ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਰਦਾਨ ਹੈ ਝੋਨੇ ਦੀ ਪੀ ਆਰ 126 ਕਿਸਮ

04:48 AM May 17, 2025 IST
featuredImage featuredImage

ਬੂਟਾ ਸਿੰਘ ਢਿੱਲੋਂ/ਰਣਵੀਰ ਸਿੰਘ ਗਿੱਲ*
ਪੰਜਾਬ ਵਿੱਚ ਝੋਨੇ ਦੀ ਕਾਸ਼ਤ ਨਾਲ ਸਬੰਧਿਤ ਮੁੱਦਿਆਂ; ਜਿਵੇਂ ਕਿ ਪਾਣੀ ਦਾ ਡਿੱਗਦਾ ਪੱਧਰ, ਪਰਾਲੀ ਦੀ ਸਾਂਭ ਸੰਭਾਲ, ਨਵੇਂ ਕੀੜੇ ਮਕੌੜੇ/ਬਿਮਾਰੀਆਂ ਅਤੇ ਮਿੱਲਰ ਵੱਲੋਂ ਵੱਧ ਝਾੜ ਵਾਲੀਆਂ ਕਿਸਮਾਂ ਨੂੰ ਤਰਜੀਹ ਆਦਿ ਦੇ ਸੰਦਰਭ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੁੱਢ ਤੋਂ ਹੀ ਢੁੱਕਵੀਆਂ ਕਿਸਮਾਂ ਅਤੇ ਉਤਪਾਦਨ ਤਕਨੀਕਾਂ ਦੀ ਸ਼ਿਫਾਰਿਸ਼ ਵਿੱਚ ਮੋਹਰੀ ਰਹੀ ਹੈ।
ਇਸ ਲੜੀ ਵਿੱਚ ਝੋਨੇ ਦੀ ਪੀ ਆਰ 126 ਕਿਸਮ ਦੀ ਸਿਫਾਰਿਸ਼ ਅਹਿਮ ਸਥਾਨ ਰੱਖਦੀ ਹੈ ਕਿਉਂਕਿ ਇਸ ਕਿਸਮ ਵਿੱਚ ਉਪਰੋਕਤ ਸਾਰੇ ਮੁੱਦਿਆਂ ਦੇ ਹੱਲ ਵਜੋਂ ਇੱਕ ਪਹਿਲਕਦਮੀ ਹੈ। ਚੰਗੀ ਮਿਲਿੰਗ ਕੁਆਲਿਟੀ, ਪੱਕਣ ਲਈ ਬਹੁਤ ਘੱਟ ਸਮਾਂ (ਸਿਰਫ਼ 93 ਦਿਨ), ਘੱਟ ਪਾਣੀ ਦੀ ਲੋੜ, ਘੱਟ ਪਰਾਲੀ, ਵਾਢੀ ਤੋਂ ਬਾਅਦ ਅਗਲੀ ਫ਼ਸਲ ਦਰਮਿਆਨ ਜ਼ਿਆਦਾ ਸਮਾਂ, ਘੱਟ ਕੀੜੇ ਮਕੌੜੇ ਅਤੇ ਬਿਮਾਰੀਆਂ ਦੇ ਹਮਲੇ ਆਦਿ ਕਾਰਨ ਪੀ ਆਰ 126 ਬਹੁਤੇ ਕਾਸ਼ਤਕਾਰਾਂ ਦੀ ਪਹਿਲੀ ਪਸੰਦ ਬਣ ਰਹੀ ਹੈ। ਸਾਲ 2017 ਵਿੱਚ ਸਿਫਾਰਿਸ਼ ਕੀਤੀ ਇਸ ਕਿਸਮ ਅਧੀਨ ਪੰਜਾਬ ਵਿੱਚ ਹਰ ਸਾਲ ਰਕਬਾ ਵਧ ਰਿਹਾ ਹੈ ਜੋ ਕਿ 2024 ਦੌਰਾਨ 43 ਫੀਸਦੀ ਹੋ ਗਿਆ ਸੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬੀਜਾਂ ਦੀ ਵਿੱਕਰੀ ਮੁਤਾਬਿਕ ਇਸ ਸਾਲ ਵੀ ਇਹ ਕਿਸਮ ਕਿਸਾਨਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਇਸ ਦੇ ਨਾਲ-ਨਾਲ ਇਹ ਕਿਸਮ ਪੰਜਾਬ ਦੇ ਗੁਆਂਢੀ ਸੂਬੇ ਜਿਵੇਂ ਕਿ ਹਰਿਆਣਾ, ਯੂਪੀ ਆਦਿ ਵਿੱਚ ਵੀ ਪ੍ਰਸਿੱਧੀ ਹਾਸਲ ਕਰ ਚੁੱਕੀ ਹੈ।
ਪਿਛਲੇ ਸਾਲਾਂ ਦੌਰਾਨ ਗਰਮੀ ਰੁੱਤ ਦੀ ਮੱਕੀ (ਜਿਸ ਦੀ ਪੀਏਯੂ ਸਿਫਾਰਿਸ਼ ਨਹੀਂ ਕਰਦੀ) ਤੋਂ ਬਾਅਦ ਕਾਫ਼ੀ ਰਕਬਾ ਪੀ ਆਰ 126 ਅਧੀਨ ਆ ਗਿਆ ਜਿਸ ਦੀ ਲੁਆਈ 15 ਜੁਲਾਈ ਤੋਂ 10 ਅਗਸਤ ਦਰਮਿਆਨ ਕੀਤੀ ਗਈ। ਇਨ੍ਹਾਂ ਪ੍ਰਸਥਿਤੀਆਂ ਵਿੱਚ ਇਸ ਕਿਸਮ ਦੇ ਝਾੜ ਵਿੱਚ ਕਟੌਤੀ ਦੇ ਨਾਲ ਨਾਲ ਦਾਣਿਆਂ ਵਿੱਚ ਜ਼ਿਆਦਾ ਨਮੀ ਅਤੇ ਮਿਲਿੰਗ ਕੁਆਲਿਟੀ ’ਤੇ ਬੁਰਾ ਪ੍ਰਭਾਵ ਹੋਇਆ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੋਜ ਤਜਰਬਿਆਂ ਤੋਂ ਇਹ ਸਿੱਧ ਹੋਇਆ ਹੈ ਕਿ ਪੀ ਆਰ 126 ਦੀ ਲਵਾਈ 25 ਜੂਨ ਤੋਂ 15 ਜੁਲਾਈ ਦਰਮਿਆਨ ਕਰਨ ਨਾਲ ਇਸ ਕਿਸਮ ਤੋਂ ਵੱਧ ਝਾੜ 33.2 ਤੋਂ 34.2 ਕੁਇੰਟਲ/ ਏਕੜ ਅਤੇ ਬਿਹਤਰ ਮਿਲਿੰਗ ਕੁਆਲਿਟੀ (60 ਤੋਂ 61.7 % ਸਾਬਤ ਚੌਲ) ਪ੍ਰਾਪਤ ਹੁੰਦੀ ਹੈ। ਇਸ ਸਮੇਂ ਦੌਰਾਨ ਲਵਾਈ ਕਰਨ ਨਾਲ ਫ਼ਸਲ ਦੀ ਵਾਢੀ ਸਮੇਂ ਦਾਣਿਆਂ ਵਿੱਚ ਨਮੀ ਦੀ ਮਾਤਰਾ ਵੀ ਮਨਜ਼ੂਰ ਪੈਮਾਨੇ ਵਿੱਚ ਰਹਿੰਦੀ ਹੈ, ਪ੍ਰੰਤੂ ਲਵਾਈ 15 ਜੁਲਾਈ ਤੋਂ ਪਛੇਤੀ ਕਰਨ ਨਾਲ ਝਾੜ ਘਟਣ ਦੇ ਨਾਲ ਨਾਲ ਦਾਣਿਆਂ ਵਿੱਚ ਨਮੀ ਦੀ ਮਾਤਰਾ ਵਧਦੀ ਹੈ (27% ਤੱਕ) ਅਤੇ ਸਾਬਤ ਚੌਲਾਂ ਦੀ ਰਿਕਵਰੀ ਵੀ ਘਟਦੀ ਹੈ। ਇਸੇ ਤਰ੍ਹਾਂ ਹੋਰ ਤਜਰਬਿਆਂ ਦੇ ਨਤੀਜੇ ਦਰਸਾਉਂਦੇ ਹਨ ਕਿ ਪੀ ਆਰ 126 ਕਿਸਮ ਤੋਂ ਜ਼ਿਆਦਾ ਝਾੜ ਲੈਣ ਲਈ ਇਸ ਦੀ 20-30 ਦਿਨ ਦੀ ਪਨੀਰੀ ਦੀ ਵਰਤੋਂ ਕਰਨੀ ਚਾਹੀਦੀ ਹੈ। ਯੂਰੀਆ ਖਾਦ ਲੁਆਈ ਤੋਂ 35 ਦਿਨ ਤੱਕ (7 21 35 ਦਿਨ ’ਤੇ) ਖ਼ਤਮ ਕਰਨ ਨਾਲ ਇਸ ਕਿਸਮ ਤੋਂ ਚੰਗਾ ਝਾੜ ਲਿਆ ਜਾ ਸਕਦਾ ਹੈ।
ਕਿਸਾਨਾਂ ਦੇ ਸਰਵੇਖਣ ਅਤੇ ਗ਼ੈਰ ਰਸਮੀ ਗੱਲਬਾਤ ਦੌਰਾਨ ਪਤਾ ਲੱਗਾ ਹੈ ਕਿ ਪੀ ਆਰ 126 ਕਿਸਮ ਦਾ ਝਾੜ 25.0 ਤੋਂ 38.0 ਕੁਇੰਟਲ/ਏਕੜ ਦਰਮਿਆਨ ਹੈ। ਜ਼ਿਆਦਾਤਰ ਕਿਸਾਨ ਪੀ ਆਰ 126 ਦਾ ਝਾੜ 28.5 ਤੋਂ 38 ਕੁਇੰਟਲ/ ਏਕੜ ਦਰਮਿਆਨ ਲੈ ਰਹੇ ਹਨ। ਘੱਟ ਝਾੜ (25 ਤੋਂ 28 ਕੁਇੰਟਲ/ਏਕੜ) ਦੇ ਕਾਰਨਾਂ ਵਿੱਚ ਮੁੱਖ ਰੂਪ ਵਿੱਚ ਬਹੁਤ ਅਗੇਤੀ (25 ਜੂਨ ਤੋਂ ਪਹਿਲਾਂ) ਜਾਂ ਪਛੇਤੀ (15 ਜੁਲਾਈ ਤੋਂ ਬਾਅਦ) ਲਵਾਈ, ਵੱਡੀ ਉਮਰ ਦੀ ਪਨੀਰੀ ਦੀ ਵਰਤੋਂ ਅਤੇ ਯੂਰੀਆ ਪਾਉਣ ਦੇ ਸਮੇਂ ਦੀ ਗ਼ਲਤ ਚੋਣ ਸਾਹਮਣੇ ਆਈ ਹੈ। ਇਸ ਲਈ ਸਿਫਾਰਸ਼ ਮੁਤਾਬਿਕ ਕਾਸ਼ਤ ਕਰਨ ਨਾਲ ਪੀ ਆਰ 126 ਤੋਂ ਵਧੇਰੇ ਝਾੜ ਲਿਆ ਜਾ ਸਕਦਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸੇ ਕਿਸਮ ਦੀ ਸਿਫਾਰਿਸ਼ ਕਰਨ ਲਈ ਬਹੁਤ ਜ਼ਿਆਦਾ ਸੰਜੀਦਾ ਢੰਗ ਅਪਣਾਇਆ ਜਾਂਦਾ ਹੈ ਜਿਸ ਵਿੱਚ ਨਵੀਂ ਕਿਸਮ ਨੂੰ ਵੱਖ-ਵੱਖ ਮੌਸਮੀ ਖੇਤਰਾਂ ਵਿੱਚ ਤਿੰਨ ਸਾਲਾਂ ਲਈ ਪਰਖਣ ਤੋਂ ਬਾਅਦ ਜ਼ਿਮੀਂਦਾਰਾਂ ਦੇ ਖੇਤਾਂ ਵਿੱਚ ਹਰੇਕ ਜ਼ਿਲ੍ਹੇ ਵਿੱਚ ਛੇ ਤਜਰਬੇ ਕੀਤੇ ਜਾਂਦੇ ਹਨ। ਇਸ ਤੋਂ ਬਾਅਦ ਸਾਰੇ ਸਾਲਾਂ ਅਤੇ ਖੇਤਰਾਂ ਦੇ ਤਜਰਬਿਆਂ ਦੇ ਅੰਕੜੇ ‘ਸਟੇਟ ਵਰਾਇਟੀ ਅਪਰੂਵਲ ਕਮੇਟੀ’ ਦੇ ਸਾਹਮਣੇ ਪੇਸ਼ ਕੀਤੇ ਜਾਂਦੇ ਹਨ। ਖ਼ਰੀਦ ਏਜੰਸੀਆਂ ਅਤੇ ਮਿਲੰਗਿ ਇੰਡਸਟਰੀ ਦੇ ਨੁਮਾਇੰਦੇ ਇਸ ਕਮੇਟੀ ਦੇ ਮੈਂਬਰ ਹੁੰਦੇ ਹਨ। ਸਾਰੇ ਹਿੱਸੇਦਾਰਾਂ ਦੀ ਸੰਤੁਸ਼ਟੀ ਤੋਂ ਬਾਅਦ ਹੀ ਕਿਸਮ ਦੀ ਸ਼ਿਫਾਰਿਸ਼ ਕੀਤੀ ਜਾਂਦੀ ਹੈ।
ਝੋਨੇ ਦੀ ਖ਼ਰੀਦ ਸਰਕਾਰੀ ਅਤੇ ਗ਼ੈਰ ਸਰਕਾਰੀ ਏਜੰਸੀਆਂ ਦੁਆਰਾ ਐੱਫਸੀਆਈ ਵੱਲੋਂ ਨਿਰਧਾਰਤ ਮਾਪਦੰਡਾਂ ਅਨੁਸਾਰ ਕੀਤੀ ਜਾਂਦੀ ਹੈ। ਖ਼ਰੀਦ ਦੇ ਮੁੱਖ ਮਾਪਦੰਡਾਂ ਵਿੱਚ ਦਾਣੇ ਦੀ ਨਮੀ (17 ਪ੍ਰਤੀਸ਼ਤ ਤੋਂ ਵੱਧ ਨਹੀਂ ਹੋਣੀ ਚਾਹੀਦੀ), ਹੇਠਲੀ ਸ਼੍ਰੇਣੀ ਦਾ ਰਲਾ (6 ਪ੍ਰਤੀਸ਼ਤ ਤੋਂ ਵੱਧ ਨਹੀਂ ਹੋਣਾ ਚਾਹੀਦਾ), ਡੈਮੇਜ਼, ਬਦਰੰਗ, ਉੱਗੇ ਹੋਏ ਅਤੇ ਸੁੱਸਰੀ ਵਾਲੇ ਦਾਣੇ (5% ਤੋਂ ਵੱਧ ਨਹੀਂ ਹੋਣੇ ਚਾਹੀਦੇ), ਸੁੰਗੜੇ ਦਾਣੇ (3 ਪ੍ਰਤੀਸ਼ਤ ਤੋਂ ਵੱਧ ਨਹੀਂ ਹੋਣੇ ਚਾਹੀਦੇ) ਆਦਿ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਸਾਰੀਆਂ ਕਿਸਮਾਂ ਉਕਤ ਮਾਪਦੰਡਾਂ ਅਤ ਮਿਲਿੰਗ ਦੇ ਨਿਰਧਾਰਿਤ ਪੈਮਾਨਿਆਂ ਤੋਂ ਕਾਫ਼ੀ ਉੱਪਰ ਰਹਿੰਦੀਆਂ ਹਨ।
ਇਹ ਤੱਥ ਦਰਸਾਉਂਦੇ ਹਨ ਕਿ ਪੰਜਾਬ ਵਿੱਚ ਝੋਨੇ ਨਾਲ ਸਬੰਧਿਤ ਮੁੱਦਿਆਂ ਦੇ ਹੱਲ ਲਈ ਪੀ ਆਰ 126 ਦੀ ਭੂਮਿਕਾ ਬਹੁਤ ਅਹਿਮ ਹੈ। ਇਹ ਕਿਸਮ ਜਿੱਥੇ ਵਾਤਾਵਰਨ ਅਤੇ ਕਿਸਾਨ ਪੱਖੀ ਹੈ, ਉੱਥੇ ਹੀ ਇਹ ਮਿਲਿੰਗ ਇੰਡਸਟਰੀ ਲਈ ਵੀ ਉੱਤਮ ਹੈ। ਕਿਸਾਨ ਧਿਆਨ ਦੇਣ ਕਿ 15 ਜੁਲਾਈ ਤੋਂ ਬਾਅਦ ਇਸ ਕਿਸਮ ਦੀ ਕਾਸ਼ਤ ਨਾ ਕਾਰਨ ਤੋਂ ਜੋ ਇਹ ਕਿਸਮ ਲੰਬੇ ਸਮੇਂ ਤੱਕ ਵਾਤਾਵਰਨ, ਕਿਸਾਨ ਅਤੇ ਮਿੱਲਰ ਪੱਖੀ ਭੂਮਿਕਾ ਨਿਭਾ ਸਕੇ।
*ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਸੰਪਰਕ: 81461-00360

Advertisement

Advertisement