ਵਪਾਰਕ ਪੱਧਰ ’ਤੇ ਸਬਜ਼ੀਆਂ ਦੀ ਕਾਸ਼ਤ
ਸੁਖਵਿੰਦਰ ਸਿੰਘ ਔਲਖ/ ਨਵਜੋਤ ਸਿੰਘ ਬਰਾੜ/ ਸਤਪਾਲ ਸ਼ਰਮਾ*
ਸਬਜ਼ੀਆਂ ਮਨੁੱਖੀ ਖੁਰਾਕ ਦਾ ਮਹੱਤਵਪੂਰਨ ਅੰਗ ਹੋਣ ਦੇ ਨਾਲ ਨਾਲ ਦੇਸ਼ ਦੀ ਆਰਥਿਕਤਾ ਵਿੱਚ ਵੀ ਵੱਡਮੁੱਲਾ ਯੋਗਦਾਨ ਪਾਉਂਦੀਆਂ ਹਨ। ਸੰਸਾਰ ਭਰ ਵਿੱਚ ਕੁੱਲ ਸਬਜ਼ੀ ਉਤਪਾਦਨ ਅਤੇ ਆਲੂ, ਟਮਾਟਰ, ਬੈਂਗਣ, ਫੁੱਲ ਗੋਭੀ, ਬੰਦ ਗੋਭੀ ਦੀ ਪੈਦਾਵਾਰ ਵਿੱਚ ਭਾਰਤ ਦੂਸਰੇ ਨੰਬਰ ’ਤੇ ਹੈ ਜਦਕਿ ਭਿੰਡੀ ਅਤੇ ਪਿਆਜ਼ ਦਾ ਸਭ ਤੋਂ ਜ਼ਿਆਦਾ ਉਤਪਾਦਨ ਭਾਰਤ ਵਿੱਚ ਹੀ ਹੁੰਦਾ ਹੈ।
ਸਾਲ 2022-23 ਦੌਰਾਨ ਭਾਰਤ ਵਿੱਚ 113.58 ਲੱਖ ਹੈਕਟੇਅਰ ਵਿੱਚ 2129.08 ਲੱਖ ਟਨ ਸਬਜ਼ੀਆਂ ਦੀ ਪੈਦਾਵਾਰ ਹੋਈ। ਇਸੇ ਸਮੇਂ ਦੌਰਾਨ ਪੰਜਾਬ ਵਿੱਚ 3.17 ਲੱਖ ਹੈਕਟੇਅਰ ਰਕਬੇ ਵਿੱਚ 65 ਲੱਖ ਟਨ ਸਬਜ਼ੀਆਂ ਦਾ ਉਤਪਾਦਨ ਕੀਤਾ ਗਿਆ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਅਨੁਸਾਰ ਭਾਰਤ ਵਿੱਚ ਪ੍ਰਤੀ ਵਿਅਕਤੀ ਪ੍ਰਤੀ ਦਿਨ 300 ਗ੍ਰਾਮ ਸਬਜ਼ੀ ਦੀ ਲੋੜ ਹੈ ਅਤੇ ਪਿਛਲੇ ਕੁੱਝ ਦਹਾਕਿਆਂ ਵਿੱਚ ਪੰਜਾਬ ਨੇ ਬਾਗਬਾਨੀ ਖੇਤਰ ਅਤੇ ਖ਼ਾਸਕਰ ਸਬਜ਼ੀਆਂ ਦੇ ਉਤਪਾਦਨ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ, ਜਿਸ ਸਦਕਾ ਦੇਸ਼ ਵਿੱਚ ਸਬਜ਼ੀਆਂ ਦੀ ਸਪਲਾਈ ਅਤੇ ਉਤਪਾਦਨ ਵਿੱਚ ਪੰਜਾਬ ਦਾ ਅਹਿਮ ਯੋਗਦਾਨ ਹੈ। ਦੇਸ਼ ਭਰ ਵਿੱਚ ਉਗਾਈਆਂ ਜਾਣ ਵਾਲੀਆਂ ਸਬਜ਼ੀਆਂ ਵਿੱਚ ਆਲੂ, ਪਿਆਜ਼, ਮਟਰ, ਗੋਭੀ ਅਤੇ ਗਾਜਰ ਪ੍ਰਮੁੱਖ ਹਨ। ਪੰਜਾਬ ਦਾ ਪੌਣ-ਪਾਣੀ ਭਾਰਤ ਵਿੱਚ ਉਗਾਈਆਂ ਜਾਣ ਵਾਲੀਆਂ ਲਗਭਗ ਸਾਰੀਆਂ ਹੀ ਸਬਜ਼ੀਆਂ ਲਈ ਢੁੱਕਵਾਂ ਹੈ। ਪੰਜਾਬ ਵਿੱਚ ਸਰਦੀਆਂ ਦੇ ਮੌਸਮ ਵਿੱਚ ਆਲੂ, ਮਟਰ, ਗੋਭੀ, ਗਾਜਰ, ਗਰਮੀਆਂ ਵਿੱਚ ਪਿਆਜ਼, ਟਮਾਟਰ, ਮਿਰਚ ਅਤੇ ਬਰਸਾਤ ਰੁੱਤ ਵਿੱਚ ਵੇਲਾਂ ਵਾਲੀਆਂ ਸਬਜ਼ੀਆਂ, ਬੈਂਗਣ ਆਦਿ ਮੁੱਖ ਤੌਰ ’ਤੇ ਪੈਦਾ ਕੀਤੀਆਂ ਜਾਣ ਵਾਲੀਆਂ ਸਬਜ਼ੀਆਂ ਵਿੱਚ ਸ਼ੁਮਾਰ ਹੁੰਦੀਆਂ ਹਨ।
ਪੰਜਾਬ ਵਿੱਚ ਸਰਦੀ ਦਾ ਮੌਸਮ ਅਕਤੂਬਰ ਤੋਂ ਮਾਰਚ ਤੱਕ ਦਾ ਹੈ। ਇਸ ਮੌਸਮ ਦੀ ਮੁੱਖ ਸਬਜ਼ੀ ਆਲੂ ਹੈ ਜੋ ਕਿ ਪੰਜਾਬ ਵਿੱਚ ਬੀਜੀਆਂ ਜਾਣ ਵਾਲੀਆਂ ਸਾਰੀਆਂ ਸਬਜ਼ੀਆਂ ਦੇ 35-40% ਰਕਬੇ ਵਿੱਚ ਬੀਜਿਆ ਜਾਂਦਾ ਹੈ। ਵੈਸੇ ਤਾਂ ਸਾਰੇ ਪੰਜਾਬ ਵਿੱਚ ਹੀ ਆਲੂ ਬੀਜਿਆ ਜਾਂਦਾ ਹੈ, ਪਰ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਜ਼ਿਲ੍ਹਿਆਂ ਵਿੱਚ ਇਸ ਦੀ ਕਾਸ਼ਤ ਵੱਡੇ ਪੱਧਰ ’ਤੇ ਕੀਤੀ ਜਾਂਦੀ ਹੈ। ਮੋਗਾ, ਬਠਿੰਡਾ, ਲੁਧਿਆਣਾ ਵੀ ਆਲੂ ਉਤਪਾਦਨ ਵਿੱਚ ਉੱਭਰ ਕੇ ਆ ਰਹੇ ਹਨ। ਆਲੂ ਦਾ ਰੋਗ ਰਹਿਤ 12-18 ਕੁਇੰਟਲ ਬੀਜ ਅੱਧ ਸਤੰਬਰ ਤੋਂ ਅੱਧ ਅਕਤੂਬਰ ਤੱਕ ਬੀਜਿਆ ਜਾਂਦਾ ਹੈ। ਕੁੱਫਰੀ ਪੁਖਰਾਜ, ਕੁੱਫਰੀ ਜਯੋਤੀ, ਕੁੱਫਰੀ ਚਿਪਸੋਨਾ-3 ਪੰਜਾਬ ਵਿੱਚ ਪ੍ਰਚੱਲਿਤ ਕਿਸਮਾਂ ਹਨ ਅਤੇ ਆਉਣ ਵਾਲੇ ਸਾਲਾਂ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸ਼ਿਫਾਰਿਸ਼ ਕਿਸਮਾਂ ਪੰਜਾਬ ਪੋਟੇਟੋ 101, ਪੰਜਾਬ ਪੋਟੇਟੋ 102, ਪੰਜਾਬ ਪੋਟੇਟੋ 103 ਅਤੇ ਪੰਜਾਬ ਪੋਟੇਟੋ 104 ਨੂੰ ਚੰਗਾ ਹੁੰਗਾਰਾ ਮਿਲਣ ਦੀ ਆਸ ਹੈ। ਆਲੂ ਦੇ ਉਤਪਾਦਨ ਵਿੱਚ ਵਧੀਆ ਗੁਣਵੱਤਾ ਵਾਲਾ ਅਰੋਗ ਬੀਜ ਬਹੁਤ ਜ਼ਰੂਰੀ ਹੈ ਅਤੇ ਆਲੂ ਦਾ ਮਿਆਰੀ ਬੀਜ ਪੈਦਾ ਕਰਨ ਵਿੱਚ ਪੰਜਾਬ ਦੇਸ਼ ਭਰ ਵਿੱਚ ਪਹਿਲੇ ਸਥਾਨ ’ਤੇ ਹੈ।
ਆਲੂ ਤੋਂ ਇਲਾਵਾ ਪੰਜਾਬ ਵਿੱਚ ਇਸ ਮੌਸਮ ਵਿੱਚ ਮਟਰ, ਗਾਜਰ, ਫੁੱਲ ਗੋਭੀ ਦੀ ਵੀ ਵਪਾਰਕ ਪੱਧਰ ’ਤੇ ਕਾਸ਼ਤ ਕੀਤੀ ਜਾਂਦੀ ਹੈ। ਸੂਬੇ ਵਿੱਚ ਇਨ੍ਹਾਂ ਤਿੰਨ ਸਬਜ਼ੀਆਂ ਹੇਠਾਂ ਲਗਭਗ ਇੱਕ ਲੱਖ ਹੈਕਟਅਰ ਰਕਬਾ ਹੈ ਜੋ ਪੰਜਾਬ ਦੇ ਕੁੱਲ ਸਬਜ਼ੀਆਂ ਥੱਲੇ ਰਕਬੇ ਦਾ 30% ਹੈ। ਪੰਜਾਬ ਵਿੱਚ ਵਪਾਰਕ ਪੱਧਰ ’ਤੇ ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਜ਼ਿਲ੍ਹਿਆਂ ਵਿੱਚ ਮਟਰਾਂ ਦੀ ਅਗੇਤੀ ਫ਼ਸਲ ਲਈ ਜਾਂਦੀ ਹੈ ਜਦਕਿ ਅੰਮ੍ਰਿਤਸਰ, ਪਟਿਆਲਾ, ਜਲੰਧਰ ਅਤੇ ਤਰਨ ਤਾਰਨ ਜ਼ਿਲ੍ਹਿਆਂ ਵਿੱਚ ਮੁੱਖ ਮੌਸਮ ਦੀ ਫ਼ਸਲ ਬੀਜੀ ਜਾਂਦੀ ਹੈ। ਅਗੇਤੀ ਬਿਜਾਈ ਲਈ ਏ ਪੀ-3 ਅਤੇ ਮਟਰ ਅਗੇਤਾ-7 ਜਦਕਿ ਮੁੱਖ ਫ਼ਸਲ ਲਈ ਪੰਜਾਬ-89 ਕਿਸਮਾਂ ਬੀਜੀਆਂ ਜਾਂਦੀਆਂ ਹਨ। ਯੂਨੀਵਰਸਿਟੀ ਵੱਲੋਂ ਅਗੇਤੀ ਬਿਜਾਈ ਲਈ 45 ਕਿਲੋ ਅਤੇ ਮੁੱਖ ਸਮੇਂ ਲਈ 30 ਕਿਲੋ ਪ੍ਰਤੀ ਏਕੜ ਬੀਜ ਦੀ ਸ਼ਿਫਾਰਿਸ਼ ਕੀਤੀ ਗਈ ਹੈ। ਮਟਰ ਦੀ ਫ਼ਸਲ ਜ਼ਿਆਦਾ ਅਗੇਤਾ ਬੀਜਣ ਨਾਲ ਬੂਟਿਆਂ ਨੂੰ ਉਖੇੜਾ ਰੋਗ ਵੱਧ ਲੱਗਦਾ ਹੈ। ਮਟਰਾਂ ਦੀ ਤੁੜਾਈ ਕਾਫ਼ੀ ਖ਼ਰਚੀਲਾ ਕੰਮ ਹੈ ਅਤੇ ਇਸ ਲਈ ਲੇਬਰ ਦੀ ਕਾਫ਼ੀ ਜ਼ਰੂਰਤ ਪੈਂਦੀ ਹੈ। ਭਵਿੱਖ ਵਿੱਚ ਮਟਰਾਂ ਦੀ ਤੁੜਾਈ ਵਾਲੀਆਂ ਮਸ਼ੀਨਾਂ ਦੇ ਆਉਣ ਨਾਲ ਕਿਸਾਨਾਂ ਲਈ ਇਹ ਫ਼ਸਲ ਹੋਰ ਵੀ ਲਾਹੇਵੰਦ ਹੋ ਸਕਦੀ ਹੈ।
ਪੰਜਾਬ ਵਿੱਚ ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਕਪੂਰਥਲਾ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਗਾਜਰ ਦੀ ਜ਼ਿਆਦਾ ਕਾਸ਼ਤ ਕੀਤੀ ਜਾਂਦੀ ਹੈ। ਪੰਜਾਬ ਦੀ ਕੁੱਲ ਗਾਜਰ ਦੀ ਪੈਦਾਵਾਰ ਵਿੱਚੋਂ ਲਗਭਗ ਅੱਧਾ ਹਿੱਸਾ ਇਕੱਲੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਹੈ। ਹੁਸ਼ਿਆਰਪੁਰ ਦਾ ਪੌਣ-ਪਾਣੀ ਅਤੇ ਦਰਮਿਆਨੀ ਮਿੱਟੀ, ਮਿਆਰੀ ਗੁਣਵੱਤਾ ਅਤੇ ਅਗੇਤੀ ਗਾਜਰ ਦੀ ਪੈਦਾਵਾਰ ਲਈ ਬਹੁਤ ਹੀ ਢੁੱਕਵਾਂ ਹੈ। ਪੰਜਾਬ ਕੈਰਟ ਰੈੱਡ, ਪੀ ਸੀ-161, ਪੀ ਸੀ-34, ਲੋਕਲ ਰੈੱਡ ਕੈਰਟ ਆਦਿ ਪੰਜਾਬ ਵਿੱਚ ਬੀਜੀਆਂ ਜਾਣ ਵਾਲੀਆਂ ਗਾਜਰ ਦੀਆਂ ਮੁੱਖ ਕਿਸਮਾਂ ਹਨ। ਗਾਜਰ ਦੀ ਵੱਡੇ ਪੱਧਰ ’ਤੇ ਬਿਜਾਈ ਟਰੈਕਟਰ ਨਾਲ ਚੱਲਣ ਵਾਲੀ ਇੰਕਲਾਈਡ ਪਲੇਟ ਪਲਾਂਟਰ ਮਸ਼ੀਨ ਨਾਲ 67.5 ਸੈਂਟੀਮੀਟਰ ਚੌੜੇ ਬੈਡਾਂ ’ਤੇ ਕੀਤੀ ਜਾ ਸਕਦੀ ਹੈ। ਵਧੀਆ ਲਾਲ ਰੰਗ ਦੀ ਗਾਜਰ ਪੈਦਾ ਕਰਨ ਲਈ ਪ੍ਰਤੀ ਏਕੜ 50 ਕਿਲੋ ਮਿਊਰੇਟ ਆਫ ਪੋਟਾਸ਼ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ। ਗਾਜਰ ਦੀ ਪੁਟਾਈ ਅਤੇ ਧੁਆਈ ਲਈ ਟਰੈਕਟਰ ਨਾਲ ਚੱਲਣ ਵਾਲੀਆਂ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਪੁਟਾਈ ਵਾਲੀ ਮਸ਼ੀਨ ਲਗਭਗ 90 ਮਿੰਟਾਂ ਵਿੱਚ ਇੱਕ ਏਕੜ ਦੀਆਂ ਗਾਜਰਾਂ ਪੁੱਟ ਦਿੰਦੀ ਹੈ।
ਪੰਜਾਬ ਦੇ ਕੁੱਲ ਸਬਜ਼ੀ ਵਾਲੇ ਰਕਬੇ ਦੇ ਲਗਭਗ ਅੱਠਵੇਂ ਹਿੱਸੇ ਵਿੱਚ ਗੋਭੀ ਦੀ ਕਾਸ਼ਤ ਕੀਤੀ ਜਾਂਦੀ ਹੈ। ਪੰਜਾਬ ਦੇ ਗੁਰਦਾਸਪੁਰ, ਫਤਿਹਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਗੋਭੀ ਦੀ ਕਾਸ਼ਤ ਜ਼ਿਆਦਾ ਕੀਤੀ ਜਾਂਦੀ ਹੈ। ਰਵਾਇਤੀ ਤੌਰ ’ਤੇ ਫੁੱਲ ਗੋਭੀ ਸਰਦੀਆਂ ਦੀ ਫ਼ਸਲ ਹੈ, ਪਰ ਪ੍ਰਾਈਵੇਟ ਸੈਕਟਰ ਦੁਆਰਾ ਵਿਕਸਿਤ ਕੀਤੀਆਂ ਕਿਸਮਾਂ ਕਰਕੇ ਪੰਜਾਬ ਵਿੱਚ ਲਗਭਗ ਸਾਰਾ ਸਾਲ ਹੀ ਇਸ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਬਿਜਾਈ ਲਈ ਕਿਸਮ ਦੀ ਚੋਣ ਕਰਨ ਸਮੇਂ ਸਿਫਾਰਸ਼ ਕੀਤੀ ਕਿਸਮ ਨੂੰ ਵੇਲੇ ਸਿਰ ਬੀਜਣਾ ਜ਼ਰੂਰੀ ਹੈ ਤਾਂ ਕਿ ਨਿਸਾਰੇ ਤੋਂ ਬਚਿਆ ਜਾ ਸਕੇ। ਗੋਭੀ ਦੀ ਕਾਸ਼ਤ ਦੌਰਾਨ ਖੇਤ ਵਿੱਚ ਸਲਫਰ ਅਤੇ ਲਘੂ ਤੱਤਾਂ ਦੀ ਘਾਟ ਨਹੀਂ ਹੋਣੀ ਚਾਹੀਦੀ।
ਪੰਜਾਬ ਵਿੱਚ ਗਰਮੀਆਂ ਦੇ ਮੌਸਮ ਦੀਆਂ ਸਬਜ਼ੀਆਂ ਦੇ ਸਫਲ ਉਤਪਾਦਨ ਲਈ ਪਾਣੀ ਅਤੇ ਸਿੰਚਾਈ ਦਾ ਸੁਚੱਜਾ ਪ੍ਰਬੰਧ ਸਭ ਤੋਂ ਮਹੱਤਵਪੂਰਨ ਪਹਿਲੂ ਹੈ ਕਿਉਂਕਿ ਗਰਮੀਆਂ ਦੇ ਮੌਸਮ ਵਿੱਚ ਉੱਚ ਤਾਪਮਾਨ ਅਤੇ ਘੱਟ ਬਾਰਸ਼ ਹੁੰਦੀ ਹੈ। ਇਸ ਖੇਤਰ ਵਿੱਚ ਗਰਮੀਆਂ ਦਾ ਤਾਪਮਾਨ ਅਕਸਰ 40 ਡਿਗਰੀ ਸੈਲਸੀਅਸ ਤੋਂ ਵਧ ਜਾਂਦਾ ਹੈ ਅਤੇ ਅਪਰੈਲ-ਜੂਨ ਦੌਰਾਨ ਬਹੁਤ ਘੱਟ ਜਾਂ ਨਾਂਮਾਤਰ ਬਾਰਸ਼ ਹੁੰਦੀ ਹੈ। ਵਪਾਰਕ ਪੱਧਰ ’ਤੇ ਟਮਾਟਰ ਅਤੇ ਮਿਰਚ ਗਰਮੀਆਂ ਦੀਆਂ ਮੁੱਖ ਫ਼ਸਲਾਂ ਹਨ ਜਦੋਂਕਿ ਪਿਆਜ਼, ਭਿੰਡੀ, ਬੈਂਗਣ ਅਤੇ ਵੇਲਾਂ ਵਾਲੀਆਂ ਸਬਜ਼ੀਆਂ ਆਦਿ ਵੀ ਕਾਫ਼ੀ ਰਕਬੇ ’ਤੇ ਬੀਜੀਆਂ ਜਾਂਦੀਆਂ ਹਨ। ਟਮਾਟਰ ਦੀ ਪਨੀਰੀ ਖੇਤ ਵਿੱਚ ਲਾਉਣ ਤੋਂ ਬਾਅਦ ਪਹਿਲਾ ਪਾਣੀ ਲਾਓ ਅਤੇ ਇਸ ਨੂੰ ਕੁੱਲ 14-15 ਸਿੰਚਾਈਆਂ ਦੀ ਲੋੜ ਪੈਂਦੀ ਹੈ। ਮਿਰਚਾਂ ਜ਼ਿਆਦਾ ਨਮੀ ਨਹੀਂ ਸਹਾਰਦੀਆਂ, ਇਸ ਲਈ ਜੇ ਇੱਕ ਖਾਲ ਛੱਡ ਕੇ ਸਿੰਚਾਈ ਕੀਤੀ ਜਾਵੇ ਤਾਂ ਪਾਣੀ ਦੀ ਬੱਚਤ ਹੁੰਦੀ ਹੈ, ਝਾੜ ਪੂਰਾ ਮਿਲਦਾ ਹੈ ਅਤੇ ਫ਼ਸਲ ਨੂੰ ਬਿਮਾਰੀ ਵੀ ਘੱਟ ਲੱਗਦੀ ਹੈ। ਗਰਮੀਆਂ ਦੀਆਂ ਸਬਜ਼ੀਆਂ ਲਈ ਤੁਪਕਾ (ਡਰਿੰਪ) ਸਿੰਚਾਈ ਨਾਲ 45-50% ਤੱਕ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਮਲਚਿੰਗ ਨਾਲ ਖ਼ਾਸ ਕਰ ਕੇ ਖੇਤਾਂ ਵਿੱਚ ਪਰਾਲੀ ਵਿਛਾਉਣ ਨਾਲ ਜਿੱਥੇ ਪਾਣੀ ਦੀ ਬੱਚਤ ਹੁੰਦੀ ਹੈ; ਜ਼ਮੀਨ ਦਾ ਤਾਪਮਾਨ ਘੱਟ ਰਹਿੰਦਾ ਹੈ; ਜ਼ਮੀਨ ਦੀ ਸਿਹਤ ਦਾ ਸੁਧਾਰ ਹੁੰਦਾ ਹੈ; ਉੱਥੇ ਫ਼ਸਲ ਦੇ ਝਾੜ ਅਤੇ ਗੁਣਵੱਤਾ ਵਿੱਚ ਵੀ ਵਾਧਾ ਹੁੰਦਾ ਹੈ।
ਪੰਜਾਬ ਵਿੱਚ ਜੂਨ ਦੇ ਅਖੀਰ ਤੋਂ ਸਤੰਬਰ ਦੇ ਅੱਧ ਤੱਕ ਦਾ ਸਮਾਂ ਬਰਸਾਤ ਦੇ ਮੌਸਮ ਦਾ ਹੁੰਦਾ ਹੈ ਅਤੇ ਬਾਰਸ਼ ਕਾਰਨ ਇਨ੍ਹਾਂ ਦਿਨਾਂ ਵਿੱਚ ਤਾਪਮਾਨ ਗਰਮੀਆਂ ਨਾਲੋਂ ਘਟ ਜਾਂਦਾ ਹੈ ਅਤੇ ਨਮੀ ਵਧ ਜਾਂਦੀ ਹੈ ਜੋ ਫ਼ਸਲਾਂ ਦੇ ਵਾਧੇ ਲਈ ਲਾਹੇਵੰਦ ਹੁੰਦਾ ਹੈ। ਇਸ ਸਮੇਂ ਵਿਸ਼ਾਣੂ ਰੋਗ ਦਾ ਹਮਲਾ ਜ਼ਿਆਦਾ ਹੁੰਦਾ ਹੈ, ਤਾਪਮਾਨ ਅਤੇ ਨਮੀ ਜ਼ਿਆਦਾ ਹੋਣ ਕਰਕੇ ਉੱਲੀ ਵਾਲੀਆਂ ਬਿਮਾਰੀਆਂ ਵੀ ਜ਼ਿਆਦਾ ਹੋਣ ਦੇ ਆਸਾਰ ਹੁੰਦੇ ਹਨ, ਇਸ ਲਈ ਸਬਜ਼ੀਆਂ ਦੀਆਂ ਜੋ ਕਿਸਮਾਂ ਇਨ੍ਹਾਂ ਰੋਗਾਂ ਦਾ ਟਾਕਰਾ ਕਰ ਸਕਣ, ਉਨ੍ਹਾਂ ਨੂੰ ਹੀ ਬੀਜਣ ਦੀ ਤਰਜੀਹ ਦਿਓ। ਸਬਜ਼ੀਆਂ ਨੂੰ ਉੱਲੀ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਕਤਾਰਾਂ ਅਤੇ ਬੂਟਿਆਂ ਦਰਮਿਆਨ ਫਾਸਲਾ ਆਮ ਨਾਲੋਂ ਜ਼ਿਆਦਾ ਰੱਖੋ ਤਾਂ ਜੋ ਬੂਟਿਆਂ ਵਿਚਕਾਰ ਹਵਾ ਦਾ ਅਦਾਨ-ਪ੍ਰਦਾਨ ਹੁੰਦਾ ਰਹੇ। ਬਰਸਾਤ ਦੇ ਮੌਸਮ ਵਿੱਚ ਸਬਜ਼ੀਆਂ ਅਕਸਰ ਕੀੜੇ, ਬਿਮਾਰੀ ਜਾਂ ਮੌਸਮੀ ਮਾਰ ਕਾਰਨ ਗਲ ਕੇ ਖ਼ਰਾਬ ਹੋ ਜਾਂਦੀਆਂ ਹਨ ਅਤੇ ਮੰਡੀਕਰਨ ਯੋਗ ਨਹੀਂ ਰਹਿੰਦੀਆਂ, ਇਸ ਲਈ ਬਾਂਸ ਜਾਂ ਕੋਈ ਹੋਰ ਢਾਂਚਾ ਬਣਾ ਕੇ ਵੇਲਾਂ ਜਾਲ ਉੱਪਰ ਚੜ੍ਹਾਉਣ ਨਾਲ ਸਬਜ਼ੀ ਦੇ ਝਾੜ ਅਤੇ ਮਿਆਰ ਦੋਵਾਂ ਵਿੱਚ ਹੀ ਵਾਧਾ ਹੁੰਦਾ ਹੈ। ਬਰਸਾਤ ਵਿੱਚ ਵੇਲਾਂ ਵਾਲੀਆਂ ਸਬਜ਼ੀਆਂ ਦੇ ਨਾਲ ਕੁੱਝ ਇਲਾਕਿਆਂ ਵਿੱਚ ਬੈਂਗਣ, ਟਮਾਟਰ ਅਤੇ ਮਿਰਚ ਦੀ ਕਾਸ਼ਤ ਵੀ ਕੀਤੀ ਜਾਂਦੀ ਹੈ। ਬਰਸਾਤਾਂ ਵਿੱਚ ਨਦੀਨਾਂ ਦੀ ਬਹੁਤ ਸਮੱਸਿਆ ਆਉਂਦੀ ਹੈ, ਇਸ ਲਈ ਸਮੇਂ ਸਿਰ ਗੋਡੀ ਜਾਂ ਮਸ਼ੀਨ ਜਾਂ ਨਦੀਨ ਨਾਸ਼ਕ ਸਪਰੇਅ ਨਾਲ ਨਦੀਨਾਂ ਉੱਪਰ ਕਾਬੂ ਪਾਉਣਾ ਜ਼ਰੂਰੀ ਹੈ।
ਅਜੋਕੇ ਸਮੇਂ ਵਿੱਚ ਸਬਜ਼ੀਆਂ ਦੀ ਰਵਾਇਤੀ ਕਾਸ਼ਤ (ਵਪਾਰਕ ਅਤੇ ਘਰੇਲੂ ਬਗੀਚੀ ਤੋਂ ਇਲਾਵਾ) ਦੇ ਨਾਲ ਨਾਲ ਕੁੱਝ ਨਵੇਂ ਰੁਝਾਨ ਵੀ ਪ੍ਰਚੱਲਿਤ ਹੋ ਰਹੇ ਹਨ ਜੋ ਭਵਿੱਖ ਵਿੱਚ ਖ਼ਾਸਕਰ ਨੌਜਵਾਨ ਕਿਸਾਨਾਂ ਵੱਲੋਂ ਵਪਾਰਕ ਪੱਧਰ ’ਤੇ ਅਪਣਾਏ ਜਾ ਸਕਦੇ ਹਨ। ਇਸ ਵਿੱਚ ਜੈਵਿਕ ਖੇਤੀ, ਕੁਦਰਤੀ ਖੇਤੀ, ਵਰਟੀਕਲ ਫਾਰਮਿੰਗ, ਮਿੱਟੀ ਰਹਿਤ ਖੇਤੀ, ਟੈਰੇਸ ਫਾਰਮਿੰਗ, ਪੌਟ ਕਲਚਰ, ਇਨਡੋਰ ਫਾਰਮਿੰਗ ਅਤੇ ਐਗਰੋਟੂਰਿਜ਼ਮ ਆਦਿ ਮੁੱਖ ਹਨ। ਸਾਲ 2022-23 ਦੇ ਅੰਕੜਿਆਂ ਮੁਤਾਬਿਕ ਪੰਜਾਬ ਵਿੱਚ ਸਬਜ਼ੀਆਂ ਦੀ ਸਰਟੀਫਾਈਡ ਅਤੇ ਪੀ.ਜੀ.ਐੱਸ. ਨੂੰ ਮਿਲਾ ਕੇ ਜੈਵਿਕ ਖੇਤੀ 14500 ਹੈਕਟੇਅਰ ਵਿੱਚ ਹੋਈ ਜਦਕਿ ਜੈਵਿਕ ਉਤਪਾਦਾਂ ਦੀ ਮੰਗ ਕਈ ਗੁਣਾਂ ਵਧ ਹੈ ਅਤੇ ਇਸ ਦੇ ਹੋਰ ਜ਼ਿਆਦਾ ਤੇਜ਼ੀ ਨਾਲ ਵਧਣ ਦੀ ਆਸ ਹੈ। ਇਸੇ ਤਰ੍ਹਾਂ ਸ਼ਹਿਰੀ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਵਾਹੀਯੋਗ ਜ਼ਮੀਨ ਦੀ ਕਮੀ ਅਤੇ ਰੀਅਲ ਅਸਟੇਟ ਦੀਆਂ ਆਸਮਾਨ ਛੂੰਹਦੀਆਂ ਕੀਮਤਾਂ, ਜ਼ਮੀਨ ਦੀ ਵਪਾਰਕ, ਸੜਕਾਂ, ਰਿਹਾਇਸ਼, ਉਦਯੋਗਾਂ ਲਈ ਵਰਤੋਂ ਹੋਣ ਕਰਕੇ ਵਰਟੀਕਲ ਫਾਰਮਿੰਗ, ਮਿੱਟੀ ਰਹਿਤ ਖੇਤੀ, ਟੈਰੇਸ ਫਾਰਮਿੰਗ, ਪੌਟ ਕਲਚਰ, ਇਨਡੋਰ ਫਾਰਮਿੰਗ ਆਦਿ ਦੇ ਵਪਾਰਕ ਪੱਧਰ ’ਤੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
*ਪੀ.ਏ.ਯੂ. ਸਬਜ਼ੀ ਖੋਜ ਫਾਰਮ, ਖਨੌੜਾ (ਹੁਸ਼ਿਆਰਪੁਰ)
ਸੰਪਰਕ: 79731-45517