ਵਿਦਿਆਰਥੀਆਂ ਨੂੰ ਪਾਣੀ ਦੀ ਬੱਚਤ ਦਾ ਸੁਨੇਹਾ ਦਿੱਤਾ
ਗੁਰਨਾਮ ਸਿੰਘ ਚੌਹਾਨ
ਖਨੌਰੀ, 29 ਮਈ
ਗੰਗਾ ਇੰਟਰਨੈਸ਼ਨਲ ਸਕੂਲ ਵਿੱਚ ‘ਪੀਪਲਜ਼ ਆਰਟ ਪਟਿਆਲਾ’ ਵੱਲੋਂ ਸਤਪਾਲ ਬੰਗਾ ਦੀ ਅਗਵਾਈ ਵਿੱਚ ਟੀਮ ਨੇ ਪਾਣੀ ਦੀ ਬਚਤ ਕਰਨ ਅਤੇ ਸਾਂਭ-ਸੰਭਾਲ ਲਈ ਨੁੱਕੜ ਨਾਟਕ ਪੇਸ਼ ਕੀਤਾ। ਨਾਟਕ ਤੋਂ ਪਹਿਲਾਂ, ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਲਈ ਕਾਮੇਡੀ ਰੰਗ ਵਿੱਚ ਰੰਗਿਆ। ਸਤਪਾਲ ਬੰਗਾ ਨੇ ਕਿਹਾ ਕਿ ਨਸ਼ਿਆਂ ਦੀ ਵਰਤੋਂ ਪਰਿਵਾਰਾਂ ਅਤੇ ਸਮਾਜ ਲਈ ਘਾਤਕ ਸਾਬਤ ਹੋ ਰਹੀ ਹੈ। ਇਸ ਤੋਂ ਬਾਅਦ ਨੁੱਕੜ ਨਾਟਕ ਪੇਸ਼ ਕੀਤਾ ਗਿਆ ਜਿਸ ਦਾ ਮੁੱਖ ਵਿਸ਼ਾ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਅਤੇ ਪਾਣੀ ਦੇ ਪੱਧਰ ’ਚ ਹੋ ਰਹੀ ਗਿਰਾਵਟ ਬਾਰੇ ਜਾਗਰੂਕ ਕਰਨਾ ਸੀ। ਨਾਟਕ ਰਾਹੀਂ ਗਲੋਬਲ ਵਾਰਮਿੰਗ, ਫੈਕਟਰੀਆਂ ਵਿੱਚੋਂ ਨਿਕਲਦੇ ਗੰਦੇ ਪਾਣੀ ਦਾ ਢੰਗ ਨਾਲ ਨਿਵਾਰਨ ਨਾ ਹੋਣਾ, ਪਾਣੀ ਦੇ ਕੁਦਰਤੀ ਸਰੋਤਾਂ ਦਾ ਗੰਧਲਾ ਹੋਣਾ, ਖੇਤਾਂ ਦੀ ਸਿੰਜਾਈ ਲਈ ਨਹਿਰੀ ਪਾਣੀ ਦੀ ਘੱਟ ਵਰਤੋਂ ਆਦਿ ਗੰਭੀਰ ਸਮੱਸਿਆਵਾਂ ਨੂੰ ਬਹੁਤ ਹੀ ਰੁਚਿਕਰ ਅਤੇ ਸਪਸ਼ਟ ਢੰਗ ਨਾਲ ਪੇਸ਼ ਕੀਤਾ ਗਿਆ। ਟੀਮ ਨੇ ਵਿਦਿਆਰਥੀਆਂ ਨੂੰ ਮੋਬਾਈਲ ਦੀ ਵੱਧ ਰਹੀ ਵਰਤੋਂ ਦੇ ਨੁਕਸਾਨ ਬਾਰੇ ਵੀ ਜਾਗਰੂਕ ਕੀਤਾ। ਸਕੂਲ ਦੀ ਡਾਇਰੈਕਟਰ ਪ੍ਰਿੰਸੀਪਲ ਰੀਨਾ ਚੀਮਾ ਨੇ ਟੀਮ ਦੀ ਹੌਸਲਾ- ਅਫ਼ਜ਼ਾਈ ਕੀਤੀ। ਉਨ੍ਹਾਂ ਨੇ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦਾ ਇਹ ਪ੍ਰੋਗਰਾਮ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਉਹ ਇਸ ਗੰਭੀਰ ਅਤੇ ਚਿੰਤਾਜਨਕ ਵਿਸ਼ੇ ਬਾਰੇ ਅੱਜ ਤੋਂ ਹੀ ਲਾਮਬੰਦ ਹੋਣ, ਪਾਣੀ ਦੀ ਘੱਟ ਤੋਂ ਘੱਟ ਵਰਤੋਂ ਕਰਨ, ਪਰਿਵਾਾਂ ਜਾਗਰੂਕ ਕਰਨ ਦੇ ਨਾਲ-ਨਾਲ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕਰਨ ਦੀ ਸਲਾਹ ਦਿੱਤੀ ਹੈ। ਇਸ ਮੌਕੇ ਸਕੂਲ ਦੇ ਵਾਈਸ-ਪ੍ਰਿੰਸੀਪਲ ਇਸ਼ਾਂਤ ਪਾਹਵਾ ਅਤੇ ਸਮੂਹ ਸਟਾਫ਼ ਮੈਂਬਰ ਮੌਜੂਦ ਸਨ।