ਵਾਤਾਵਰਨ ਦੀ ਸੰਭਾਲ ਬਾਰੇ ਨੁੱਕੜ ਨਾਟਕ ਖੇਡਿਆ
ਪਟਿਆਲਾ, 29 ਅਪਰੈਲ
ਪੰਜਾਬੀ ਯੂਨੀਵਰਸਿਟੀ ਦੀ ਵਾਤਾਵਰਨ ਸੁਸਾਇਟੀ ਵੱਲੋਂ ਸੁਸਾਇਟੀ ਦੇ ਪ੍ਰਧਾਨ ਪ੍ਰੋ. ਅਜੀਤਾ ਦੀ ਦੇਖ-ਰੇਖ ਹੇਠਾਂ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਦੇ ਸਹਿਯੋਗ ਨਾਲ ਨੁੱਕੜ ਨਾਟਕ ਕਰਵਾਇਆ ਗਿਆ। ਵਾਤਾਵਰਨ ਵਿਗਿਆਨ ਵਿਭਾਗ ਦੇ ਮੁਖੀ ਅਤੇ ਵਾਤਾਵਰਨ ਸੁਸਾਇਟੀ ਦੇ ਇੰਚਾਰਜ ਡਾ. ਉਂਕਾਰ ਸਿੰਘ ਨੇ ਦੱਸਿਆ ਕਿ ਇਹ ਨੁੱਕੜ ਨਾਟਕ ਪੇਸ਼ਕਾਰੀਆਂ ‘ਮਿਸ਼ਨ ਲਾਈਫ਼’ ਦੇ ਸੱਤ ਵਿਸ਼ਿਆਂ ’ਤੇ ਕਰਵਾਈਆਂ ਗਈਆਂ ਹਨ। ਇਨ੍ਹਾਂ ਵਿਸ਼ਿਆਂ ਵਿੱਚ ਊਰਜਾ ਬੱਚਤ, ਪਾਣੀ ਬੱਚਤ, ਪਲਾਸਟਿਕ ਵਰਤੋਂ ਦੀ ਰੋਕਥਾਮ, ਈ-ਵੇਸਟ ਰੋਕਥਾਮ, ਟਿਕਾਊ ਭੋਜਨ ਪ੍ਰਣਾਲੀਆਂ, ਰਹਿੰਦ-ਖੂੰਹਦ ਪ੍ਰਬੰਧਨ ਅਤੇ ਸਿਹਤਮੰਦ ਜੀਵਨ ਸ਼ੈਲੀ ਆਦਿ ਸ਼ਾਮਲ ਸਨ ਜਿਨ੍ਹਾਂ ਬਾਰੇ ਕਾਲਜਾਂ, ਸਕੂਲਾਂ ਅਤੇ ਪਿੰਡਾਂ ਦੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਡੀਨ ਕਾਲਜ ਪ੍ਰੋ. ਬਲਰਾਜ ਸਿੰਘ ਸੈਣੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਵਾਤਾਵਰਨ ਬਹੁਤ ਤੇਜ਼ ਰਫ਼ਤਾਰ ਨਾਲ ਵਿਗੜ ਰਿਹਾ ਹੈ ਅਤੇ ਅਜਿਹੇ ਜਾਗਰੂਕਤਾ ਪ੍ਰੋਗਰਾਮ ਕਰ ਕੇ ਇਸ ਦਿਸ਼ਾ ਵਿੱਚ ਨਿਰੰਤਰ ਕੰਮ ਕਰਨ ਦੀ ਲੋੜ ਹੈ। ਪ੍ਰੋ. ਮਿੰਨੀ ਸਿੰਘ, ਡੀਨ ਫੈਕਲਟੀ ਲਾਈਫ ਸਾਇੰਸਜ਼ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪੰਜਾਬੀ ਯੂਨੀਵਰਸਿਟੀ ਵਾਤਾਵਰਨ ਸੁਸਾਇਟੀ ਦੇ ਪ੍ਰਧਾਨ ਪ੍ਰੋ. ਅਜੀਤਾ ਨੇ ਕਿਹਾ ਕਿ ਨੁੱਕੜ ਨਾਟਕਾਂ ਨੂੰ ਕੋਈ ਵੀ ਖੁੱਲ੍ਹੀਆਂ ਥਾਵਾਂ ’ਤੇ ਮੁਫ਼ਤ ਦੇਖ ਸਕਦਾ ਹੈ ਅਤੇ ਇਹ ਮੁੱਖ ਤੌਰ ’ਤੇ ਆਮ ਲੋਕਾਂ ਨੂੰ ਆਸਾਨੀ ਨਾਲ ਸਮਝਣ ਲਈ ਤਿਆਰ ਕੀਤੇ ਗਏ ਹਨ।