ਵਿਦਿਆਰਥੀਆਂ ਨੂੰ ਜਬਰਨ ਤੇਲਗੂ ਭਾਸ਼ਾ ਸਿਖਾਉਣ ਦਾ ਵਿਰੋਧ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 29 ਮਈ
ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਤੇਲਗੂ ਭਾਸ਼ਾ ਦਾ ਮੁੱਢਲਾ ਗਿਆਨ ਦੇਣ ਦੇ ਫ਼ੈਸਲੇ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਨੇ ਵਾਪਸ ਲੈਣ ਦੀ ਮੰਗ ਕੀਤੀ ਹੈ। ਜ਼ਿਲ੍ਹਾ ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਸਿੱਧੂ ਅਤੇ ਸਿੱਧਵਾਂ ਬੇਟ ਦੇ ਪ੍ਰਧਾਨ ਹਰਦੀਪ ਸਿੰਘ ਰਸੂਲਪੁਰ ਨੇ ਜਥੇਬੰਦੀ ਦੀ ਇਥੇ ਹੋਈ ਮੀਟਿੰਗ ਵਿੱਚ ਕਿਹਾ ਕਿ ਜਦੋਂ ਵਿਦਿਆਰਥੀ ਤਿੰਨ ਭਾਸ਼ੀ ਫਾਰਮੂਲੇ ਤਹਿਤ ਤਿੰਨ ਭਾਸ਼ਾਵਾਂ ਪੜ੍ਹ ਰਹੇ ਹਨ ਉਦੋਂ ਉਨ੍ਹਾਂ ’ਤੇ ਚੌਥੀ ਭਾਸ਼ਾ ਜ਼ਬਰਦਸਤੀ ਥੋਪਣੀ ਬਿਲਕੁਲ ਗ਼ੈਰ ਵਿਵਹਾਰਕ ਅਤੇ ਗ਼ੈਰ ਮਨੋਵਿਗਿਆਨਿਕ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਿਛਲੇ ਦਿਨੀਂ ਐਲਾਨੇ ਬਾਰ੍ਹਵੀਂ ਜਮਾਤ ਦੀ ਪੰਜਾਬੀ ਦੀ ਪ੍ਰੀਖਿਆ ਵਿੱਚੋਂ 3800 ਤੋਂ ਵੱਧ ਅਤੇ ਦਸਵੀਂ ਦੀ ਪ੍ਰੀਖਿਆ ਵਿੱਚੋਂ 1500 ਤੋਂ ਵੱਧ ਵਿਦਿਆਰਥੀ ਪੰਜਾਬੀ ਭਾਸ਼ਾ ਵਿੱਚੋਂ ਫੇਲ੍ਹ ਹੋ ਗਏ ਸਨ ਪਰ ਹੁਣ ਵਿਭਾਗ ਬਿਨਾਂ ਸੋਚੇ ਸਮਝੇ ਅਤੇ ਅਧਿਆਪਕਾਂ ਨਾਲ ਸਲਾਹ ਕੀਤੇ ਬਿਨਾਂ ਤੇਲਗੂ ਭਾਸ਼ਾ ਸਿਖਾਉਣ ਲਈ ਅਧਿਆਪਕਾਂ ਨੂੰ ਮਜਬੂਰ ਕਰ ਰਿਹਾ ਹੈ। ਆਗੂਆਂ ਨੇ ਕਿਹਾ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸਿੱਖਿਆ ਦਾ ਪਹਿਲਾਂ ਹੀ ਵਿਭਾਗ ਦੇ ਨਿੱਤ ਨਵੇਂ ਤਜ਼ਰਬਿਆਂ ਰਾਹੀਂ ਭੱਠਾ ਬਿਠਾਇਆ ਜਾ ਰਿਹਾ ਹੈ, ਉਥੇ ਵਿਭਾਗ ਵਲੋਂ ਅਧਿਆਪਕਾਂ ਨੂੰ ਹੋਰ ਕੰਮਾਂ ਵਿੱਚ ਉਲਝਾ ਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੱਡਾ ਨੁਕਸਾਨ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਵਿਦਿਆਰਥੀ ਇਕ ਹਫ਼ਤੇ ਵਿੱਚ ਕਿਵੇਂ ਕਿਸੇ ਹੋਰ ਭਾਸ਼ਾ ਨੂੰ ਸਿੱਖ ਸਕਦੇ ਹਨ ਜਿਸ ਨਾਲ ਉਨ੍ਹਾਂ ਦਾ ਕਦੇ ਵੀ ਵਾਹ-ਵਾਸਤਾ ਨਹੀਂ ਪਿਆ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਸਿਖਾਉਣ ਵਾਲੇ ਵੀ ਉਹੀ ਹਨ ਜਿਨ੍ਹਾਂ ਕੋਲ ਇਸ ਭਾਸ਼ਾ ਦਾ ਮੁੱਢਲਾ ਗਿਆਨ ਵੀ ਨਹੀਂ ਹੈ। ਇਸ ਤਰ੍ਹਾਂ ਤਾਂ ਤੇਲਗੂ ਭਾਸ਼ਾ ਵਿਦਿਆਰਥੀਆਂ ਨੂੰ ਸਿਖਾਉਣ ਦੀ ਜਗ੍ਹਾ ਇਸ ਭਾਸ਼ਾ ਦਾ ਮਜ਼ਾਕ ਉਡਾਉਣ ਵਾਲਾ ਕੰਮ ਹੋ ਜਾਵੇਗਾ। ਆਗੂਆਂ ਨੇ ਕਿਹਾ ਕਿ ਮਿਸ਼ਨ ਸਮਰੱਥ ਤਹਿਤ ਵਿਭਾਗ ਵਲੋਂ ਅੱਠਵੀਂ ਤਕ ਪੰਜਾਬੀ ਭਾਸ਼ਾ ਵਿੱਚ ਪੱਛੜੇ ਵਿਦਿਆਰਥੀਆਂ ਨੂੰ ਅੱਖਰ, ਸ਼ਬਦ ਬਾਰੇ ਗਿਆਨ ਦੇਣ ਲਈ ਪੜ੍ਹਨਾ ਲਿਖਣਾ ਸਿਖਾਇਆ ਜਾ ਰਿਹਾ ਹੈ। ਉਥੇ ਹੁਣ ਉਨ੍ਹਾਂ 'ਤੇ ਇਕ ਹੋਰ ਭਾਸ਼ਾ ਥੋਪਣਾ ਬਿਲਕੁਲ ਗੈਰ ਮਨੋਵਿਗਿਆਨਿਕ ਹੈ। ਮੀਟਿੰਗ ਵਿੱਚ ਰਾਣਾ ਆਲਮਦੀਪ, ਤੁਲਸੀ ਦਾਸ, ਹਰਪ੍ਰੀਤ ਸਿੰਘ ਮਲਕ, ਸ਼ਰਨਜੀਤ ਸਿੰਘ, ਇੰਦਰਪ੍ਰੀਤ ਸਿੰਘ, ਹਰਵਿੰਦਰ ਸਿੰਘ ਹਾਜ਼ਰ ਸਨ।