ਵਾਰਡ ਡਿਫੈਂਸ ਕਮੇਟੀਆਂ ਦੀ ਨਸ਼ਿਆਂ ਦੇ ਖਾਤਮੇ ‘ਚ ਹੋਵੇਗੀ ਅਹਿਮ ਭੂਮਿਕਾ : ਕੋਹਲੀ
ਪਟਿਆਲਾ, 18 ਮਈ
ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਅੱਜ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਵਾਰਡ ਪੱਧਰ ਦੀਆਂ ਰੱਖਿਆ ਕਮੇਟੀਆਂ ਨਾਲ ਜਾਗਰੂਕਤਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਮੇਅਰ ਕੁੰਦਨ ਗੋਗੀਆ ਅਤੇ ਕੌਂਸਲਰ ਅਤੇ ‘ਆਪ’ ਦੇ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਵੀ ਉਚੇਚੇ ਤੌਰ ‘ਤੇ ਮੌਜੂਦ ਰਹੇ। ਜਿਸ ਦੌਰਾਨ ਰਣਜੀਤ ਸਿੰਘ ਚੰਡੋਕ ਦੇ ਵਾਰਡ ਵਿਚਲੇ ਤੇਜ ਬਾਗ ਕਲੋਨੀ, ਜਗਦੀਸ਼ ਇਨਕਲੇਵ ਤੇ ਵਿਕਾਸ ਕਲੋਨੀ ਦੇ ਵਸਨੀਕਾਂ ਨੂੰ ਨਸ਼ਾ ਤਸਕਰਾਂ ਦੇ ਖ਼ਿਲਾਫ਼ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਦਾ ਹੋਕਾ ਦਿਤਾ।
ਉਨ੍ਹਾਂ ਕਿਹਾ ਕਿ ਰੱਖਿਆ ਕਮੇਟੀਆਂ ਦੇ ਮੈਂਬਰਾਂ ਦਾ ਕੰਮ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ਨੂੰ ਪੁਲੀਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚਾਉਣ, ਪੀੜਤਾਂ ਨੂੰ ਇਲਾਜ ਲਈ ਪ੍ਰੇਰਿਤ ਕਰਨਾ ਹੈ। ਵਿਧਾਇਕ ਦਾ ਕਹਿਣਾ ਸੀ ਕਿ ਕਹਾ ਕਿ ਪਟਿਆਲਾ ਦੇ ਲੋਕ ਜਾਗਰੂਕ ਤੇ ਸੁਚੇਤ ਸ਼ਹਿਰੀ ਹਨ ਇਸ ਲਈ ਉਹ ਇਸ ਮੁਹਿੰਮ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਹੋਏ ਹੋਰਨਾਂ ਲਈ ਰੋਲ ਮਾਡਲ ਬਣਨਗੇ। ਇਸ ਮੌਕੇ ਜਗਦੀਪ ਸਿੰਘ ਜੱਗਾ ਵੀ ਮੌਜੂਦ ਸਨ।