਂ ਨੇ ਇੱਥੇ ਲੰਗਰ ਵੀ ਛਕਿਆ।
ਸੰਪਰਕ: 1 604 308 6663