ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ
ਏਲਨਾਬਾਦ,18 ਜੂਨ
ਪਸ਼ੂ ਪਾਲਣ ਵਿਭਾਗ ਵਿੱਚ ਵੈਟਰਨਰੀ ਲਾਈਫ ਸਟਾਕ ਡਿਵੈੱਲਪਮੈਂਟ ਦੀ ਪੋਸਟ ’ਤੇ ਕੰਮ ਕਰ ਰਹੇ ਇੱਕ ਨੌਜਵਾਨ ਨੂੰ ਪੁਲੀਸ ਨੇ ਮਾਸੀ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਬਣਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਮੁਲਜ਼ਮ ਪਿੰਡ ਸ਼ੇਰਪੁਰਾ ਦਾ ਰਹਿਣ ਵਾਲਾ ਹੈ ਅਤੇ ਹੁਣ ਏਲਨਾਬਾਦ ਦੇ ਪਿੰਡ ਪੋਹੜਕਾ ਵਿੱਚ ਉਸ ਦੀ ਡਿਊਟੀ ਹੈ। ਉਹ ਪੜ੍ਹਾਈ ਸਮੇਂ ਦੌਰਾਨ ਹੀ ਨਾਥੂਸਰੀ ਚੌਪਟਾ ਖੇਤਰ ਦੇ ਪਿੰਡ ਵਿੱਚ ਆਪਣੀ ਮਾਸੀ ਦੇ ਘਰ ਆਉਂਦਾ-ਜਾਂਦਾ ਸੀ। ਪੀੜਤ ਲੜਕੀ ਅਤੇ ਮੁਲਜ਼ਮ ਦੋਵੇਂ ਇਕੱਠੇ ਪੜ੍ਹਦੇ ਸਨ। ਪਰਿਵਾਰ ਨੂੰ ਵੀ ਉਨ੍ਹਾਂ ’ਤੇ ਸ਼ੱਕ ਨਹੀਂ ਹੋਇਆ ਕਿਉਂਕਿ ਉਹ ਉਨ੍ਹਾਂ ਨੂੰ ਭੈਣ-ਭਰਾ ਸਮਝਦੇ ਸਨ। ਇਸ ਦੌਰਾਨ ਦੋਵਾਂ ਵਿਚਕਾਰ ਆਪਸੀ ਸਬੰਧ ਬਣ ਗਏ। ਪੀੜਤ ਲੜਕੀ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਮਾਸੀ ਦਾ ਲੜਕਾ ਉਸ ਨੂੰ ਵਿਆਹ ਕਰਨ ਦਾ ਝਾਂਸਾ ਦੇ ਕੇ ਸਾਲ 2019 ਤੋਂ ਹੀ ਉਸ ਨਾਲ ਅਨੇਕ ਵਾਰ ਸਰੀਰਕ ਸਬੰਧ ਬਣਾ ਚੁੱਕਾ ਹੈ। ਹੁਣ ਜਦੋਂ ਉਸ ਨੇ ਵਿਆਹ ਲਈ ਦਬਾਅ ਬਣਾਇਆ ਤਾਂ ਉਸ ਨੇ ਫਰਜ਼ੀ ਕਾਗਜ਼ ਤਿਆਰ ਕਰਕੇ ਇੱਕ ਮੰਦਰ ਵਿੱਚ ਉਸ ਨਾਲ ਵਿਆਹ ਕੀਤਾ ਪਰ ਆਪਣੇ ਘਰ ਲਿਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਪੀੜਤ ਲੜਕੀ ਨੇ ਸਾਰੀ ਕਹਾਣੀ ਪੁਲੀਸ ਨੂੰ ਦੱਸੀ। ਲੜਕੀ ਨੇ ਦੱਸਿਆ ਕਿ ਉਸ ਦੇ ਪਿਤਾ ਅਤੇ ਭਰਾ ਦੀ ਮੌਤ ਹੋ ਚੁੱਕੀ ਹੈ ਅਤੇ ਘਰ ਵਿੱਚ ਇਕੱਲੀ ਉਸ ਦੀ ਮਾਂ ਹੈ। ਪੀੜਤ ਲੜਕੀ ਨੇ ਪੁਲੀਸ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੀ ਮਾਸੀ ਦਾ ਲੜਕਾ ਪਿਛਲੇ ਕਰੀਬ ਸੱਤ ਸਾਲ ਤੋਂ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਲਗਾਤਾਰ ਸਰੀਰਕ ਸਬੰਧ ਬਣਾ ਰਿਹਾ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਸ਼ੁਰੂ ਕੀਤੀ ਹੈ।