ਵਰੁਣ ਧਵਨ ਨੇ ਜਨਮ ਦਿਨ ਮਨਾਇਆ
ਨਵੀਂ ਦਿੱਲੀ: ਬੌਲੀਵੁੱਡ ਅਦਾਕਾਰ ਵਰੁਣ ਧਵਨ ਨੇ ਵੀਰਵਾਰ ਨੂੰ ਆਪਣਾ ਜਨਮ ਦਿਨ ਮਨਾਇਆ। ਉਸ ਦਾ ਜਨਮ 24 ਅਪਰੈਲ 1987 ਨੂੰ ਹੋਇਆ ਸੀ। ਵਰੁਣ ਨੇ ਕਰਨ ਜੌਹਰ ਦੇ ਨਿਰਦੇਸ਼ਨ ਹੇਠ ਸਾਲ 2012 ’ਚ ਬਣੀ ਫਿਲਮ ‘ਸਟੂਡੈਂਟ ਆਫ ਦਿ ਯੀਅਰ’ ਤੋਂ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਮਗਰੋਂ ‘ਮੈਂ ਤੇਰਾ ਹੀਰੋ’ ਤੇ ‘ਬਦਰੀਨਾਥ ਕੀ ਦੁਲਹਨੀਆਂ’ ਵਰਗੀਆਂ ਫਿਲਮਾਂ ਨਾਲ ਦਰਸ਼ਕਾਂ ’ਚ ਆਪਣੀ ਪਛਾਣ ਬਣਾਈ। ਨਿਰਦੇਸ਼ਕ ਡੇਵਿਡ ਧਵਨ ਦੇ ਪੁੱਤਰ ਵਰੁਣ ਨੇ ਵੱਖ-ਵੱਖ ਤਰ੍ਹਾਂ ਦੀਆਂ ਫਿਲਮਾਂ ਨਾਲ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ। ਉਸ ਦੀ ਪਹਿਲੀ ਫਿਲਮ ਵਿੱਚ ਆਲੀਆ ਭੱਟ ਅਤੇ ਸਿਧਾਰਥ ਮਲਹੋਤਰਾ ਸ਼ਾਮਲ ਸਨ। ਇਹ ਫਿਲਮ ਪਿਆਰ ਅਤੇ ਦੋਸਤੀ ’ਤੇ ਆਧਾਰਿਤ ਸੀ। ਫਿਲਮ ‘ਬਦਲਾਪੁਰ’ ਵਿੱਚ ਕੀਤੀ ਅਦਾਕਾਰੀ ਨਾਲ ਵਰੁਣ ਨੇ ਦਰਸ਼ਕਾਂ ਦੇ ਦਿਲਾਂ ’ਚ ਆਪਣੀ ਥਾਂ ਬਣਾ ਲਈ ਸੀ। ਇਸ ਤੋਂ ਇਲਾਵਾ ਫਿਲਮ ‘ਅਕਤੂਬਰ’ ਵਿੱਚ ਅਦਾਕਾਰ ਨੇ ਆਪਣੇ ਹੁਨਰ ਨੂੰ ਸਾਬਿਤ ਕੀਤਾ। ਨਿਰਦੇਸ਼ਕ ਸ਼ੂਜੀਤ ਸਿਰਕਾਰ ਦੀ ਸਾਲ 2018 ਵਿੱਚ ਆਈ ਇਸ ਫਿਲਮ ਦੀ ਵੱਡੀ ਪੱਧਰ ’ਤੇ ਸ਼ਲਾਘਾ ਹੋਈ। ਇਸੇ ਤਰ੍ਹਾਂ ਸਾਲ 2022 ਵਿੱਚ ਆਈ ਨਿਰਦੇਸ਼ਕ ਅਮਰ ਕੌਸ਼ਿਕ ਦੀ ਡਰਾਉਣੀ ਫਿਲਮ ‘ਭੇੜੀਆ’ ਨੂੰ ਵੀ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲਿਆ ਸੀ। ਇਸ ਦੀ ਸ਼ੂਟਿੰਗ ਅਰੁਣਾਚਲ ਪ੍ਰਦੇਸ਼ ਵਿੱਚ ਕੀਤੀ ਗਈ ਸੀ। ਇਸ ਵਿੱਚ ਅਦਾਕਾਰ ਨੇ ਮੁੜ ਆਪਣੀ ਕਾਬਲੀਅਤ ਨੂੰ ਸਾਬਿਤ ਕੀਤਾ ਸੀ। -ਏਐੱਨਆਈ