ਵਿਦਿਆਰਥੀ ਆਗੂ ਤੋਂ ਗੈਂਗਸਟਰ ਬਣਿਆ ਸੁੱਖਾ ਦੁੱਨੇਕੇ
ਮਹਿੰਦਰ ਸਿੰਘ ਰੱਤੀਆਂ
ਮੋਗਾ, 21 ਸਤੰਬਰ
ਖਾਲਿਸਤਾਨ ਟਾਈਗਰ ਫੋਰਸ (ਕੇਟੀਐੱਫ) ਮੁਖੀ ਹਰਦੀਪ ਨਿੱਝਰ ਦੇ ਕੈਨੇਡਾ ਵਿੱਚ ਹੋਏ ਕਤਲ ਸਬੰਧੀ ਭਾਰਤ -ਕੈਨੇਡਾ ਵਿਚਾਲੇ ਬਣੇ ਤਣਾਅ ਦਰਮਿਆਨ ਭਗੌੜੇ ‘ਏ’ ਸ਼੍ਰੇਣੀ ਗੈਂਗਸਟਰ ਸੁਖਦੂਲ ਸਿੰਘ ਗਿੱਲ ਉਰਫ ਸੁੱਖਾ ਦੁੱਨੇਕੇ ਦੀ ਕੈਨੇਡਾ ਵਿੱਚ ਹੱਤਿਆ ਦੀ ਖ਼ਬਰ ਮਗਰੋਂ ਪਿੰਡ ਦੁੱਨੇਕੇ ਵਿਚ ਗ਼ਮਗੀਨ ਮਾਹੌਲ ਹੈ। ਕਬੱਡੀ ਖਿਡਾਰੀ ਨੰਗਲ ਅੰਬੀਆਂ ਕਤਲ ਵਿੱਚ ਵੀ ਸੁੱਖਾ ਦੁੱਨੇਕੇ ਦਾ ਨਾਂ ਆਇਆ ਸੀ। ਉਹ ਕੇਂਦਰੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਜਾਰੀ 43 ਅਤਿਵਾਦੀਆਂ ਅਤੇ ਗੈਂਗਸਟਰਾਂ ਦੀ ਸੂਚੀ ਵਿੱਚ ਸ਼ਾਮਲ ਸੀ। ਸੋਸ਼ਲ ਮੀਡੀਆ ’ਤੇ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਹੱਤਿਆ ਦੀ ਜ਼ਿੰਮੇਵਾਰੀ ਦੀ ਪੋਸਟ ਵਾਇਰਲ ਹੋ ਰਹੀ ਹੈ। ਸੁੱਖਾ ਦੁੱਨੇਕੇ ਕਰੀਬ 4 ਸਾਲ ਦਾ ਸੀ ਜਦੋਂ ਉਸ ਦੇ ਪਿਤਾ ਗੁਰਨੈਬ ਸਿੰਘ ਉਰਫ਼ ਨੈਬ ਸਿੰਘ ਦੀ ਸਾਲ 1988 ਵਿਚ ਅਤਿਵਾਦੀਆਂ ਨੇ ਹੱਤਿਆ ਕਰ ਦਿੱਤੀ ਸੀ। ਪਰਿਵਾਰ ਮੂਲ ਰੂਪ ਵਿੱਚ ਜ਼ਿਲ੍ਹਾ ਬਠਿੰਡਾ ਦੇ ਕਸਬਾ ਨਥਾਣਾ ਨੇੜਲੇ ਪਿੰਡ ਗੰਗਾ ਦਾ ਰਹਿਣ ਵਾਲਾ ਸੀ। ਮਗਰੋਂ ਇਥੇ ਆ ਕੇ ਵਸ ਗਿਆ। ਸੁੱਖਾ ਨੂੰ ਅਤਿਵਾਦ ਪੀੜਤ ਪਰਿਵਾਰਾਂ ਨੂੰ ਮਿਲਦੀਆਂ ਸਹੂਲਤਾਂ ਕਾਰਨ ਤਰਸ ਦੇ ਆਧਾਰ ’ਤੇ ਸਥਾਨਕ ਡੀਸੀ ਦਫ਼ਤਰ ਵਿੱਚ ਸੇਵਾਦਾਰ ਦੀ ਨੌਕਰੀ ਮਿਲੀ। ਡੀਸੀ ਦਫ਼ਤਰ ਦੇ ਮੁਲਾਜ਼ਮਾਂ ਮੁਤਾਬਕ ਉਹ ਬੇਹੱਦ ਸ਼ਰੀਫ਼ ਤੇ ਸਾਊ ਸੁਭਾਅ ਵਾਲਾ ਸੀ। ਵਿਭਾਗ ਨੇ ਗ਼ੈਰਹਾਜ਼ਰ ਰਹਿਣ ’ਤੇ ਉਸ ਨੂੰ ਡੇਢ ਸਾਲ ਮਗਰੋਂ ਹੀ ਬਰਖ਼ਾਸਤ ਕਰ ਦਿੱਤਾ। ਦਰਅਸਲ ਆਪਣਾ ਭਵਿੱਖ ਉਸ ਨੇ ਵਿਦਿਆਰਥੀ ਜਥੇਬੰਦੀ ਆਗੂ ਵਜੋਂ ਸ਼ੁਰੂ ਕੀਤਾ ਅਤੇ ਲੜਾਈ ਝਗੜੇ ਦੇ ਕੇਸ ਦਰਜ ਹੋਏ ਤਾਂ ਫ਼ਰੀਦਕੋਟ ਜੇਲ੍ਹ ਵਿਚ ਰਿਹਾ। ਮਗਰੋਂ ਉਹ ਜਾਅਲੀ ਪਾਸਪੋਰਟ ਬਣਾ ਕੇ ਵਿਦੇਸ਼ ਪੁੱਜ ਗਿਆ। ਉਸ ਦੀ ਭੈਣ ਤੇ ਮਾਂ ਪਹਿਲਾਂ ਹੀ ਕੈਨੇਡਾ ਵਿਚ ਹਨ। ਉਹ ਕੈਨੇਡਾ ਜਾਣ ਸਮੇਂ 35 ਸਾਲ ਦਾ ਸੀ ਅਤੇ ਅਣਵਿਆਹਿਆ ਸੀ। ਵੀਰਵਾਰ ਨੂੰ ਗੈਂਗਸਟਰ ਸੁੱਖਾ ਦੁੱਨੇਕੇ ਦੀ ਮੌਤ ਤੋਂ ਬਾਅਦ ਪਿੰਡ ਵਾਸੀ ਅਤੇ ਸਾਂਝੇ ਪਰਿਵਾਰ ਵਿੱਚੋਂ ਉਸ ਦੇ ਤਾਏ ਅਤੇ ਹੋਰ ਮੈਂਬਰਾਂ ਨੇ ਚੁੱਪ ਵੱਟੀ ਹੋਈ ਹੈ। ਪਿੰਡ ਦੀਆਂ ਔਰਤਾਂ ਤੇ ਲੋਕ ਉਨ੍ਹਾਂ ਦੇ ਘਰ ਅਫ਼ਸੋਸ ਕਰਨ ਆ ਜਾ ਰਹੇ ਸਨ।
ਹੱਤਿਆ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ: ਐੱਸਐੱਸਪੀ
ਸੀਨੀਅਰ ਪੁਲੀਸ ਅਧਿਕਾਰੀ ਤੜਕਸਾਰ ਹੀ ਪਿੰਡ ਦੁੱਨੇਕੇ ਵਿੱਚ ਪੁੱਜ ਗਏ। ਜ਼ਿਲ੍ਹਾ ਪੁਲੀਸ ਮੁਖੀ ਜੇ. ਏਲਨਚੇਜ਼ੀਅਨ ਨੇ ਕਿਹਾ ਕਿ ਗੈਂਗਸਟਰ ਸੁੱਖਾ ਦੁੱਨੇਕੇ ਦੀ ਕੈਨੇਡਾ ਵਿੱਚ ਹੱਤਿਆ ਬਾਰੇ ਉਨ੍ਹਾਂ ਕੋਲ ਕੋਈ ਸਰਕਾਰੀ ਜਾਣਕਾਰੀ ਨਹੀਂ ਪੁੱਜੀ, ਪਰ ਪਰਿਵਾਰਕ ਮੈਂਬਰਾਂ ਨੇ ਜ਼ਰੂਰ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸੁੱਖਾ ਖ਼ਿਲਾਫ਼ ਕਤਲ, ਲੁੱਟ-ਖੋਹ, ਫਿਰੌਤੀ ਆਦਿ ਦੇ 18 ਕੇਸ ਦਰਜ ਹਨ, ਜਿਨ੍ਹਾਂ ਵਿੱਚੋਂ 11 ਉਸ ਦੇ ਕੈਨੇਡਾ ਜਾਣ ਤੋਂ ਬਾਅਦ ਦਰਜ ਹੋਏ ਹਨ।