ਵਾਲਮੀਕੀ ਸਮਾਜ ਦੇ ਧਰਮ ਗੁਰੂਆਂ ਵੱਲੋਂ ਅਰੋੜਾ ਦੇ ਸਮਰਥਨ ਦਾ ਐਲਾਨ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 16 ਜੂਨ
ਲੁਧਿਆਣਾ ਜ਼ਿਮਨੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਅੱਜ ਫਿਰ ਵੱਡੀ ਮਜ਼ਬੂਤੀ ਹਾਸਲ ਕੀਤੀ ਹੈ। ਸੋਮਵਾਰ ਨੂੰ ਵਾਲਮੀਕਿ ਸਮਾਜ ਦੇ ਧਰਮ ਗੁਰੂਆਂ ਨੇ ‘ਆਪ’ ਉਮੀਦਵਾਰ ਸੰਜੀਵ ਅਰੋੜਾ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ। ਵਾਲਮੀਕਿ ਤੀਰਥ ਮੰਦਰ ਦੇ ਬਾਬਾ ਜਸਪਾਲ ਨਾਥ ਜੀ ਨੇ ਲੁਧਿਆਣਾ ਵਿੱਚ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨਾਲ ਪੱਤਰਕਾਰ ਮਿਲਣੀ ਕਰ ਇਹ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸੁਰਿੰਦਰ ਕਲਿਆਣ, ਜਸਵੀਰ, ਰਵੀ ਬਾਲੀ, ਦਾਰਾ ਟਾਂਕ, ਅਜੈ ਚੌਹਾਨ, ਕੁਸ਼ਰਾਜ, ਬਲਵਿੰਦਰ ਕਾਲਾ, ਸੇਵਕ ਵਿਜੇ ਸ਼ਰੀ, ਮਾਤਾ ਰਾਣੀ ਜੀ, ਬਾਬਾ ਰਾਮਦਾਸ ਆਦਿ ਹਾਜ਼ਰ ਸਨ।
ਗਿਆਸਪੁਰਾ ਨੇ ਬਾਬਾ ਜਸਪਾਲ ਨਾਥ ਜੀ ਦਾ ‘ਆਪ’ ਉਮੀਦਵਾਰ ਨੂੰ ਸਮਰਥਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਦਲਿਤ ਭਾਈਚਾਰੇ ਨੂੰ ਨਜ਼ਰਅੰਦਾਜ਼ ਕੀਤਾ, ਜਦੋਂ ਕਿ ‘ਆਪ’ ਸਰਕਾਰ ਨੇ ਉਨ੍ਹਾਂ ਦਾ ਸਤਿਕਾਰ ਕੀਤਾ ਅਤੇ ਉਨ੍ਹਾਂ ਨੂੰ ਸਸ਼ਕਤ ਬਣਾਇਆ। ਗਿਆਸਪੁਰਾ ਨੇ ਕਿਹਾ ਕਿ ਮਾਨ ਸਰਕਾਰ ਨੇ ਸ੍ਰੀ ਹਰਿਮੰਦਰ ਸਾਹਿਬ ਵਾਂਗ ਸ਼੍ਰੀ ਵਾਲਮੀਕੀ ਤੀਰਥ ਮੰਦਿਰ ਦੇ ਵਿਕਾਸ ਲਈ ਕਰੋੜਾਂ ਰੁਪਏ ਦੇ ਫੰਡ ਜਾਰੀ ਕੀਤੇ ਹਨ, ਜਿਸ ਕਾਰਨ ਵਾਲਮੀਕੀ ਸਮਾਜ ਦੇ ਧਰਮ ਗੁਰੂ ਸਰਕਾਰ ਦੀ ਪ੍ਰਸ਼ੰਸਾ ਕਰ ਰਹੇ ਹਨ।
‘ਆਪ’ ਵਿਧਾਇਕ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਹਮੇਸ਼ਾ ਦਲਿਤਾਂ ਅਤੇ ਦੱਬੇ-ਕੁਚਲੇ ਲੋਕਾਂ ਨੂੰ ਨਜ਼ਰਅੰਦਾਜ਼ ਕੀਤਾ। ਆਪ ਸਰਕਾਰ ਪਹਿਲੀ ਸਰਕਾਰ ਹੈ ਜਿਸਨੇ ਦਲਿਤ ਬੱਚਿਆਂ ਦੀ ਸਿੱਖਿਆ ਅਤੇ ਆਰਥਿਕ ਤਰੱਕੀ ਬਾਰੇ ਸੋਚਿਆ।
ਇਸ ਤੋਂ ਇਲਾਵਾ ‘ਆਪ’ ਸਰਕਾਰ ਨੇ ਐਡਵੋਕੇਟ ਜਨਰਲ ਦੇ ਦਫ਼ਤਰ ਵਿੱਚ ਕਾਨੂੰਨੀ ਅਧਿਕਾਰੀਆਂ ਦੀ ਨਿਯੁਕਤੀ ਵਿੱਚ ਅਨੁਸੂਚਿਤ ਜਾਤੀ ਭਾਈਚਾਰੇ ਲਈ ਰਾਖਵੇਂਕਰਨ ਦੀ ਵਿਵਸਥਾ ਕੀਤੀ। ਇਸ ਦੇ ਨਾਲ ਹੀ ਦਲਿਤ ਭਾਈਚਾਰੇ ਦੇ 68 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ। ਸੰਬੋਧਨ ਕਰਦੇ ਹੋਏ ਬਾਬਾ ਜਸਪਾਲ ਨਾਥ ਜੀ ਨੇ ’ਆਪ’ ਉਮੀਦਵਾਰ ਸੰਜੀਵ ਅਰੋੜਾ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਸੁਭਾਅ ਬਹੁਤ ਵਧੀਆ ਹੈ। ਉਹ ਗਰੀਬ ਲੋਕਾਂ ਲਈ ਕੰਮ ਕਰਦੇ ਹਨ। ਇਸੇ ਲਈ ਅਸੀਂ ਉਨ੍ਹਾਂ ਦਿ ਸਮਰਥਨ ਕਰਨ ਲਈ ਇੱਥੇ ਆਏ ਹਾਂ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਹਾਲ ਹੀ ਵਿੱਚ ਅੰਮ੍ਰਿਤਸਰ ਵਿੱਚ ਸ੍ਰੀ ਵਾਲਮੀਕੀ ਤੀਰਥ ਸਥਾਨ ਨਾਲ ਸਬੰਧਿਤ 35 ਕਰੋੜ ਰੁਪਏ ਦੇ ਅੱਠ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਹੈ। ਇਸ ਕਾਰਨ ਦਲਿਤ ਭਾਈਚਾਰੇ ਦੇ ਸਾਰੇ ਲੋਕਾਂ ਦਾ ‘ਆਪ’ ਸਰਕਾਰ ਪ੍ਰਤੀ ਵਿਸ਼ਵਾਸ ਵਧਿਆ ਹੈ।