ਵਿਕਾਸ ਕਾਰਜਾਂ ਦੀ ਪੋਲ ਖੋਲ੍ਹ ਰਿਹੈ ਧੂਰੀ ਦਾ ਬੱਸ ਅੱਡਾ
ਬੀਰਬਲ ਰਿਸ਼ੀ
ਧੂਰੀ, 1 ਜੂਨ
ਧੂਰੀ ਸ਼ਹਿਰ ਦੇ ਬੱਸ ਅੱਡੇ ਵਿੱਚ ਸਹੂਲਤਾਂ ਦੀ ਘਾਟ ਵਿਕਾਸ ਕਾਰਜਾਂ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੀ ਹੈ। ਜਾਣਕਾਰੀ ਅਨੁਸਾਰ ਧੂਰੀ ’ਚੋਂ ਲੰਘਦੀਆਂ ਬੱਸਾਂ ਤੋਂ ਅੱਡਾ ਫੀਸ ਵਸੂਲਣ ਵਾਲੀ ਨਗਰ ਕੌਂਸਲ ਦੇ ਅਧਿਕਾਰੀ ਵੀ ਸਵਾਰੀਆਂ ਨੂੰ ਸਹੂਲਤ ਦੇਣ ਦੇ ਮਾਮਲੇ ’ਚ ਪੱਲਾ ਝਾੜਦੇ ਹੀ ਨਜ਼ਰ ਆਏ। ਧੂਰੀ ਸ਼ਹਿਰ ਅੰਦਰਲੇ ਬੱਸ ਅੱਡੇ ਵਿੱਚ ਧੂਰੀ ਤੋਂ ਸ਼ੇਰਪੁਰ, ਧੂਰੀ ਤੋਂ ਬਰਨਾਲਾ ਵਾਲੇ ਕਾਊਂਟਰਾਂ ਵਾਲੇ ਪਾਸੇ ਇਕ ਵੀ ਸ਼ੈੱਡ ਨਹੀਂ ਹੈ। ਜ਼ਿਕਰਯੋਗ ਹੈ ਕਿ ਬੱਸ ਸਟੈਂਡ ਤੋਂ ਸ਼ੇਰਪੁਰ, ਰਾਏਕੋਟ, ਵਾਇਆ ਹਥਨ ਬਮਾਲ ਹੋਕੇ ਮਾਲੇਰਕੋਟਲਾ, ਧੂਰੀ ਤੋਂ ਨਾਭਾ ਅਤੇ ਧੂਰੀ ਤੋਂ ਬਰਨਾਲਾ ਨੂੰ ਜਾਂਦੀਆਂ ਲੋਕਲ ਰੂਟਾਂ ’ਤੇ ਚੱਲਦੀਆਂ ਚੋਣਵੀਆਂ ਪੀਆਰਟੀਸੀ ਤੇ ਪ੍ਰਾਈਵੇਟ ਬੱਸਾਂ ਹੀ ਬੱਸ ਅੱਡੇ ਅੰਦਰ ਆਉਂਦੀਆਂ ਹਨ ਜਦੋਂ ਕਿ ਲੰਬੇ ਰੂਟ ਦੀਆਂ ਸਾਰੀਆਂ ਹੀ ਬੱਸਾਂ ਕੱਕੜਵਾਲ ਚੌਕ ਵਿੱਚ ਹੀ ਕੁਝ ਸਮੇਂ ਲਈ ਰੁਕਦੀਆਂ ਹਨ। ਅਤਿ ਦੀ ਗਰਮੀ ਵਿੱਚ ਕੱਕੜਵਾਲ ਚੌਕ ’ਤੇ ਸਾਰਾ ਦਿਨ ਸਵਾਰੀਆਂ ਧੁੱਪ ਵਿੱਚ ਖੜ੍ਹੀਆਂ ਬੱਸਾਂ ਉਡੀਕਦੀਆਂ ਹਨ ਕਿਉਂਕਿ ਉਥੇ ਸ਼ੈੱਡ ਨਹੀਂ ਹੈ। ਕੱਕੜਵਾਲ ਚੌਂਕ ’ਚ ਪਖਾਨਿਆਂ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਕੱਕੜਵਾਲ ਚੌਂਕ ’ਚ ਸ਼ੈੱਡ ਜ਼ਰੂਰ ਬਣਾਇਆ ਸੀ ਪਰ ਉਸ ਵਿੱਚ ਮਹਿਜ਼ ਪੰਜ ਸੱਤ ਲੋਕ ਹੀ ਬੈਠ ਸਕਦੇ ਹਨ ਜਦੋਂ ਮਾਲੇਰਕੋਟਲਾ ਨੂੰ ਜਾਂਦੀਆਂ ਬੱਸਾਂ ਦੇ ਮੁਸਾਫਿਰਾਂ ਲਈ ਉੱਕਾ ਹੀ ਕੋਈ ਸਹੂਲਤ ਨਹੀਂ। ਮੁੱਖ ਮੰਤਰੀ ਕੈਂਪ ਦਫ਼ਤਰ ਧੂਰੀ ਦੇ ਦੋਵੇਂ ਇਚਾਰਜਾਂ ਨੇ ਕੋਸ਼ਿਸ਼ਾਂ ਦੇ ਬਾਵਜੂਦ ਫੋਨ ਨਹੀਂ ਚੁੱਕਿਆ।
ਅੱਡਾ ਬਾਹਰ ਜਾਣ ਦੀ ਤਜਵੀਜ਼ ਕਾਰਨ ਪੈਸੇ ਨਹੀਂ ਖਰਚੇ: ਈਓ
ਨਗਰ ਕੌਂਸਲ ਧੂਰੀ ਦੇ ਕਾਰਜਸਾਧਕ ਅਫ਼ਸਰ ਗੁਰਿੰਦਰ ਸਿੰਘ ਨੇ ਕਿਹਾ ਕਿ ਬੱਸ ਸਟੈਂਡ ਬਾਹਰ ਲਿਜਾਣ ਦੀਆਂ ਦੋ ਤਿੰਨ ਤਜਵੀਜ਼ਾਂ ਆਈਆਂ ਹਨ ਪਰ ਹਾਲੇ ਫ਼ੈਸਲਾ ਹੋਣਾ ਬਾਕੀ ਹੈ ਜਿਸ ਕਰਕੇ ਬੱਸ ਸਟੈਂਡ ’ਤੇ ਪੈਸੇ ਨਹੀਂ ਖਰਚੇ ਜਾ ਰਹੇ। ਉਨ੍ਹਾਂ ਦੱਸਿਆ ਕਿ ਬੱਸ ਸਟੈਂਡ ਲਈ ਇੱਕ ਟਿਊਬਵੈੱਲ ਮਨਜ਼ੂਰ ਹੋਇਆ ਹੈ ਜਿਸ ਕਰਕੇ ਇਸ ਦੇ ਲੱਗਣ ਤੋਂ ਪਹਿਲਾਂ ਸ਼ੈੱਡ ਨਹੀਂ ਪਾਇਆ ਜਾ ਸਕਦਾ। ਉਨ੍ਹਾਂ ਦੱਸਿਆ ਕਿ ਕੱਕੜਵਾਲ ਚੌਕ ਵਿੱਚ ਸਹੂਲਤਾਂ ਦੇਣ ਲਈ ਜਗ੍ਹਾ ਦੀ ਘਾਟ ਹੈ।Advertisement