ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਪਿੰਡ ਪੁੱਜੇ ਵਿਧਾਇਕ ਨੂੰ ਕਿਸਾਨਾਂ ਨੇ ਪੁੱਛੇ ਸਵਾਲ
ਭੁੱਚੋ ਮੰਡੀ, 13 ਅਪਰੈਲ
ਪਿੰਡ ਤੁੰਗਵਾਲੀ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਬੁਰਜ ਗਿੱਲ) ਦੇ ਆਗੂਆਂ ਨੇ ਆਰਓ ਅਤੇ ਪੱਕੇ ਰਸਤੇ ਦਾ ਉਦਘਾਟਨ ਕਰਨ ਪਹੁੰਚੇ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਨੂੰ ਰੋਕ ਕੇ ਸਵਾਲ ਕੀਤੇ ਅਤੇ ਉਨ੍ਹਾਂ ਦਾ ਜਵਾਬ ਮੰਗਿਆ।
ਬੂਟਾ ਸਿੰਘ ਤੁੰਗਵਾਲੀ ਅਨੁਸਾਰ ਉਨ੍ਹਾਂ ਨੇ ਵਿਧਾਇਕ ਨੂੰ ਸਵਾਲ ਕੀਤਾ ਕਿ ਪਿੰਡ ਚਾਉਕੇ ਦੇ ਆਦਰਸ਼ ਸਕੂਲ ਅੱਗੇ ਅਧਿਆਪਕਾਂ ਦੇ ਸੰਘਰਸ਼ ਦੌਰਾਨ ਪੁਲੀਸ ਨੇ ਇੱਕ ਅਧਿਆਪਕਾ ਨੂੰ ਉਸ ਦੀ 14 ਮਹੀਨਿਆਂ ਦੀ ਬੱਚੀ ਸਮੇਤ ਗ੍ਰਿਫ਼ਤਾਰ ਕਰ ਲਿਆ ਸੀ। ਬੱਚੀ ਚਾਰ ਦਿਨ ਜੇਲ੍ਹ ਵਿੱਚ ਰਹੀ, ਉਸ ਦਾ ਕੀ ਕਸੂਰ ਸੀ? ਵਿਧਾਇਕ ਇਸ ਸਵਾਲ ਦਾ ਕੋਈ ਠੋਸ ਜਵਾਬ ਨਹੀਂ ਦੇ ਸਕੇ। ਕਿਸਾਨਾਂ ਨੇ ਪੁੱਛਿਆ ਕਿ ‘ਆਪ’ ਵੱਲੋਂ ਚੋਣਾਂ ਮੌਕੇ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਦੇਣ ਅਤੇ ਪੈਨਸ਼ਨ 25 ਸੌ ਰੁਪਏ ਕਰਨ ਦਾ ਕੀਤਾ ਗਿਆ ਵਾਅਦਾ ਕਦੋਂ ਪੂਰਾ ਹੋਵੇਗਾ? ਇਸ ਦੇ ਜਵਾਬ ’ਚ ਵਿਧਾਇਕ ਜਗਸੀਰ ਸਿੰਘ ਨੇ ਕਿਹਾ ਕਿ ਉਹ (ਵਾਅਦਾ) ਵੀ ਪੂਰਾ ਹੋ ਜਾਵੇਗਾ। ਇਸ ਮੌਕੇ ਕਿਸਾਨ ਆਗੂ ਜਗਸੀਰ ਸਿੰਘ, ਬਹਾਦਰ ਸਿੰਘ ਅਤੇ ਅਮਨਦੀਪ ਸਿੰਘ ਆਦਿ ਹਾਜ਼ਰ ਸਨ।