ਵਪਾਰੀਆਂ ਦੇ ਮਸਲਿਆਂ ਦੇ ਹੱਲ ਲਈ ਕਮੇਟੀ ਕਾਇਮ
ਮੋਹਿਤ ਸਿੰਗਲਾ
ਨਾਭਾ, 8 ਜਨਵਰੀ
ਇੱਥੇ ਬੌੜਾਂ ਗੇਟ ਮਾਰਕੀਟ ਦੇ ਵਪਾਰੀਆਂ ਅਤੇ ਸੰਵਾਦ ਗਰੁੱਪ ਵੱਲੋਂ ਨਾਭਾ ਦੇ ਅਕਾਲਗੜ੍ਹ ਗੁਰਦੁਆਰਾ ਸਾਹਿਬ ਵਿੱਚ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸ਼ਹਿਰ ’ਚ ਰੋਜ਼ਾਨਾ ਹੋ ਰਹੀਆਂ ਚੋਰੀਆਂ ਦੇ ਮੁੱਦੇ ’ਤੇ ਵਿਚਾਰ ਚਰਚਾ ਕੀਤੀ ਗਈ।
ਐਡਵੋਕੇਟ ਰੀਤਇਕਬਾਲ ਸਿੰਘ ਮਝੈਲ ਅਤੇ ਸੰਵਾਦ ਗਰੁੱਪ ਦੇ ਪ੍ਰਬੰਧਕ ਰਾਜੇਸ਼ ਢੀਂਗਰਾ ਦੀ ਪ੍ਰਧਾਨਗੀ ’ਚ ਹੋਈ ਮੀਟਿੰਗ ’ਚ ਵਪਾਰੀਆਂ ਨੇ ਕਿਹਾ ਕਿ ਸ਼ਹਿਰ ’ਚ ਇੱਕ ਅਜਿਹਾ ਵਪਾਰ ਮੰਡਲ ਹੋਣਾ ਚਾਹੀਦਾ ਹੈ ਜਿਹੜਾ ਕਿ ਕਿਸੇ ਸਿਆਸੀ ਪਾਰਟੀ ਦੇ ਪ੍ਰਭਾਵ ਹੇਠ ਨਾ ਹੋਵੇ ਤੇ ਜਿਹੜਾ ਸ਼ਾਸਨ ਅਤੇ ਪ੍ਰਸ਼ਾਸਨ ਅੱਗੇ ਵਪਾਰੀਆਂ ਦੇ ਹਿੱਤਾਂ ਦੀ ਗੱਲ ਕਰੇ।
ਇਸ ਦੌਰਾਨ ਗਗਨਦੀਪ ਸਿੰਘ, ਸੰਦੀਪ ਗੋਇਲ ਤੇ ਅਸ਼ੋਕ ਕੁਮਾਰ ਆਦਿ ਦੁਕਾਨਦਾਰਾਂ ਨੇ ਚਿੰਤਾ ਪ੍ਰਗਟਾਈ ਕਿ ਰੋਜ਼ਾਨਾ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀਆਂ ਹੋ ਰਹੀਆਂ ਹਨ ਤੇ ਥਾਣਿਆਂ ’ਚ ਚੋਰੀ ਨੂੰ ਬਹੁਤ ਹਲਕੇ ’ਚ ਲਿਆ ਜਾਂਦਾ ਹੈ। ਜ਼ਿਆਦਾਤਰ ਮਾਮਲਿਆਂ ’ਚ ਐੱਫਆਈਆਰ ਵੀ ਦਰਜ ਨਹੀਂ ਕੀਤੀ ਜਾਂਦੀ। ਮੀਟਿੰਗ ਵਿਚ ਸ਼ਾਮਲ ਵਪਾਰੀਆਂ ਨੇ ਇੱਕ ਕਮੇਟੀ ਦਾ ਗਠਨ ਕੀਤਾ ਜਿਹੜੀ ਹੋਰ ਬਾਜ਼ਾਰਾਂ ’ਚ ਵਪਾਰੀਆਂ ਦੇ ਮੁੱਦਿਆਂ ਦੀ ਨਿਸ਼ਾਨਦੇਹੀ ਕਰੇਗੀ ਤੇ ਅਗਲੀ ਮੀਟਿੰਗ ’ਚ ਇਨ੍ਹਾਂ ਮਸਲਿਆਂ ਦੇ ਹੱਲ ਲਈ ਕਦਮ ਚੁੱਕੇ ਜਾਣਗੇ।