ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਾਤਾਵਰਨ ਦਾ ਸਫ਼ਾਈ ਸੇਵਕ ਘੋਗੜ ਕਾਂ

01:32 PM Feb 04, 2023 IST

ਗੁਰਮੀਤ ਸਿੰਘ*

Advertisement

ਕਾਂ ਤੋਂ ਹਰ ਕੋਈ ਜਾਣੂ ਹੈ, ਪਰ ਘੋਗੜ ਕਾਂ ਘੱਟ ਸੁਣਨ ਅਤੇ ਵੇਖਣ ਵਿੱਚ ਆਉਂਦਾ ਹੈ। ਅਸੀਂ ਆਮ ਤੌਰ ‘ਤੇ ਕਾਂ ਅਤੇ ਪਹਾੜੀ ਕਾਂ ਬਾਰੇ ਹੀ ਜਾਣਦੇ ਹਾਂ। ਇਸ ਕਾਲੇ ਕਾਂ ਨੂੰ ਪੰਜਾਬੀ ਵਿੱਚ ਘੋਗੜ ਕਾਂ, ਅੰਗਰੇਜ਼ੀ ਵਿੱਚ ਕਾਮਨ ਰੈਵਨ (Common Raven) ਅਤੇ ਹਿੰਦੀ ਵਿੱਚ ਡੋਮ ਕਾਕ ਕਹਿੰਦੇ ਹਨ। ਘੋਗੜ ਕਾਂ ਆਪਣੀ ਅਨੋਖੀ ਦਿੱਖ ਕਰਕੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ। ਇਹ ਆਪਣੀ ਵੱਡੀ ਚੁੰਝ, ਪੂਛ, ਉੱਡਣ ਦੇ ਤੌਰ-ਤਰੀਕੇ ਅਤੇ ਵੱਡੇ ਆਕਾਰ ਦੀ ਦਿੱਖ ਕਰਕੇ ਘਰੇਲੂ ਕਾਵਾਂ ਤੋਂ ਵੱਖਰਾ ਹੁੰਦਾ ਹੈ। ਇਹ ਆਕਾਰ ਵਿੱਚ ਲਾਲ ਪੂਛ ਵਾਲੇ ਬਾਜ਼ ਜਿੰਨਾ ਵੱਡਾ ਹੁੰਦਾ ਹੈ। ਘੋਗੜ ਕਾਂ ਸਾਰਾ ਲਿਸ਼ਕਵਾਂ ਕਾਲੇ ਸ਼ਾਹ ਰੰਗਾ ਹੁੰਦਾ ਹੈ। ਸਿਆਲਾਂ ਵਿੱਚ ਇਸ ਨੂੰ ਪੰਜਾਬ ਦੇ ਨਾਲ ਲੱਗਦੇ ਪਹਾੜੀ ਇਲਾਕੇ ਗੁਰਦਾਸਪੁਰ ਵਿੱਚ ਧਾਰ, ਰੋਪੜ, ਨੂਰਪੁਰ ਬੇਦੀ, ਸ੍ਰੀ ਆਨੰਦਪੁਰ ਸਾਹਿਬ, ਸੀਸਵਾਂ ਤੇ ਮਿਰਜ਼ਾਪੁਰ ਦੇ ਖੇਤਰ ਵਿੱਚ ਵੇਖਿਆ ਜਾ ਸਕਦਾ ਹੈ।

ਇਹ ਨੀਮ ਪਹਾੜੀ ਇਲਾਕਿਆਂ ਵਿੱਚੋਂ ਸੜਕਾਂ ‘ਤੇ ਮਰੇ ਜੀਵਾਂ, ਹੱਡਾ ਰੋੜੀਆਂ ਵਿੱਚ ਪਈਆਂ ਮਰੇ ਹੋਏ ਡੰਗਰਾਂ ਦੀਆਂ ਲਾਸ਼ਾਂ ਜਾਂ ਛੋਟੇ ਮੋਟੇ ਮਰੇ ਹੋਏ ਜਾਨਵਰਾਂ ਨੂੰ ਖਾਂਦਾ ਹੈ। ਘੋਗੜ ਕਾਂ ਆਪਣੇ ਵੱਡੇ ਆਕਾਰ ਤੋਂ ਇਲਾਵਾ ਆਪਣੇ ਛੋਟੇ ਭਰਾਵਾਂ (ਘਰੇਲੂ ਕਾਵਾਂ) ਤੋਂ ਵੱਖਰਾ ਦਿੱਖਦਾ ਹੈ। ਇਸ ਦੀ ਵੱਡੀ ਕਾਲੀ ਚੁੰਝ, ਗਲ਼ੇ ਦੇ ਆਲੇ ਦੁਆਲੇ ਅਤੇ ਚੁੰਝ ਦੇ ਉੱਪਰ ਝੁਰੜੀਆਂ ਵਾਲੇ ਖੰਭ ਹੁੰਦੇ ਹਨ। ਇਨ੍ਹਾਂ ਦੇ ਸੰਘ ਵਿੱਚੋਂ ‘ਪੁਰਕ-ਪੁਰਕ’ ਦੀ ਆਵਾਜ਼ ਨਿਕਲਦੀ ਹੈ। ਇਹ ਕਾਂ ਆਮ ਤੌਰ ‘ਤੇ ਜੰਗਲੀ ਖੇਤਰਾਂ ਨੂੰ ਤਰਜੀਹ ਦਿੰਦੇ ਹਨ ਖ਼ਾਸ ਕਰਕੇ ਜਿਸ ਦੇ ਨੇੜੇ ਖੁੱਲ੍ਹੀ ਜ਼ਮੀਨ ਹੋਵੇ। ਨਰ ਤੇ ਮਾਦਾ ਇੱਕ ਵਾਰ ਜੋੜਾ ਬਣਾ ਲੈਂਦੇ ਹਨ, ਫਿਰ ਉਹ ਜੀਵਨ ਭਰ

Advertisement

ਲਈ ਇਕੱਠੇ ਆਮ ਤੌਰ ‘ਤੇ ਇੱਕੋ ਸਥਾਨ ‘ਤੇ ਆਲ੍ਹਣਾ ਬਣਾਉਂਦੇ ਹਨ। ਆਲ੍ਹਣਾ ਬਣਾਉਣ ਅਤੇ ਪ੍ਰਜਣਨ

ਸ਼ੁਰੂ ਕਰਨ ਤੋਂ ਪਹਿਲਾਂ ਜੋੜਾ ਆਪਣਾ ਇੱਕ ਵੱਖਰਾ ਖੇਤਰ ਚੁਣਦਾ ਹੈ। ਇਨ੍ਹਾਂ ਦਾ ਆਲ੍ਹਣਾ ਛੋਟੀਆਂ ਛੋਟੀਆਂ ਟਹਿਣੀਆਂ ਅਤੇ ਛਿਟੀਆਂ ਦਾ ਬਣਿਆ ਇੱਕ ਡੂੰਘਾ ਕਟੋਰੇ ਵਰਗਾ ਹੁੰਦਾ ਹੈ, ਜਿਸ ਵਿੱਚ ਨਰਮ ਸਮੱਗਰੀ ਰੱਖੀ ਜਾਂਦੀ ਹੈ। ਇਹ ਆਪਣਾ ਆਲ੍ਹਣਾ ਆਮ ਤੌਰ ‘ਤੇ ਇੱਕ ਵੱਡੇ ਰੁੱਖ ‘ਤੇ ਬਣਾਉਂਦੇ ਹਨ। ਇਸ ਵਿੱਚ ਮਾਦਾ 3 ਤੋਂ 6 ਆਂਡੇ ਦਿੰਦੀ ਹੈ ਜੋ ਨੀਲੇ ਹਰੇ ਰੰਗ ਦੇ ਹੁੰਦੇ ਹਨ। ਉਨ੍ਹਾਂ ਉੱਪਰ ਭੂਰੇ ਧੱਬੇ ਤੇ ਲਕੀਰਾਂ ਹੁੰਦੀਆਂ ਹਨ। ਇਨ੍ਹਾਂ ਦੇ ਬੱਚੇ 35 ਤੋਂ 42 ਦਿਨਾਂ ਦੀ ਉਮਰ ਵਿੱਚ ਉੱਡ ਜਾਂਦੇ ਹਨ।

ਸੰਸਾਰ ਦੇ ਕੁਝ ਹਿੱਸਿਆਂ ਵਿੱਚ ਘੋਗੜ ਕਾਂ ਨੂੰ ਬਦਕਿਸਮਤੀ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ ਜਦੋਂਕਿ ਦੂਜਿਆਂ ਲਈ ਇਸ ਦੀ ਮੌਜੂਦਗੀ ਚੰਗੀ ਕਿਸਮਤ ਨੂੰ ਦਰਸਾਉਂਦੀ ਹੈ। ਘੋਗੜ ਕਾਂ ਮਨੁੱਖ ਲਈ ਵਾਤਾਵਰਨ ਵਿੱਚ ਹਰ ਵੇਲੇ ਸਫ਼ਾਈ ਸੇਵਕ ਦੀ ਡਿਊਟੀ ਨਿਭਾਉਂਦੇ ਹਨ। ਇੰਟਰਨੈਸ਼ਨਲ ਯੂਨੀਅਨ ਫਾਰ ਨੇਚਰ ਕੰਜ਼ਰਵੇਸ਼ਨ ਨੇ ਇਨ੍ਹਾਂ ਦੀ ਗਿਣਤੀ ਘੱਟ ਚਿੰਤਾ ਵਾਲੀ ਦੱਸੀ ਹੈ। ਸਾਡੇ ਦੇਸ਼ ਵਿੱਚ ਜੰਗਲੀ ਜੀਵ (ਸੁਰੱਖਿਆ) ਐਕਟ, 1972 ਅਨੁਸਾਰ ਇਹ ਪੰਛੀ ਸੁਰੱਖਿਅਤ ਹਨ।

*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।

ਸੰਪਰਕ: 98884-56910

Advertisement