’ਵਰਸਿਟੀ ਕਾਲਜ ਦਾ ਪ੍ਰਾਸਪੈਕਟ ਰਿਲੀਜ਼
ਧੂਰੀ, 28 ਮਈ
ਮੁੱਖ ਮੰਤਰੀ ਪੰਜਾਬ ਕੈਂਪਸ ਦਫ਼ਤਰ ਧੂਰੀ ਦੇ ਇੰਚਾਰਜ ਅਤੇ ਪੰਜਾਬ ਲਘੂ ਉਦਯੋਗ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਯੂਨੀਵਰਸਿਟੀ ਕਾਲਜ ਬੇਨੜਾ ਦਾ ਨਵੇਂ ਸੈਸ਼ਨ ਵਿੱਚ ਦਾਖ਼ਲੇ ਲਈ ਪ੍ਰਾਸਪੈਕਟ ਕਾਲਜ ਕੈਂਪਸ ’ਚ ਜਾਰੀ ਕੀਤਾ।
ਚੇਅਰਮੈਨ ਢਿੱਲੋਂ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਬੀ.ਏ., ਬੀ.ਸੀ.ਏ., ਬੀ.ਕਾਮ, ਬੀ.ਐੱਸ-ਸੀ ਮੈਡੀਕਲ ਤੇ ਨਾਨ ਮੈਡੀਕਲ ਦੇ ਗ੍ਰੈਜੂਏਸ਼ਨ ਅਤੇ ਐੱਮ.ਏ ਪੰਜਾਬੀ, ਐੱਮ.ਏ ਇਤਿਹਾਸ, ਐੱਮ.ਕਾਮ, ਪੀ.ਜੀ.ਡੀ.ਸੀ.ਏ. ਦੇ ਪੋਸਟ ਗ੍ਰੈਜੂਏਸ਼ਨ ਪੱਧਰ ਦੇ ਕੋਰਸਾਂ ਵਿੱਚ ਦਾਖ਼ਲਾ ਦਿਵਾਉਣ। ਉਨ੍ਹਾਂ ਖ਼ਾਸ ਕਰਕੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਮਿਲਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਅਧੀਨ ਦਾਖ਼ਲਾ ਲੈ ਕੇ ਸਰਕਾਰੀ ਸਕੀਮਾਂ ਦਾ ਲਾਭ ਉਠਾਉਣ। ਉਨ੍ਹਾਂ ਲੋੜੀਂਦੀ ਇਮਾਰਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੂਜੇ ਪੜਾਅ ਅਧੀਨ ਬਣਨ ਵਾਲੀ ਇਮਾਰਤ ਦਾ ਪ੍ਰਸਤਾਵ ਸਰਕਾਰ ਨੂੰ ਭੇਜਿਆ ਗਿਆ ਹੈ, ਜੋ ਜਲਦੀ ਪੂਰਾ ਹੋ ਜਾਵੇਗਾ। ਪ੍ਰਿੰਸੀਪਲ ਡਾ. ਹਰਵਿੰਦਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੋਂ ਕੰਪਿਊਟਰ ਅਤੇ ਪ੍ਰੋਜੈਕਟਰ ਖ਼ਰੀਦਣ ਲਈ ਕਾਲਜ ਨੂੰ ਪ੍ਰਾਪਤ ਹੋਈ ਵੀਹ ਲੱਖ ਰੁਪਏ ਦੀ ਗ੍ਰਾਂਟ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਹਮੇਸ਼ਾ ਕਾਲਜ ਦੀਆਂ ਲੋੜਾਂ ਦੀ ਪੂਰਤੀ ਲਈ ਯਤਨ ਕਰਦੇ ਹਨ। ਇਸ ਮੌਕੇ ਸਮੁੱਚਾ ਸਟਾਫ਼ ਹਾਜ਼ਰ ਸੀ।