ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਕਾਮਿਆਂ ਵੱਲੋਂ ਰੋਸ ਧਰਨਾ
ਸੰਗਰੂਰ, 6 ਜੂਨ
ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਸੰਘਰਸ਼ ਕਮੇਟੀ ਦੇ ਕਾਰਕੁਨਾਂ ਆਪਣੀਆਂ ਮੰਗਾਂ ਸਬੰਧੀ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਅਨੁਸਾਰ ਵਿਭਾਗ ਵੱਲੋਂ ਆਪਣੇ ਕੰਮ ਕਰਵਾਉਣ ਲਈ ਲਿਆਂਦੇ ਗਏ ਠੇਕੇਦਾਰ ਅਤੇ ਕੰਪਨੀਆਂ ਕਥਿਤ ਤੌਰ ਤੇ ਆਉਟਸੋਰਸਿੰਗ ਕਰਮਚਾਰੀਆਂ ਦਾ ਸੋਸ਼ਨ ਕਰ ਰਹੇ ਹਨ। ਵਿਭਾਗ ਦੇ ਅਧਿਕਾਰੀਆਂ ਵੱਲੋਂ ਭਰੋਸਾ ਦਿੱਤੇ ਜਾਣ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਧਰਨਾ ਖਤਮ ਕਰ ਦਿੱਤਾ ਗਿਆ।
ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਸੰਘਰਸ਼ ਕਮੇਟੀ ਦੇ ਕਨਵੀਨਰ ਚਮਕੌਰ ਸਿੰਘ ਮਹਿਲਾਂ, ਮੇਲਾ ਸਿੰਘ ਪੁੰਨਾਵਾਲ ਅਤੇ ਸ਼ੇਰ ਸਿੰਘ ਖੰਨਾ ਨੇ ਦੋਸ਼ ਲਗਾਇਆ ਕਿ ਸੰਗਰੂਰ ਮੰਡਲ ਅਧੀਨ ਕੰਮ ਕਰਦੀਆਂ ਕੰਪਨੀਆਂ ਅਤੇ ਠੇਕੇਦਾਰ ਆਊਟ ਸੋਰਸਿੰਗ ਕਰਮਚਾਰੀਆਂ ਦੇ ਹੱਕਾਂ ’ਤੇ ਦਿਨ-ਦਿਹਾੜੇ ਡਾਕੇ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕੰਪਨੀਆਂ ਇਨ੍ਹਾਂ ਮੁਲਾਜ਼ਮਾਂ ਦੀ ਤਨਖਾਹ ਦੀ ਅਦਾਇਗੀ ਸਮੇਂ ਸਿਰ ਨਹੀਂ ਦੇ ਰਹੀਆਂ ਅਤੇ ਨਾ ਹੀ ਇਨ੍ਹਾਂ ਦਾ ਈਪੀਐਫ ਜਮ੍ਹਾਂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿਗੂਣੀਆਂ ਤਨਖਾਹਾਂ ਲੈਣ ਵਾਲੇ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰ ਜਾਂ ਉਹ ਆਪ ਖੁਦ ਜੇਕਰ ਬਿਮਾਰ ਹੋ ਜਾਂਦੇ ਹਨ ਈਐੱਸਆਈ ਉਨ੍ਹਾਂ ਲਈ ਵੱਡਾ ਸਹਾਰਾ ਹੁੰਦੀ ਹੈ ਪਰ ਇਨ੍ਹਾਂ ਮੁਲਾਜ਼ਮਾਂ ਦਾ ਈਐੱਸਆਈਸੀ ਵੀ ਸਬੰਧਤ ਕੰਪਨੀਆਂ ਵੱਲੋਂ ਈਐੱਆਈ ਕਾਰਡ ਵੀ ਜਾਰੀ ਨਹੀਂ ਕੀਤਾ ਜਾ ਰਿਹਾ।
ਬੁਲਾਰਿਆਂ ਨੇ ਮੰਗ ਕੀਤੀ ਕਿ ਮੁਲਾਜ਼ਮਾਂ ਦੇ ਬਣਦੇ ਬੋਨਸ ਅਤੇ ਸੰਘਰਸ਼ ਦੌਰਾਨ ਕੰਪਨੀ ਵੱਲੋਂ ਤਨਖਾਹਾਂ ਦੀ ਕੀਤੀ ਗਈ ਕਟੌਤੀ ਵਾਲੀ ਰਾਸ਼ੀ ਵੀ ਵਾਪਸ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਿ ਇਸ ਸਬੰਧੀ ਉਹ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਮਿਲ ਚੇਕੇ ਹਨ ਪਰੰਤੂ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ। ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਸੱਮਸਿਆਂਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਤੇਜ ਕੀਤਾ ਜਾਵੇਗਾ।
ਇਸੇ ਦੌਰਾਨ ਹੀ ਕਾਰਜਕਾਰੀ ਇੰਜਨੀਅਰ ਨੇ ਸੰਘਰਸ਼ ਕਮੇਟੀ ਦੇ ਮੈਂਬਰਾਂ ਨੂੰ ਬੁਲਾ ਕੇ ਉਨ੍ਹਾਂ ਦੀਆਂ ਮੰਗਾਂ 30 ਜੂਨ ਤੱਕ ਹੱਲ ਕੀਤੇ ਜਾਣ ਦਾ ਭਰੋਸਾ ਦਿਤਾ ਗਿਆ। ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਗੁਰਜੰਟ ਸਿੰਘ ਬੁਗਰਾ, ਸੰਜੀਵ ਧੂਰੀ, ਸੀਤਾ ਰਾਮ ਸ਼ਰਮਾ, ਜਗਦੀਸ਼ ਸ਼ਰਮਾ, ਬਿਕਰਸਿਬੀਆ, ਜਸਵੀਰ ਸਿੰਘ ਜੱਸੀ, ਸੋਨੂ ਕੁਮਾਰ, ਗਗਨਦੀਪ ਸੁਨਾਮ, ਪ੍ਰਮੋਦ ਕੁਮਾਰ ਖਨੌਰੀ ਅਤੇ ਗੁਰਸੇਵਕ ਸਿੰਘ ਲਹਿਰਾ ਹਾਜ਼ਰ ਸਨ।