ਵਧੀਆ ਨਤੀਜੇ ਨਾ ਦੇਣ ਵਾਲੇ ਸਕੂਲ ਮੁਖੀਆਂ ਦੀ ਜਵਾਬਤਲਬੀ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 16 ਮਈ
ਯੂਟੀ ਦੇ ਕਈ ਸਰਕਾਰੀ ਸਕੂਲਾਂ ਦਾ ਨਤੀਜਾ ਵਧੀਆ ਨਹੀਂ ਆਇਆ ਤੇ ਅਜਿਹੇ ਸਕੂਲਾਂ ਦੇ ਕਈ ਵਿਦਿਆਰਥੀ ਜਾਂ ਤਾਂ ਫੇਲ੍ਹ ਹੋ ਗਏ ਹਨ ਜਾਂ ਉਨ੍ਹਾਂ ਦੀ ਕੰਪਾਰਟਮੈਂਟ ਆਈ ਹੈ ਜਿਸ ਕਾਰਨ ਯੂਟੀ ਦੇ ਸਿੱਖਿਆ ਸਕੱਤਰ ਪ੍ਰੇਰਨਾ ਪੁਰੀ ਤੇ ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਇਨ੍ਹਾਂ ਸਕੂਲਾਂ ਦੇ ਮੁਖੀਆਂ ਦੀ ਜਵਾਬਤਲਬੀ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਨਤੀਜਿਆਂ ਲਈ ਜਵਾਬਦੇਹ ਬਣਾਇਆ ਜਾਵੇਗਾ ਤੇ ਉਨ੍ਹਾਂ ਦੇ ਨਤੀਜੇ ਵਧੀਆ ਨਾ ਆਉਣ ’ਤੇ ਏਸੀਆਰ ਵਿੱਚ ਉਸੇ ਆਧਾਰ ’ਤੇ ਅੰਕ ਦਿੱਤੇ ਜਾਣਗੇ। ਸਿੱਖਿਆ ਸਕੱਤਰ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਵਧੀਆ ਬੁਨਿਆਦੀ ਢਾਂਚਾ ਤੇ ਯੋਗ ਅਧਿਆਪਕ ਹੋਣ ਦੇ ਬਾਵਜੂਦ ਕਈ ਸਕੂਲਾਂ ਦਾ ਨਤੀਜਾ ਠੀਕ ਕਿਉਂ ਨਹੀਂ ਆਇਆ। ਸਿੱਖਿਆ ਅਧਿਕਾਰੀਆਂ ਨੇ ਸਕੂਲ ਵਿੱਚ ਮਿੱਡ-ਡੇਅ ਮੀਲ ਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਸਿੱਖਿਆ ਅਧਿਕਾਰੀਆਂ ਨੇ ਅੱਜ ਸਰਕਾਰੀ ਮਾਡਲ ਸਕੂਲ ਸੈਕਟਰ 12 ਵਿੱਚ ਦਸ ਸਕੂਲਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ ਤੇ ਵਧੀਆ ਨਤੀਜੇ ਦੇਣ ਵਾਲੇ ਸਕੂਲ ਮੁਖੀਆਂ ਦੀ ਹੌਸਲਾ ਅਫਜ਼ਾਈ ਵੀ ਕੀਤੀ। ਸ੍ਰੀ ਬਰਾੜ ਨੇ ਦੱਸਿਆ ਕਿ ਉਹ ਬੋਰਡ ਜਮਾਤਾਂ 10ਵੀਂ ਤੇ 12ਵੀਂ ਦੇ ਨਤੀਜਿਆਂ ਦੀ ਸਮੀਖਿਆ ਕਰਨ ਲਈ ਹੋਰ ਸਕੂਲਾਂ ਦੇ ਮੁਖੀਆਂ ਨਾਲ ਮੀਟਿੰਗ ਕਰਨਗੇ ਤੇ ਅਧਿਆਪਕਾਂ ਦੇ ਏਸੀਆਰ ਵੀ ਨਤੀਜਿਆਂ ਅਨੁਸਾਰ ਅਪਡੇਟ ਕੀਤੀ ਜਾਵੇਗੀ ਤੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਪ੍ਰਦਰਸ਼ਨ ਲਈ ਜਵਾਬਦੇਹ ਬਣਾਇਆ ਜਾਵੇਗਾ।
ਉਲਾਸ ਪ੍ਰਾਜੈਕਟ ਨੂੰ ਹੁੰਗਾਰਾ ਨਾ ਦੇਣ ਵਾਲੇ ਅਧਿਆਪਕ ਹੋਣਗੇ ਤਬਦੀਲ
ਯੂਟੀ ਦੇ ਸਿੱਖਿਆ ਵਿਭਾਗ ਨੇ ਉਲਾਸ ਪ੍ਰਾਜੈਕਟ ਲਾਂਚ ਕੀਤੀ ਸੀ ਜਿਸ ਤਹਿਤ ਸ਼ਹਿਰ ਵਿਚ ਪੜ੍ਹਨ ਨਾ ਵਾਲੇ ਬਾਲਗ ਵਿਦਿਆਰਥੀਆਂ ਦੀ ਨਿਸ਼ਾਨਦੇਹੀ ਕੀਤੀ ਗਈ ਸੀ। ਯੂਟੀ ਦੇ ਸਿੱਖਿਆ ਵਿਭਾਗ ਨੇ ਕਿਹਾ ਸੀ ਕਿ ਹਰ ਅਧਿਆਪਕ ਘੱਟੋ ਘੱਟ ਇਕ ਅਜਿਹੇ ਅਨਪੜ੍ਹ ਨੂੰ ਅਡਾਪਟ ਕਰੇਗਾ। ਇਸ ਲਈ ਗਿਣਤੀ ਦੇ ਅਧਿਆਪਕ ਹੀ ਅੱਗੇ ਆਏ ਸਨ ਪਰ ਡਾਇਰੈਕਟਰ ਨੇ ਅੱਜ ਸਪਸ਼ਟ ਕੀਤਾ ਕਿ ਅਡਲਟ ਐਜੂਕੇਸ਼ਨ ਦੇ ਹਰ ਅਧਿਆਪਕ ਨੂੰ ਇਕ ਬਾਲਗ ਅਨਪੜ੍ਹ ਨੂੰ ਅਡਾਪਟ ਕਰਨਾ ਪਵੇਗਾ ਤੇ ਜੇ ਉਹ ਅਡਾਪਟ ਨਹੀਂ ਕਰਨਗੇ ਤਾਂ ਉਨ੍ਹਾਂ ਦੇ ਪੈਰੀਫੇਰੀ ਦੇ ਸਕੂਲਾਂ ਵਿਚ ਤਬਾਦਲੇ ਕੀਤੇ ਜਾਣਗੇ ਤੇ ਇਨ੍ਹਾਂ ਅਧਿਆਪਕਾਂ ਦੀ ਸ਼ਾਮ ਦੇ ਸੈਸ਼ਨ ਵਿੱਚ ਪੜ੍ਹਾਉਣ ਲਈ ਸਿਫਾਰਸ਼ ਕੀਤੀ ਜਾਵੇਗੀ।