ਵਾਅਦੇ ਕਰਕੇ ਵਿਦੇਸ਼ ਚਲੇ ਜਾਂਦੇ ਨੇ ਰਾਹੁਲ: ਸ਼ਾਹ
ਮਧੂਪੁਰ (ਝਾਰਖੰਡ), 16 ਨਵੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਆਖਿਆ ਕਿ ਪਾਰਟੀ ਦੇ ਆਗੂ ਰਾਹੁਲ ਗਾਂਧੀ ਝੂਠੇ ਵਾਅਦੇ ਕਰਨ ਮਗਰੋਂ ਵਿਦੇਸ਼ ਉਡਾਰੀ ਮਾਰ ਜਾਣ ’ਚ ਯਕੀਨ ਰੱਖਦੇ ਹਨ, ਜਦਕਿ ਇਕੱਲੀ ਭਾਜਪਾ ਹੀ ਆਪਣੀਆਂ ਗਾਰੰਟੀਆਂ ਪੂਰੀਆਂ ਕਰਦੀ ਹੈ। ਦਿਓਘਰ ਜ਼ਿਲ੍ਹੇ ਦੇ ਮਧੂਪੁਰ ਵਿੱਚ ਚੋਣ ਰੈਲੀ ਦੌਰਾਨ ਗ੍ਰਹਿ ਮੰਤਰੀ ਨੇ ਆਖਿਆ ਕਿ ਯੂੁਪੀਏ ਦੇ ਰਾਜ ਦੌਰਾਨ ਦਹਿਸ਼ਤਗਰਦ ਭਾਰਤ ’ਤੇ ਸਿਰਫ ਹਮਲੇ ਹੀ ਨਹੀਂ ਕਰਦੇ ਸਨ, ਸਗੋਂ ਲੋਕਾਂ ਦੀ ਹੱਤਿਆ ਕਰਨ ਮਗਰੋਂ ਬਿਰਆਨੀ ਵੀ ਖਾਂਦੇ ਸਨ, ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਜੀਕਲ ਸਟਰਾਈਕ ਤੇ ਹਵਾਈ ਹਮਲਿਆਂ ਰਾਹੀਂ ਦਹਿਸ਼ਤਗਰਦਾਂ ਦਾ ਸਫ਼ਾਇਆ ਕੀਤਾ ਹੈ। ਉਨ੍ਹਾਂ ਕਿਹਾ, ‘‘ਰਾਹੁਲ ਬਾਬਾ ਵਾਅਦੇ ਕਰਨ ਮਗਰੋਂ ਵਿਦੇਸ਼ ਚਲੇ ਜਾਂਦੇ ਹਨ ਪਰ ਪ੍ਰਧਾਨ ਮੰਤਰੀ ਮੋਦੀ ਦੇ ਵਾਅਦੇ ਪੱਥਰ ’ਤੇ ਲਕੀਰ ਵਾਂਗ ਹਨ। ਉਹ ਵਾਅਦੇ ਪੁਗਾਉਂਦੇ ਹਨ। ਭਾਜਪਾ ਆਪਣੀਆਂ ਗਾਰੰਟੀਆਂ ਪੂਰੀਆਂ ਕਰਦੀ ਹੈ ਅਤੇ ਸਿਰਫ ਅਸੀਂ ਹੀ ਝਾਰਖੰਡ ਦੀ ਨੁਹਾਰ ਬਦਲ ਸਕਦੇ ਹਾਂ।’’ -ਪੀਟੀਆਈ
ਜੇਐੱਮਐੱਮ ਗੱਠਜੋਡ਼ ਨੇ ਘੁਸਪੈਠੀਏ ਵੋਟਰ ਬਣਾਏ
ਸ੍ਰੀ ਅਮਿਤ ਸ਼ਾਹ ਨੇ ਦੋਸ਼ ਲਾਇਆ ਕਿ ਸੱਤਾਧਾਰੀ ਜੇਐੱਮਐੱਮ ਗੱਠਜੋਡ਼ ਨੇ ਘੁਸਪੈਠੀਆਂ ਨੂੰ ‘ਵੋਟ ਬੈਂਕ’ ਵਿੱਚ ਬਦਲਿਆ ਹੈ ਅਤੇ ਐਲਾਨ ਕੀਤਾ ਕਿ ਸੱਤਾ ਵਿੱਚ ਆਉਣ ’ਤੇ ਭਾਜਪਾ ਗ਼ੈਰਕਾਨੂੰਨੀ ਪਰਵਾਸ ਨੂੰ ਰੋਕੇਗੀ। ਉਨ੍ਹਾਂ ਦਾਅਵਾ ਕੀਤਾ, ‘‘ਘੁਸਪੈਠੀਏ ਨਾ ਸਿਰਫ ਕਬਾਇਲੀਆਂ ਲਈ ਖ਼ਤਰਾ ਬਣ ਰਹੇ ਹਨ, ਬਲਕਿ ਨੌਜਵਾਨਾਂ ਦੀਆਂ ਨੌਕਰੀਆਂ ਵੀ ਖੋਹ ਰਹੇ ਹਨ ਤੇ ਅਪਰਾਧ ’ਚ ਵੀ ਵਾਧਾ ਹੋ ਰਿਹਾ ਹੈ। ਝਾਰਖੰਡ ਹਾਈ ਕੋਰਟ ਨੇ ਘੁਸਪੈਠੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਵਾਪਸ ਭੇਜਣ ਦੇ ਨਿਰਦੇਸ਼ ਦਿੱਤੇ ਹਨ।’’ -ਪੀਟੀਆਟੀ
‘ਮੁਸਲਮਾਨਾਂ ਨੂੰ ਰਾਖਵਾਂਕਰਨ ਦੇਣ ਦੀ ਸਾਜ਼ਿਸ਼ ਰਚ ਰਹੇ ਨੇ ਹੇਮੰਤ ਸੋਰੇਨ’
ਦੁਮਕਾ: ਦੁਮਕਾ ’ਚ ਚੋਣ ਰੈਲੀ ਮੌਕੇ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਦੋਸ਼ ਲਾਇਆ ਕਿ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਕਾਂਗਰਸ ਦੀ ਮਦਦ ਨਾਲ ਲੁਕਵੇਂ ਤਰੀਕੇ ਰਾਹੀਂ ਮੁਸਲਮਾਨਾਂ ਨੂੰ ਰਾਖਵਾਂਕਰਨ ਦੇਣ ਦੀ ਸਾਜ਼ਿਸ਼ ਰਚ ਰਹੇ ਹਨ ਪਰ ਭਾਜਪਾ ਅਜਿਹੀ ਕਿਸੇ ਵੀ ਕੋਸ਼ਿਸ਼ ਨੂੰ ਸਫਲ ਨਹੀਂ ਹੋਣ ਦੇਵੇਗੀ। ਉਨ੍ਹਾਂ ਨੇ ਸੂਬੇ ’ਚ ਕਬਾਇਲੀਆਂ ਦੀ ਆਬਾਦੀ ਘਟਣ ਲਈ ਵੀ ਸੋਰੇਨ ਨੂੰ ‘ਜ਼ਿੰਮੇਵਾਰ’ ਠਹਿਰਾਇਆ। -ਪੀਟੀਆਈ