ਵਿਦਿਆਰਥੀਆਂ ਵੱਲੋਂ ਵਾਟਰ ਪਾਰਕ ਦਾ ਦੌਰਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 27 ਮਈ
ਅੱਜ ਸਤਲੁਜ ਸੀਨੀਅਰ ਸੈਕੰਡਰੀ ਸਕੂਲ ਦੇ ਚੌਥੀ ਤੋਂ 12 ਵੀਂ ਜਮਾਤ ਦੇ 280 ਵਿਦਿਆਰਥੀਆਂ ਨੂੰ ਐੱਚ 20 ਵਾਟਰ ਪਾਰਕ ਥਾਣਾ ਛੱਪਰ ਦਾ ਦੌਰਾ ਕਰਾਇਆ ਗਿਆ। ਵਿਦਿਆਰਥੀਆਂ ਨੂੰ ਤੁਰਨ ਤੋਂ ਪਹਿਲਾਂ ਸਕੂਲ ਦੇ ਪ੍ਰਿੰਸੀਪਲ ਡਾ. ਆਰਐੱਸ ਘੁੰਮਣ ਨੇ ਉਨ੍ਹਾਂ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ। ਇਸ ਦੌਰਾਨ ਵਿਦਿਆਰਥੀਆਂ ਨੇ ਪਾਰਕ ਵਿੱਚ ਜਾ ਕੇ ਖੂਬ ਮੌਜ ਮਸਤੀ ਕੀਤੀ ਤੇ ਵੱਖ-ਵੱਖ ਤਰ੍ਹਾਂ ਦੇ ਝੂਲਿਆਂ ਤੇ ਵਾਟਰ ਸਲਾਈਡ ਦਾ ਆਨੰਦ ਮਾਣਿਆ। ਬੱਚਿਆਂ ਨੇ ਵਾਟਰ ਪੂਲ ਵਿਚ ਸੰਗੀਤ ਦੀਆਂ ਧੁਨਾਂ ’ਤੇ ਨ੍ਰਿਤ ਕੀਤਾ। ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਨਾਲ ਵਾਟਰ ਪਾਰਕ ਦਾ ਦੌਰਾ ਕੀਤਾ ਤੇ ਉਥੇ ਕਈ ਤਰ੍ਹਾਂ ਦੇ ਲੱਗੇ ਮਨਮੋਹਕ ਯੰਤਰਾਂ ਨੂੰ ਬਾਰੀਕੀ ਨਾਲ ਜਾਣਿਆ। ਸਕੂਲ ਕੋਆਰਡੀਨੇਟਰ ਮਨਿੰਦਰ ਸਿੰਘ ਘੁੰਮਣ ਨੇ ਕਿਹਾ ਕਿ ਸਵੀਮਿੰਗ ਪੂਲ ਜਿਹੇ ਆਯੋਜਨਾਂ ਵਿਚ ਹਿੱਸਾ ਲੈਣ ਨਾਲ ਬੱਚਿਆਂ ਦਾ ਚਹੁੰਮੁੱਖੀ ਵਿਕਾਸ ਹੁੰਦਾ ਹੈ। ਵਿਦਿਆਰਥੀਆਂ ਨੇ ਪਾਣੀ ਵਿਚ ਸੰਗੀਤ ਦੀਆਂ ਧੁਨਾਂ ਤੇ ਨੱਚ ਖੇਡ ਕੇ ਮਸਤੀ ਕੀਤੀ ਤੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਵਿਦਿਆਰਥੀਆਂ ਨੇ ਆਪਣੇ ਪੱਧਰ ’ਤੇ ਫਲ, ਬਿਸਕੁਟ ਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਨਾਲ ਇਕ ਮਿੰਨੀ ਪਾਰਟੀ ਕੀਤੀ। ਸਕੂਲ ਦੇ ਵਾਈਸ ਪ੍ਰਿੰਸੀਪਲ ਸਤਬੀਰ ਸਿੰਘ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਨਾਲ ਬੱਚੇ ਤਣਾਅ ਮੁਕਤ ਹੋ ਜਾਂਦੇ ਹਨ ਤੇ ਉਹ ਹਰ ਪੱਖੋਂ ਵਿਕਾਸ ਕਰ ਸਕਦੇ ਹਨ। ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦਾ ਸਕੂਲ ਤੇ ਉਨ੍ਹਾਂ ਦੇ ਅਧਿਆਪਕਾਂ ਪ੍ਰਤੀ ਲਗਾਅ ਵੀ ਵਧਾਉਂਦੀਆਂ ਹਨ। ਇਸ ਮੌਕੇ ਸਕੂਲ ਕੋਆਰਡੀਨੇਟਰ ਮਨਿੰਦਰ ਸਿੰਘ ਘੁੰਮਣ, ਵਾਈਸ ਪ੍ਰਿੰਸੀਪਲ ਸਤਬੀਰ ਸਿੰਘ ,ਪ੍ਰਸ਼ਾਸਕ ਮਨੋਜ ਭਸੀਨ, ਰਾਹੁਲ, ਅਨੂੰ ਸ਼ਰਮਾ, ਰੀਤੂ ਗੁਪਤਾ, ਮਨਦੀਪ ਕੁਮਾਰ, ਰਾਜਬੀਰ ਸਿੰਘ, ਮੋਹਸਿਨ ਖਾਨ, ਵਿਪਨ ਗੁਪਤਾ, ਰਸ਼ਮੀ, ਅਰੂਣ ਰਾਣੀ, ਹਰਲੀਨ, ਅੰਜਨਾ ਸਾਹਿਲ, ਊਸ਼ਾ ਗਾਬਾ, ਮੋਨਿਕਾ, ਇਸ਼ੂ ਭਾਟੀਆ ਮੌਜੂਦ ਸਨ।