ਵਣ ਮੁਲਾਜ਼ਮਾਂ ਵੱਲੋਂ ਸਰਕਾਰ ਖ਼ਿਲਾਫ਼ ਮੁਜ਼ਾਹਰਾ
ਪਟਿਆਲਾ, 20 ਮਈ
ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਨੇ ਪੰਜਾਬ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਮੰਡੌਲੀ, ਸੂਬਾ ਜਨਰਲ ਸਕੱਤਰ ਵੀਰਪਾਲ ਸਿੰਘ ਲੂੰਬਾ, ਮੀਤ ਪ੍ਰਧਾਨ ਮੇਜਰ ਸਿੰਘ ਬਹੇੜ ਤੇ ਮਨਤੇਜ ਸਿੰਘ ਦੀ ਅਗਵਾਈ ਹੇਠ ਬਾਰਾਂਦਰੀ ਗਾਰਡਨ ਪਾਰਕ ਵਿੱਚ ਜੰਗਲਾਤ ਮਹਿਕਮੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਮੀਟਿੰਗ ਕਰ ਕੇ ਪੰਜਾਬ ਸਰਕਾਰ ਨੂੰ ਕਿਹਾ ਕਿ ਉਹ ਜੰਗਲਾਤ ਕਾਮਿਆਂ ਦੀਆਂ ਮੰਗਾਂ ਮੰਨੇ ਨਹੀਂ ਤਾਂ ਉਹ ਸੰਘਰਸ਼ ਦੇ ਰਾਹ ਪੈਣਗੇ।
ਪ੍ਰਦਰਸ਼ਨ ਕਰਕੇ ਵਣ ਕਾਮਿਆਂ ਨੇ ਪੰਜਾਬ ਸਰਕਾਰ ਤੇ ਜੰਗਲਾਤ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਆਗੂਆਂ ਨੇ ਕਿਹਾ ਕਿ ਵਣ ਕਿਰਤੀ ਕਾਮਿਆਂ ਦੀਆਂ ਲੰਮੇ ਸਮੇਂ ਤੋਂ ਰੁਕੀਆਂ ਤਨਖ਼ਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਤੇ 10 ਸਾਲਾਂ ਦੀ ਸੇਵਾਵਾਂ ਪੂਰੀ ਕਰ ਚੁੱਕੇ ਵਰਕਰਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ, ਜਿਸ ਕਰਕੇ ਵਣ ਕਾਮਿਆਂ ਵਿਚ ਰੋਸ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਸਿਰਫ਼ ਇਸ਼ਤਿਹਾਰਬਾਜ਼ੀ ਤੱਕ ਸੀਮਤ ਹੈ। ਅਜੇ ਤੱਕ ਸਰਕਾਰ ਨੇ ਇੱਕ ਵੀ ਕਾਮਾ ਪੱਕਾ ਨਹੀਂ ਕੀਤਾ ਅਤੇ ਨਾ ਹੀ ਪਿਛਲੇ ਤਿੰਨ ਚਾਰ ਮਹੀਨਿਆਂ ਤੋਂ ਕਿਰਤੀ ਕਾਮਿਆਂ ਨੂੰ ਤਨਖ਼ਾਹ ਸਹੀ ਸਮੇਂ ਦਿੱਤੀਆਂ ਹਨ ਜਿਸ ਕਰਕੇ ਕਿਰਤੀ ਲੋਕਾਂ ਨੂੰ ਆਪਣੇ ਘਰਾਂ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ। ਇਸ ਮੌਕੇ ਹਰਦੀਪ ਸਿੰਘ ਸਰਹਿੰਦ, ਕੁਲਵਿੰਦਰ ਸਿੰਘ ਰਾਜਪੁਰਾ, ਕੁਲਵੰਤ ਸਿੰਘ ਨਾਭਾ, ਲਾਜੋ ਸਮਾਣਾ, ਪਰਮਜੀਤ ਕੌਰ ਤੇ ਹਰਚਰਨ ਸਿੰਘ ਆਦਿ ਹਾਜ਼ਰ ਸਨ।