ਵਿਕਾਸ ਕਾਰਜ ਮਿੱਥੇ ਸਮੇਂ ’ਚ ਮੁਕੰਮਲ ਕੀਤੇ ਜਾਣ: ਚੀਮਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਮਈ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਪਟਿਆਲਾ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਚੁਣੇ ਹੋਏ ਨੁਮਾਇੰਦਿਆਂ ਨਾਲ ਬਿਹਤਰ ਤਾਲਮੇਲ ਕਰਦਿਆਂ ਵਿਕਾਸ ਕਾਰਜਾਂ ਨੂੰ ਮਿੱਥੇ ਸਮੇਂ ਵਿੱਚ ਮੁਕੰਮਲ ਕਰਵਾਉਣਾ ਯਕੀਨੀ ਬਣਾਉਣ। ਚੀਮਾ ਨੇ ਅੱਜ ਪਟਿਆਲਾ ਜ਼ਿਲ੍ਹੇ ਦੇ ਇੰਚਾਰਜ ਮੰਤਰੀ ਵਜੋਂ ਅਧਿਕਾਰੀਆਂ ਅਤੇ ਚੁਣੇ ਨੁਮਾਇੰਦਿਆਂ ਨਾਲ ਵਿਕਾਸ ਕਾਰਜਾਂ ਅਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ। ਵਿਕਾਸ ਕਾਰਜਾਂ ’ਚ ਦੇਰੀ ਦਾ ਗੰਭੀਰ ਨੋਟਿਸ ਲੈਂਦਿਆਂ ਵਿੱਤ ਮੰੰਤਰੀ ਨੇ ਕਿਹਾ ਕਿ ਕੰਮ ਵਿੱਚ ਦੇਰੀ ਵੀ ਭ੍ਰਿਸ਼ਟਾਚਾਰ ਮੰਨਿਆ ਜਾਵੇਗਾ ਜਿਸ ਲਈ ਅਧਿਕਾਰੀ ਲੰਬਿਤ ਕਾਰਜਾਂ ਬਾਰੇ ਰਿਪੋਰਟ ਸੌਂਪਣ। ਜਾਣ ਬੁੱਝ ਕੇ ਦੇਰੀ ਜਾਂ ਅਣਗਹਿਲੀ ਦੇ ਮਾਮਲੇ ’ਚ ਕਾਰਵਾਈ ਹੋਵੇਗੀ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅਰਬਨ ਅਸਟੇਟ ਦੀਆਂ ਸੜਕਾਂ ਤੇ ਵਿਕਾਸ ਕਾਰਜਾਂ ਸਮੇਤ ਛੋਟੀ ਤੇ ਵੱਡੀ ਨਦੀ ਦੇ ਨਵੀਨੀਕਰਨ, ਵਿਧਾਇਕ ਅਜੀਤਪਾਲ ਕੋਹਲੀ ਨੇ ਨਹਿਰੀ ਪਾਣੀ ਪ੍ਰਾਜੈਕਟ ਕਰਕੇ ਤੋੜੀਆਂ ਸੜਕਾਂ ਅਤੇ ਮੌਨਸੂਨ ਦੇ ਮੱਦੇਨਜ਼ਰ ਡਰੇਨਾਂ ਤੇ ਨਦੀਆਂ ਦੀ ਸਫ਼ਾਈ, ਚੇਤਨ ਜੌੜਾਮਾਜਰਾ ਨੇ ਨਾਜਾਇਜ਼ ਕੱਟੀਆਂ ਜਾ ਰਹੀਆਂ ਕਲੋਨੀਆਂ, ਹਰਮੀਤ ਪਠਾਣਮਾਜਰਾ ਨੇ ਪ੍ਰਸ਼ਾਸਨਿਕ ਤੇ ਵਿਕਾਸ ਕਾਰਜਾਂ ਵਿੱਚ ਦੇਰੀ, ਗੁਰਲਾਲ ਘਨੌਰ ਦੇ ਮਗਨਰੇਗਾ ਪ੍ਰਾਜੈਕਟਾਂ ਸਬੰਧੀ ਸਮੱਸਿਆਵਾਂ ਅਤੇ ਦੇਵ ਮਾਨ ਨੇ ਨਾਭਾ ਸ਼ਹਿਰ ’ਚ ਸੀਵਰੇਜ ਦੀ ਸਮੱਸਿਆ ਸਣੇ ਹੋਰ ਮੁੱਦੇ ਚੁੱਕੇ। ਇਸ ਦੌਰਾਨ ਵਿੱਤ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਵਿਧਾਇਕਾਂ ਨੂੰ ਸਾਰੇ ਵਿਕਾਸ ਪ੍ਰਾਜੈਕਟਾਂ, ਪਿੰਡਾਂ ਦੇ 1204 ਛੱਪੜਾਂ ਦੀ ਸਫਾਈ ਤੇ ਪਾਣੀ ਬਦਲੀ ਬਾਰੇ ਜਾਣੂ ਕਰਵਾਉਣ। ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਸਕੀਮਾਂ ਦਾ ਲਾਭ ਲਾਭਪਾਤਰੀਆਂ ਨੂੰ ਦੇਣ ਲਈ ਚੁਣੇ ਨੁਮਾਇੰਦਿਆਂ ਨਾਲ ਤਾਲਮੇਲ ਕਰਕੇ ਕੰਮ ’ਚ ਤੇਜ਼ੀ ਲਿਆਂਦੀ ਜਾਵੇ। ਵਿੱਤ ਮੰਤਰੀ ਨੇ ਮੰਡੋਲੀ ਤੇ ਪੱਬਰਾ ਵਿੱਚ ਨਹਿਰੀ ਪਾਣੀ ਪ੍ਰਾਜੈਕਟ ਦਾ ਕਾਰਜ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੂੰ ਇਕ ਮਹੀਨੇ ’ਚ ਮੁਕੰਮਲ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਇਸ ਕੰਮ ’ਚ ਹੋਰ ਦੇਰੀ ਲਈ ਸਬੰਧਤ ਅਧਿਕਾਰੀ ਨਿੱਜੀ ਤੌਰ ’ਤੇ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਰਾਜਿੰਦਰਾ ਹਸਪਤਾਲ ਵਿੱਚ ਅੱਗ ਨਾਲ ਸੜੇ ਜਾਂ ਕਿਸੇ ਹੋਰ ਕਾਰਨ ਝੁਲਸੇ ਮਰੀਜ਼ਾਂ ਦੇ ਇਲਾਜ ਲਈ ਨਵੇਂ ਬਣਨ ਵਾਲੇ ਬਰਨ ਯੂਨਿਟ ਦੇ ਕੰਮ ’ਚ ਦੇਰੀ ਦਾ ਵੀ ਗੰਭੀਰ ਨੋਟਿਸ ਲਿਆ ਅਤੇ ਲੋਕ ਨਿਰਮਾਣ ਵਿਭਾਗ ਦੇ ਇਲੈਕਟ੍ਰਿਕ ਵਿੰਗ ਸਮੇਤ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਕਿ ਇਸ ਕੰਮ ਵਿੱਚ ਹੋਰ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਬਿਹਤਰ ਤੇ ਪਾਰਦਰਸ਼ੀ ਪ੍ਰਸ਼ਾਸਨ ਤੇ ਸਮਾਂ ਬੱਧ ਵਿਕਾਸ ਕਾਰਜ ਕਰਵਾਉਣੇ ਯਕੀਨੀ ਬਣਾਉਣ ਦਾ ਭਰੋੋਸਾ ਦਿੱਤਾ। ਇਸ ਮੌਕੇ ਸਾਬਕਾ ਮੰਤਰੀ ਬ੍ਰਮ ਸ਼ੰਕਰ ਜਿੰਪਾ, ਬਲਤੇਜ ਪੰਨੂ, ਡੀਆਈਜੀ ਡਾ. ਨਾਨਕ ਸਿੰਘ, ਹਰਿੰਦਰ ਕੋਹਲੀ, ਜਗਦੀਪ ਜੱਗਾ, ਮੇਘ ਚੰਦ ਸ਼ੇਰਮਾਜਰਾ, ਤੇਜਿੰਦਰ ਮਹਿਤਾ, ਜੱਸੀ ਸੋਹੀਆਂ ਵਾਲਾ ਅਤੇ ਬਲਕਾਰ ਗੱਜੂਮਾਜਰਾ ਆਦਿ ਵੀ ਮੌਜੂਦ ਸਨ।